Publicidade

Provérbios 11

1 ਬੇਈਮਾਨ ਤੱਕੜੀ ਤੋਂ ਯਾਹਵੇਹ ਨਫ਼ਰਤ ਕਰਦਾ ਹੈ,

ਪਰ ਸਹੀ ਤੋਲ ਤੋਂ ਉਹ ਖੁਸ਼ ਹੁੰਦਾ ਹੈ।

2 ਜਦੋਂ ਹੰਕਾਰ ਆਉਂਦਾ ਹੈ ਤਾਂ ਨਿਰਾਦਰ ਆਉਂਦਾ ਹੈ,

ਪਰ ਨਿਮਰਤਾ ਨਾਲ ਬੁੱਧ ਆਉਂਦੀ ਹੈ।

3 ਸਚਿਆਰਾਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰਦੀ ਹੈ,

ਪਰ ਬੇਵਫ਼ਾ ਆਪਣੀ ਟੇਢੀ ਚਾਲ ਨਾਲ ਤਬਾਹ ਹੋ ਜਾਂਦੇ ਹਨ।

4 ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ,

ਪਰ ਧਰਮ ਮੌਤ ਤੋਂ ਬਚਾਉਂਦਾ ਹੈ।

5 ਨਿਰਦੋਸ਼ਾਂ ਦੀ ਧਾਰਮਿਕਤਾ ਉਹਨਾਂ ਦੇ ਰਾਹਾਂ ਨੂੰ ਸਿੱਧਾ ਕਰਦੀ ਹੈ,

ਪਰ ਦੁਸ਼ਟ ਆਪਣੀ ਹੀ ਬੁਰਿਆਈ ਨਾਲ ਨੀਵੇਂ ਹੁੰਦੇ ਹਨ।

6 ਸਚਿਆਰਾਂ ਦੀ ਧਾਰਮਿਕਤਾ ਉਹਨਾਂ ਨੂੰ ਛੁਡਾਉਂਦੀ ਹੈ,

ਪਰ ਬੇਵਫ਼ਾ ਆਪਣੀਆਂ ਬੁਰੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ।

7 ਜਦ ਦੁਸ਼ਟ ਮਰਦਾ ਹੈ ਤਾਂ ਉਸਦੀ ਆਸ ਵੀ ਮਿਟ ਜਾਂਦੀ ਹੈ,

ਉਹਨਾਂ ਦੀ ਸ਼ਕਤੀ ਦੇ ਸਾਰੇ ਵਾਅਦੇ ਵਿਅਰਥ ਜਾਂਦੇ ਹਨ।

8 ਧਰਮੀ ਨੂੰ ਮੁਸੀਬਤ ਤੋਂ ਬਚਾਇਆ ਜਾਂਦਾ ਹੈ,

ਪਰ ਦੁਸ਼ਟ ਉਸੇ ਵਿੱਚ ਫਸ ਜਾਂਦਾ ਹੈ।

9 ਅਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀਆਂ ਦਾ ਨਾਸ ਕਰਦੇ ਹਨ,

ਪਰ ਧਰਮੀ ਗਿਆਨ ਦੇ ਰਾਹੀਂ ਬਚ ਜਾਂਦੇ ਹਨ।

10 ਜਦੋਂ ਧਰਮੀ ਖੁਸ਼ਹਾਲ ਹੁੰਦੇ ਹਨ ਤਾਂ ਸ਼ਹਿਰ ਖੁਸ਼ ਹੁੰਦਾ ਹੈ,

ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ ਤਾਂ ਜੈਕਾਰੇ ਗਜਦੇ ਹਨ।

11 ਨੇਕ ਦੀ ਬਰਕਤ ਨਾਲ ਸ਼ਹਿਰ ਉੱਚਾ ਹੁੰਦਾ ਹੈ,

