1 ਕੀ ਬੁੱਧ ਨਹੀਂ ਪੁਕਾਰਦੀ ਹੈ?
ਕੀ ਸਮਝ ਆਵਾਜ਼ ਨਹੀਂ ਉਠਾਉਂਦੀ?
2 ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ,
ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।
3 ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ,
ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:
4 "ਹੇ ਲੋਕੋ, ਮੈਂ ਤੁਹਾਨੂੰ ਪੁਕਾਰਦੀ ਹਾਂ,
ਮੈਂ ਸਾਰੀ ਮਨੁੱਖਜਾਤੀ ਲਈ ਆਪਣੀ ਆਵਾਜ਼ ਉਠਾਉਂਦੀ ਹਾਂ।
5 ਹੇ ਭੋਲਿਓ, ਹੁਸ਼ਿਆਰੀ ਸਿੱਖੋ
ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
6 ਸੁਣੋ, ਮੇਰੇ ਕੋਲ ਕਹਿਣ ਲਈ ਭਰੋਸੇਯੋਗ ਗੱਲਾਂ ਹਨ,
ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁੱਲ੍ਹਣਗੇ।
7 ਮੇਰਾ ਮੂੰਹ ਸੱਚ ਬੋਲਦਾ ਹੈ,
ਕਿਉਂ ਜੋ ਮੇਰੇ ਬੁੱਲ ਬੁਰਿਆਈ ਤੋਂ ਘਿਣ ਕਰਦੇ ਹਨ।
8 ਮੇਰੇ ਮੂੰਹ ਦੇ ਸਾਰੇ ਸ਼ਬਦ ਧਰਮ ਦੇ ਹਨ,
ਉਹਨਾਂ ਵਿੱਚੋਂ ਕੋਈ ਵੀ ਵਿੰਗਾ ਟੇਡਾ ਨਹੀਂ ਹੈ।
9 ਸਮਝਦਾਰ ਲਈ ਉਹ ਸਾਰੇ ਸਹੀ ਹਨ,
ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
10 ਚਾਂਦੀ ਦੇ ਬਜਾਏ ਮੇਰੀ ਸਿੱਖਿਆ ਨੂੰ,
ਸੋਨੇ ਦੇ ਬਜਾਏ ਮੇਰੇ ਗਿਆਨ ਨੂੰ ਚੁਣੋ,
11 ਕਿਉਂਕਿ ਬੁੱਧ ਹੀਰੇ ਮੋਤੀਆਂ ਨਾਲੋਂ ਵੱਧ ਕੀਮਤੀ ਹੈ,
ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਉਸ ਨਾਲ ਤੁਲਨਾ ਨਹੀਂ ਕਰ ਸਕਦੇ।
12 "ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ,
ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।
13 ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ,
ਮੈਂ ਘੁੰਮਡ, ਹੰਕਾਰ,
ਭੈੜੇ ਵਿਹਾਰ ਅਤੇ ਭੈੜੀ ਚਾਲ ਨੂੰ ਨਫ਼ਰਤ ਕਰਦੀ ਹੈ।
14 ਸਲਾਹ ਅਤੇ ਸਹੀ ਨਿਆਂ ਮੇਰਾ ਹੈ,
ਮੇਰੇ ਕੋਲ ਸੂਝ ਹੈ, ਮੇਰੇ ਕੋਲ ਸ਼ਕਤੀ ਹੈ।
15 ਮੇਰੇ ਦੁਆਰਾ ਰਾਜੇ ਰਾਜ ਕਰਦੇ ਹਨ,
ਅਤੇ ਧਰਮੀ ਹਾਕਮ ਫ਼ਰਮਾਨ ਜਾਰੀ ਕਰਦੇ ਹਨ।
16 ਮੇਰੇ ਦੁਆਰਾ ਰਾਜਕੁਮਾਰ,
ਅਤੇ ਪਤਵੰਤੇ ਸਾਰੇ ਜੋ ਧਰਤੀ ਉੱਤੇ ਰਾਜ ਕਰਦੇ ਹਨ।
17 ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ,
ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।
18 ਮੇਰੇ ਕੋਲ ਦੌਲਤ ਅਤੇ ਇੱਜ਼ਤ ਹਨ,
ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਲਈ ਹੈ।
19 ਮੇਰਾ ਫਲ ਵਧੀਆ ਸੋਨੇ ਨਾਲੋਂ ਚੰਗਾ ਹੈ,
ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।
20 ਮੈਂ ਧਰਮ ਦੇ ਮਾਰਗ ਉੱਤੇ,
