1 ਹੇ ਮੇਰੇ ਪੁੱਤਰ, ਜੇ ਤੁਸੀਂ ਆਪਣੇ ਗੁਆਂਢੀ ਲਈ ਸੁਰੱਖਿਆ ਰੱਖੀ ਹੈ,
ਜੇ ਤੁਸੀਂ ਕਿਸੇ ਅਜਨਬੀ ਦੇ ਲਈ ਹੱਥ ਮਿਲਾਇਆ ਹੈ,
2 ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ,
ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ।
3 ਸੋ ਹੇ ਮੇਰੇ ਪੁੱਤਰ, ਆਪਣੇ ਆਪ ਨੂੰ ਛੁਡਾਉਣ ਲਈ ਇਹ ਕਰ,
ਕਿਉਂਕਿ ਤੁਸੀਂ ਆਪਣੇ ਗੁਆਂਢੀ ਦੇ ਹੱਥ ਵਿੱਚ ਆ ਗਏ ਹੋ,
ਹੁਣ ਤੂੰ ਆਪਣੇ ਗੁਆਂਢੀ ਦੇ ਘਰ ਚਲਾ ਜਾ,
ਅਤੇ ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ!
4 ਨਾ ਆਪਣੀਆਂ ਅੱਖਾਂ ਵਿੱਚ ਨੀਂਦ ਨਾ ਆਉਣ ਦੇ,
ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ।
5 ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ,
ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।
6 ਹੇ ਆਲਸੀ, ਕੀੜੀ ਕੋਲ ਜਾ।
ਉਸਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ!
7 ਜਿਸ ਦਾ ਨਾ ਕੋਈ ਸੈਨਾਪਤੀ ਹੈ,
ਨਾ ਕੋਈ ਨਿਗਾਹਬਾਨ ਅਤੇ ਨਾ ਕੋਈ ਹਾਕਮ,
8 ਤਾਂ ਵੀ ਇਹ ਗਰਮੀਆਂ ਵਿੱਚ ਆਪਣਾ ਭੋਜਨ ਸੰਭਾਲਦੀ ਹੈ
ਅਤੇ ਵਾਢੀ ਵੇਲੇ ਆਪਣਾ ਭੋਜਨ ਇਕੱਠਾ ਕਰਦੀ ਹੈ।
9 ਹੇ ਆਲਸੀ, ਤੂੰ ਕਦੋਂ ਤੱਕ ਇੱਦਾ ਲੇਟਿਆ ਰਹੇਗਾ?
ਤੂੰ ਕਦੋਂ ਆਪਣੀ ਨੀਂਦ ਤੋਂ ਉੱਠੋਗੇ?
10 ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ,
ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ।
11 ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆਵੇਗੀ
ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।
12 ਨਿਕੰਮਾ ਆਦਮੀ ਅਤੇ ਬੁਰਾ ਮਨੁੱਖ,
ਜੋ ਭ੍ਰਿਸ਼ਟ ਮੂੰਹ ਨਾਲ ਘੁੰਮਦਾ ਹੈ,
13 ਜੋ ਆਪਣੀ ਅੱਖ ਨਾਲ ਬਦਨੀਤੀ ਕਰਦਾ ਹੈ,
ਆਪਣੇ ਪੈਰਾਂ ਨਾਲ ਸੰਕੇਤ ਕਰਦਾ ਹੈ
ਅਤੇ ਆਪਣੀਆਂ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ,
14 ਜਿਹੜਾ ਆਪਣੇ ਮਨ ਵਿੱਚ ਛਲ ਨਾਲ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ,
ਉਹ ਸਦਾ ਝਗੜੇ ਪਾਉਂਦਾ ਹੈ।
15 ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ,
ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।
16 ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ,
ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:
17 ਹੰਕਾਰੀ ਅੱਖਾਂ,
ਝੂਠ ਬੋਲਣ ਵਾਲੀ ਜੀਭ,
ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।
18 ਇੱਕ ਦਿਲ ਜੋ ਬੁਰੀਆ ਯੋਜਨਾਵਾਂ ਘੜਦਾ ਹੈ,
ਪੈਰ ਜੋ ਬਦੀ ਵਿੱਚ ਕਾਹਲੀ ਕਰਦਾ ਹੈ,