ਪਰ ਦੁਸ਼ਟ ਦੇ ਮੂੰਹ ਨਾਲ ਉਹ ਨਾਸ ਹੋ ਜਾਂਦਾ ਹੈ।

12 ਜਿਹੜਾ ਆਪਣੇ ਗੁਆਂਢੀ ਦਾ ਮਜ਼ਾਕ ਉਡਾਵੇ ਉਸ ਨੂੰ ਕੋਈ ਸਮਝ ਨਹੀਂ,

ਪਰ ਸਮਝ ਵਾਲਾ ਆਪਣੀ ਜ਼ਬਾਨ ਨੂੰ ਫੜੀ ਰੱਖਦਾ ਹੈ।

13 ਇੱਕ ਚੁਗ਼ਲੀ ਕਰਨ ਵਾਲਾ ਮਨੁੱਖ ਦੂਸਰਿਆ ਦੀਆ ਗੱਲਾਂ ਪ੍ਰਗਟ ਕਰਦਾ ਹੈ,

ਪਰ ਇੱਕ ਭਰੋਸੇਯੋਗ ਵਿਅਕਤੀ ਗੁਪਤ ਰੱਖਦਾ ਹੈ।

14 ਅਗਵਾਈ ਦੀ ਘਾਟ ਕਾਰਨ ਕੌਮ ਡਿੱਗਦੀ ਹੈ,

ਪਰ ਜਿੱਤ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤੀ ਜਾਂਦੀ ਹੈ।

15 ਜੋ ਕੋਈ ਪਰਾਏ ਦੀ ਰਾਖੀ ਕਰਦਾ ਹੈ ਉਹ ਜ਼ਰੂਰ ਦੁਖੀ ਹੋਵੇਗਾ,

ਪਰ ਜੋ ਕੋਈ ਹੱਥ ਮਿਲਾਉਣ ਤੋਂ ਇਨਕਾਰ ਕਰਦਾ ਹੈ ਸੁਰੱਖਿਅਤ ਹੈ।

16 ਇੱਕ ਦਿਆਲੂ ਔਰਤ ਇੱਜ਼ਤ ਪ੍ਰਾਪਤ ਕਰਦੀ ਹੈ,

ਪਰ ਬੇਰਹਿਮ ਆਦਮੀ ਸਿਰਫ ਧਨ ਕਮਾਉਂਦੇ ਹਨ।

17 ਦਿਆਲੂ ਆਪਣੇ ਆਪ ਨੂੰ ਲਾਭ ਪਹੁੰਚਾਉਂਦੇ ਹਨ,

ਪਰ ਜ਼ਾਲਮ ਆਪਣੇ ਲਈ ਤਬਾਹੀ ਲਿਆਉਂਦੇ ਹਨ।

18 ਇੱਕ ਦੁਸ਼ਟ ਵਿਅਕਤੀ ਧੋਖੇ ਨਾਲ ਮਜ਼ਦੂਰੀ ਕਮਾਉਂਦਾ ਹੈ,

ਪਰ ਜਿਹੜਾ ਧਰਮ ਬੀਜਦਾ ਹੈ ਉਸ ਨੂੰ ਸੱਚ ਦਾ ਫਲ ਮਿਲਦਾ ਹੈ।

19 ਸੱਚ-ਮੁੱਚ ਧਰਮੀ ਜੀਵਨ ਨੂੰ ਪ੍ਰਾਪਤ ਕਰਦਾ ਹੈ,

ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਮੌਤ ਪਾ ਲੈਂਦਾ ਹੈ।

20 ਯਾਹਵੇਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦੇ ਦਿਲ ਕੂੜੇ ਹਨ,

ਪਰ ਉਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਦੇ ਰਾਹ ਸਹੀ ਹਨ।

21 ਇਸ ਗੱਲ ਦਾ ਯਕੀਨ ਰੱਖੋ ਕਿ ਦੁਸ਼ਟ ਸਜ਼ਾ ਤੋਂ ਮੁਕਤ ਨਹੀਂ ਹੋਣਗੇ,

ਪਰ ਧਰਮੀ ਅਜ਼ਾਦ ਹੋ ਜਾਣਗੇ।