ਨਿਆਂ ਦੇ ਰਾਹਾਂ ਉੱਤੇ ਚੱਲਦੀ ਹਾਂ,
21 ਮੈਂ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂਗੀ
ਤਾਂ ਜੋ ਉਹਨਾਂ ਦੇ ਖ਼ਜ਼ਾਨੇ ਭਰੇ ਰਹਿਣ।
22 "ਯਾਹਵੇਹ ਨੇ ਆਪਣੇ ਕੰਮ ਦੇ ਅਰੰਭ ਵਿੱਚ,
ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
23 ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ,
ਮੁੱਢੋਂ ਹੀ ਮੈਂ ਠਹਿਰਾਈ ਗਈ।
24 ਜਿਸ ਵੇਲੇ ਪਾਣੀ ਦੀ ਡੂੰਘਾਈ ਨਹੀਂ ਸੀ, ਜਦੋਂ ਵਗਦੇ ਸੋਤੇ ਨਹੀਂ ਸਨ,
ਤਦ ਮੇਰਾ ਜਨਮ ਹੋਇਆ।
25 ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ
ਮੈਨੂੰ ਜਨਮ ਦਿੱਤਾ ਗਿਆ,
26 ਇਸ ਤੋਂ ਪਹਿਲਾਂ ਕਿ ਉਸ ਨੇ ਸੰਸਾਰ ਨੂੰ ਜਾਂ ਇਸ ਦੇ ਖੇਤਾਂ ਨੂੰ ਬਣਾਇਆ
ਜਾਂ ਧਰਤੀ ਦੀ ਧੂੜ ਵਿੱਚੋਂ ਕੋਈ ਵੀ।
27 ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ,
ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,
28 ਜਦੋਂ ਉਸਨੇ ਬੱਦਲਾਂ ਨੂੰ ਉੱਪਰ ਸਥਾਪਤ ਕੀਤਾ,
ਅਤੇ ਡੂੰਘਿਆਈ ਦੇ ਚਸ਼ਮੇ ਬਣਾਏ।
29 ਜਦੋਂ ਉਸਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ,
ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ,
ਅਤੇ ਜਦੋਂ ਉਸਨੇ ਧਰਤੀ ਦੀਆਂ ਨੀਂਹਾਂ ਨੂੰ ਸਥਾਪਤ ਕੀਤਾ।
30 ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ,
ਮੈਂ ਹਰ ਰੋਜ਼ ਉਸ ਦਾ ਅਨੰਦ ਸੀ,
ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,
31 ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ,
ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।
32 "ਹੁਣ ਹੇ ਮੇਰੇ ਬੱਚਿਓ, ਮੇਰੀ ਗੱਲ ਸੁਣੋ,
ਮੁਬਾਰਕ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
33 ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ,
ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।
34 ਮੁਬਾਰਕ ਹਨ ਉਹ ਜਿਹੜੇ ਮੇਰੀ ਸੁਣਦੇ ਹਨ,
ਮੇਰੇ ਦਰਵਾਜ਼ੇ ਉੱਤੇ ਨਿੱਤ ਵੇਖਦੇ ਹਨ,
ਮੇਰੇ ਦਰਵਾਜ਼ੇ ਦੀ ਉਡੀਕ ਕਰਦੇ ਹਨ।
35 ਕਿਉਂਕਿ ਜਿਹੜੇ ਮੈਨੂੰ ਲੱਭਦੇ ਹਨ
ਜੀਵਨ ਪਾਉਂਦੇ ਹਨ ਅਤੇ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ।
36 ਪਰ ਜਿਹੜੇ ਮੈਨੂੰ ਨਹੀਂ ਲੱਭਦੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਉਹ ਸਾਰੇ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ ਮੌਤ ਨੂੰ ਪਿਆਰ ਕਰਦੇ ਹਨ।"