19 ਇੱਕ ਝੂਠਾ ਗਵਾਹ ਜੋ ਝੂਠ ਬੋਲਦਾ ਹੈ,
ਅਤੇ ਸਮਾਜ ਵਿੱਚ ਝਗੜਾ ਪਾਉਣ ਵਾਲਾ।
20 ਹੇ ਮੇਰੇ ਪੁੱਤਰ, ਆਪਣੇ ਪਿਤਾ ਦੇ ਹੁਕਮ ਦੀ ਪਾਲਨਾ ਕਰ,
ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।
21 ਉਹਨਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਬੰਨ੍ਹੀ ਰੱਖ;
ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ,
22 ਜਦੋਂ ਤੁਸੀਂ ਤੁਰੋਗੇ, ਉਹ ਤੁਹਾਡੀ ਅਗਵਾਈ ਕਰਨਗੀਆਂ;
ਜਦੋਂ ਤੁਸੀਂ ਸੌਂਓਗੇ, ਉਹ ਤੁਹਾਡੀ ਨਿਗਰਾਨੀ ਕਰਨਗੀਆਂ;
ਜਦੋਂ ਤੁਸੀਂ ਜਾਗੋਗੇ, ਉਹ ਤੁਹਾਡੇ ਨਾਲ ਗੱਲ ਕਰਨਗੀਆਂ।
23 ਕਿਉਂਕਿ ਹੁਕਮ ਇੱਕ ਦੀਵਾ ਹੈ,
ਇਹ ਸਿੱਖਿਆ ਇੱਕ ਚਾਨਣ ਹੈ,
ਤਾੜਨਾ ਅਤੇ ਸਿੱਖਿਆ
ਜੀਵਨ ਦਾ ਰਾਹ ਹੈ,
24 ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ ਤੋਂ,
ਇੱਕ ਭੈੜੀ ਔਰਤ ਦੀਆ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਵੇ।
25 ਉਹ ਦੀ ਸੁੰਦਰਤਾ ਲਈ ਆਪਣੇ ਮਨ ਵਿੱਚ ਲਾਲਸਾ ਨਾ ਕਰ,
ਨਾ ਉਹ ਤੈਨੂੰ ਆਪਣੀਆਂ ਅੱਖਾਂ ਨਾਲ ਮੋਹ ਲੈ ਲਵੇ।
26 ਕਿਉਂਕਿ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ,
ਅਤੇ ਪਰਾਈ ਔਰਤ ਅਨਮੋਲ ਜੀਵਨ ਦਾ ਸ਼ਿਕਾਰ ਲੈਂਦੀ ਹੈ।
27 ਕੀ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਲਵੇ,
ਤੇ ਉਸਦੇ ਕੱਪੜੇ ਨਾ ਸੜਨਗੇ?
28 ਕੀ ਕੋਈ ਮਨੁੱਖ ਕੋਲਿਆ ਉੱਤੇ ਚੱਲ ਸਕਦਾ ਹੈ,
ਅਤੇ ਉਸਦੇ ਪੈਰ ਨਾ ਝੁਲਸਣਗੇ?
29 ਇਸੇ ਤਰ੍ਹਾਂ ਉਹ ਹੈ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ ਹੈ,
ਕੋਈ ਵੀ ਜੋ ਉਸ ਨੂੰ ਛੂਹਦਾ ਹੈ ਉਹ ਸਜ਼ਾ ਤੋਂ ਨਹੀਂ ਬਚੇਗਾ।
30 ਲੋਕ ਇੱਕ ਚੋਰ ਨੂੰ ਤੁੱਛ ਨਹੀਂ ਸਮਝਦੇ,
ਜੋ ਉਹ ਭੁੱਖੇ ਮਰਨ ਵੇਲੇ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।
31 ਫਿਰ ਵੀ ਜੇ ਉਹ ਫੜਿਆ ਜਾਂਦਾ ਹੈ, ਤਾਂ ਉਸ ਨੂੰ ਸੱਤ ਗੁਣਾ ਦੇਣਾ ਪਵੇਗਾ,
ਭਾਵੇਂ ਇਸ ਲਈ ਉਸ ਦੇ ਘਰ ਦੀ ਸਾਰੀ ਦੌਲਤ ਉਸ ਨੂੰ ਦੇਣੀ ਪਵੇ।
32 ਪਰ ਵਿਭਚਾਰ ਕਰਨ ਵਾਲੇ ਨੂੰ ਕੋਈ ਸਮਝ ਨਹੀਂ ਹੈ,
ਜਿਹੜਾ ਅਜਿਹਾ ਕਰਦਾ ਹੈ ਉਹ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
33 ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੈ,
ਉਸਦੀ ਬਦਨਾਮੀ ਕਦੇ ਨਾ ਮਿਟੇਗੀ।
34 ਕਿਉਂਕਿ ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ,
ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।
35 ਉਹ ਕੋਈ ਮੁਆਵਜ਼ਾ ਸਵੀਕਾਰ ਨਹੀਂ ਕਰੇਗਾ;
ਉਹ ਰਿਸ਼ਵਤ ਤੋਂ ਇਨਕਾਰ ਕਰੇਗਾ, ਭਾਵੇਂ ਇਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ।