Publicidade

Provérbios 26

1 ਜਿਵੇਂ ਗਰਮੀਆਂ ਵਿੱਚ ਬਰਫ਼ ਅਤੇ ਵਾਢੀ ਵਿੱਚ ਮੀਂਹ,

ਤਿਵੇਂ ਮੂਰਖ ਲਈ ਇੱਜ਼ਤ ਠੀਕ ਨਹੀਂ ਹੈ।

2 ਉੱਡਦੀ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ,

ਉਸੇ ਤਰ੍ਹਾਂ ਆਪਣੇ ਆਪ ਸਰਾਪ ਨਹੀਂ ਪੈਦਾ।

3 ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ,

ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

4 ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ,

ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

5 ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ,

ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

6 ਮੂਰਖ ਦੇ ਹੱਥੋਂ ਸੁਨੇਹਾ ਭੇਜਣਾ,

ਆਪਣੇ ਪੈਰ ਵੱਢਣ ਜਾਂ ਜ਼ਹਿਰ ਪੀਣ ਦੇ ਬਰਾਬਰ ਹੈ।

7 ਲੰਗੜੇ ਦੀਆਂ ਬੇਕਾਰ ਲੱਤਾਂ ਵਾਂਗ

ਮੂਰਖ ਦੇ ਮੂੰਹ ਵਿੱਚ ਕਹਾਵਤ ਹੈ।

8 ਜਿਵੇਂ ਇੱਕ ਪੱਥਰ ਨੂੰ ਗੁਲੇਲ ਵਿੱਚ ਬੰਨ੍ਹਣਾ

ਇੱਕ ਮੂਰਖ ਨੂੰ ਸਨਮਾਨ ਦੇਣਾ ਹੈ।

9 ਸ਼ਰਾਬੀ ਦੇ ਹੱਥ ਵਿੱਚ ਝਾੜੀ ਵਾਂਗ

ਮੂਰਖ ਦੇ ਮੂੰਹ ਵਿੱਚ ਇੱਕ ਕਹਾਵਤ ਹੈ।

10 ਇੱਕ ਤੀਰ-ਅੰਦਾਜ਼ ਵਾਂਗ ਜੋ ਬੇਤਰਤੀਬ ਨਾਲ ਜ਼ਖਮ ਕਰਦਾ ਹੈ,

ਉਹ ਹੈ ਜੋ ਕਿਸੇ ਮੂਰਖ ਜਾਂ ਕਿਸੇ ਰਾਹਗੀਰ ਨੂੰ ਕਿਰਾਏ ਉੱਤੇ ਲੈਂਦਾ ਹੈ।

11 ਜਿਵੇਂ ਇੱਕ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ,

ਉਸੇ ਤਰ੍ਹਾਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦੇ ਹਨ।

12 ਕੀ ਤੁਸੀਂ ਇੱਕ ਮਨੁੱਖ ਨੂੰ ਵੇਖਦੇ ਹੋ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ?

ਉਹਨਾਂ ਦੇ ਨਾਲੋਂ ਮੂਰਖਾਂ ਨੂੰ ਵੱਧ ਆਸ ਹੈ।

13 ਇੱਕ ਆਲਸੀ ਆਖਦਾ ਹੈ, ਰਾਹ ਵਿੱਚ ਇੱਕ ਸ਼ੇਰ ਹੈ,

ਇੱਕ ਭਿਆਨਕ ਸ਼ੇਰ ਸੜਕਾਂ ਵਿੱਚ ਘੁੰਮ ਰਿਹਾ ਹੈ!