22 ਜਿਵੇਂ ਕਿ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ ਹੁੰਦੀ ਹੈ

ਉਸੇ ਤਰ੍ਹਾਂ ਇੱਕ ਸੁੰਦਰ ਔਰਤ ਹੈ ਜੋ ਕੋਈ ਸਮਝਦਾਰੀ ਨਹੀਂ ਦਿਖਾਉਂਦੀ।

23 ਧਰਮੀ ਦੀ ਇੱਛਾ ਸਿਰਫ ਭਲਿਆਈ ਵਿੱਚ ਹੀ ਮੁੱਕਦੀ ਹੈ,

ਪਰ ਦੁਸ਼ਟ ਦੀ ਆਸ ਸਿਰਫ ਕ੍ਰੋਧ ਵਿੱਚ ਹੀ ਹੁੰਦੀ ਹੈ।

24 ਜੋ ਵੰਡਦਾ ਹੈ ਉਸਦਾ ਮਾਲ ਵੱਧਦਾ ਜਾਂਦਾ ਹੈ,

ਅਤੇ ਕੁਝ ਹਨ ਜੋ ਯੋਗ ਖਰਚ ਤੋਂ ਵੀ ਸਰਫਾ ਕਰਦਾ ਹੈ ਅਤੇ ਕੰਗਾਲ ਹੀ ਰਹਿੰਦਾ ਹੈ।

25 ਇੱਕ ਖੁੱਲ੍ਹੇ ਦਿਲ ਵਾਲਾ ਵਿਅਕਤੀ ਖੁਸ਼ਹਾਲ ਹੋਵੇਗਾ,

ਜੋ ਵੀ ਦੂਸਰਿਆ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ।

26 ਜੋ ਅਨਾਜ਼ ਦਬਾ ਕੇ ਰੱਖਦਾ ਹੈ ਲੋਕ ਉਸਨੂੰ ਸਰਾਪ ਦਿੰਦੇ ਹਨ,

ਪਰ ਜਿਹੜਾ ਵੇਚਣ ਨੂੰ ਤਿਆਰ ਹੈ, ਉਹ ਉਸ ਲਈ ਪਰਮੇਸ਼ਵਰ ਤੋਂ ਅਸੀਸ ਮੰਗਦੇ ਹਨ।

27 ਜਿਹੜਾ ਭਲਿਆਈ ਨੂੰ ਭਾਲਦਾ ਹੈ ਉਸਨੂੰ ਕਿਰਪਾ ਮਿਲਦੀ ਹੈ,

ਪਰ ਜਿਹੜਾ ਬੁਰਿਆਈ ਨੂੰ ਭਾਲਦਾ, ਉਹ ਉਸ ਉੱਤੇ ਆ ਪੈਂਦੀ ਹੈ।

28 ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਹਨ ਡਿੱਗ ਪੈਣਗੇ,

ਪਰ ਧਰਮੀ ਹਰੇ ਪੱਤੇ ਵਾਂਗ ਉੱਗਣਗੇ।

29 ਜੋ ਕੋਈ ਆਪਣੇ ਪਰਿਵਾਰ ਉੱਤੇ ਤਬਾਹੀ ਲਿਆਵੇ ਉਹ ਸਿਰਫ ਹਵਾ ਦਾ ਵਾਰਸ ਹੋਵੇਗਾ,

ਅਤੇ ਮੂਰਖ ਬੁੱਧਵਾਨ ਦਾ ਸੇਵਕ ਹੋਵੇਗਾ।

30 ਧਰਮੀ ਦਾ ਫਲ ਜੀਵਨ ਦਾ ਬਿਰਛ ਹੈ,

ਅਤੇ ਬੁੱਧਵਾਨ ਜਾਨ ਬਚਾਉਂਦਾ ਹੈ।

31 ਜੇਕਰ ਧਰਤੀ ਉੱਤੇ ਧਰਮੀ ਆਪਣਾ ਫਲ ਭੋਗਦੇ ਹਨ,

ਤਾਂ ਅਧਰਮੀ ਅਤੇ ਪਾਪੀ ਕਿੰਨੇ ਵਧੀਕ ਹਨ!

Veja também

Publicidade
Bíblia Online Bíblia Online

Bíblia Online • Versão: 2026-06-16_18-40-07-