14 ਜਿਵੇਂ ਇੱਕ ਦਰਵਾਜ਼ਾ ਆਪਣੇ ਕਬਜ਼ੇ ਉੱਤੇ ਮੁੜਦਾ ਹੈ,

ਤਿਵੇਂ ਇੱਕ ਆਲਸੀ ਆਪਣੇ ਬਿਸਤਰੇ ਉੱਤੇ ਮੁੜਦਾ ਹੈ।

15 ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ,

ਉਹ ਇਸਨੂੰ ਆਪਣੇ ਮੂੰਹ ਵਿੱਚ ਵਾਪਸ ਲਿਆਉਣ ਲਈ ਬਹੁਤ ਆਲਸੀ ਹੈ।

16 ਇੱਕ ਆਲਸੀ ਆਪਣੀ ਨਿਗਾਹ ਵਿੱਚ

ਉਹਨਾਂ ਸੱਤਾਂ ਲੋਕਾਂ ਨਾਲੋਂ ਵੱਧ ਬੁੱਧਵਾਨ ਸਮਝਦਾ ਹੈ, ਜੋ ਸਮਝਦਾਰੀ ਨਾਲ ਉੱਤਰ ਦਿੰਦੇ ਹਨ।

17 ਜਿਹੜਾ ਅਵਾਰਾ ਕੁੱਤੇ ਨੂੰ ਕੰਨ ਤੋਂ ਫੜ ਲੈਂਦਾ ਹੈ,

ਉਹ ਉਸ ਵਰਗਾ ਹੈ ਜੋ ਆਪਣੇ ਨਹੀਂ ਸਗੋਂ ਦੂਸਰਿਆ ਦੇ ਝਗੜੇ ਵਿੱਚ ਪੈਰ ਅੜਾਉਦਾ ਹੈ।

18 ਇੱਕ ਪਾਗਲ ਵਾਂਗ

ਮੌਤ ਦੇ ਬਲਦੇ ਤੀਰ ਸੁੱਟਦਾ ਹੈ,

19 ਉਹ ਹੈ ਜੋ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ,

"ਮੈਂ ਤਾਂ ਮਜ਼ਾਕ ਕਰ ਰਿਹਾ ਸੀ।"

20 ਲੱਕੜ ਤੋਂ ਬਿਨਾਂ ਅੱਗ ਬੁਝਦੀ ਜਾਂਦੀ ਹੈ,

ਜਿੱਥੇ ਚੁਗ਼ਲੀ ਨਹੀਂ ਉੱਥੇ ਝਗੜਾ ਮਰ ਜਾਂਦਾ ਹੈ।

21 ਜਿਵੇਂ ਅੰਗਿਆਰਿਆਂ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜ,

ਤਿਵੇਂ ਹੀ ਝਗੜਾ ਕਰਨ ਵਾਲਾ ਮਨੁੱਖ ਹੈ।

22 ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ,

ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

23 ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦੇ ਕੂਲੇ ਦੀ ਪਰਤ

ਤਿਵੇਂ ਹੀ ਦੁਸ਼ਟ ਦਿਲ ਵਾਲੇ ਬੁੱਲ੍ਹ ਹਨ।

24 ਵੈਰੀ ਆਪਣੇ ਬੁੱਲ੍ਹਾਂ ਨਾਲ ਆਪਣਾ ਭੇਸ ਧਾਰ ਲੈਂਦੇ ਹਨ,

ਪਰ ਆਪਣੇ ਮਨ ਵਿੱਚ ਛਲ ਪਾਉਂਦੇ ਹਨ।

25 ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ,

ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।

26 ਭਾਵੇਂ ਉਹਨਾਂ ਦੀ ਦੁਸ਼ਟਤਾ ਛਲ ਨਾਲ ਛੁਪਾਈ ਜਾ ਸਕੇ,

ਪਰ ਸਭਾ ਵਿੱਚ ਉਹਨਾਂ ਦੀ ਬਦੀ ਪਰਗਟ ਹੋ ਜਾਵੇਗੀ।

27 ਜੋ ਕੋਈ ਟੋਆ ਪੁੱਟਦਾ ਹੈ ਉਹ ਆਪ ਹੀ ਉਸ ਵਿੱਚ ਡਿੱਗੇਗਾ,

ਜੇ ਕੋਈ ਪੱਥਰ ਨੂੰ ਰੇੜਦਾ ਹੈ, ਤਾਂ ਉਹ ਉਸ ਵੱਲ ਮੁੜ ਆਵੇਗਾ।

28 ਝੂਠ ਬੋਲਣ ਵਾਲੀ ਜੀਭ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਹੈ ਜੋ ਉਸਨੂੰ ਦੁੱਖ ਦਿੰਦੇ ਹਨ,

ਅਤੇ ਚਾਪਲੂਸੀ ਕਰਨ ਵਾਲਾ ਮੂੰਹ ਵਿਨਾਸ਼ ਦਾ ਕੰਮ ਕਰਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-