Pular para o conteúdo
Publicidade

ਕਹਾਉਤਾਂ 5

ਵਿਭਚਾਰ ਦੇ ਵਿਰੁੱਧ ਚੇਤਾਵਨੀ

1 ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ,

ਮੇਰੀ ਸਮਝ ਦੀਆਂ ਗੱਲਾਂ ਵੱਲ ਕੰਨ ਲਾ,

2 ਤਾਂ ਜੋ ਤੁਸੀਂ ਸਮਝਦਾਰੀ ਨੂੰ ਕਾਇਮ ਰੱਖ ਸਕੋ

ਅਤੇ ਤੁਹਾਡੇ ਬੁੱਲ੍ਹ ਗਿਆਨ ਦੀ ਰੱਖਿਆ ਕਰ ਸਕਣ।

3 ਕਿਉਂ ਜੋ ਵਿਭਚਾਰੀ ਔਰਤ ਦੇ ਬੁੱਲ੍ਹਾਂ ਵਿੱਚੋਂ ਸ਼ਹਿਦ ਟਪਕਦਾ ਹੈ,

ਅਤੇ ਉਹ ਦੀ ਬੋਲੀ ਤੇਲ ਨਾਲੋਂ ਵੀ ਨਿਰਮਲ ਹੈ।

4 ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ,

ਅਤੇ ਦੋਧਾਰੀ ਤਲਵਾਰ ਵਰਗੀ ਤਿੱਖੀ ਹੁੰਦੀ ਹੈ।

5 ਉਹ ਦੇ ਪੈਰ ਮੌਤ ਵੱਲ ਚਲੇ ਜਾਂਦੇ ਹਨ,

ਉਸਦੇ ਕਦਮ ਸਿੱਧੇ ਕਬਰ ਵੱਲ ਜਾਂਦੇ ਹਨ।

6 ਉਹ ਜੀਵਨ ਦੇ ਰਾਹ ਦਾ ਕੋਈ ਖਿਆਲ ਨਹੀਂ ਰੱਖਦੀ।

ਉਸ ਦੇ ਰਾਹ ਬੇਖੌਫ਼ ਭਟਕਦੇ ਹਨ, ਪਰ ਉਹ ਇਸ ਨੂੰ ਨਹੀਂ ਜਾਣਦੀ।

7 ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ;

ਜੋ ਮੈਂ ਆਖਦਾ ਹਾਂ ਉਸ ਤੋਂ ਮੂੰਹ ਨਾ ਮੋੜੋ,

8 ਇਸ ਤਰ੍ਹਾਂ ਦੀ ਔਰਤ ਤੋਂ ਆਪਣਾ ਰਾਹ ਦੂਰ ਰੱਖੋ,

ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਵੋ,

9 ਅਜਿਹਾ ਨਾ ਹੋਵੇ ਕਿ ਤੁਸੀਂ ਦੂਜਿਆਂ ਦੇ ਅੱਗੇ ਆਪਣੀ ਇੱਜ਼ਤ ਗੁਆ ਬੈਠੋ,

ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇ,

10 ਅਜਿਹਾ ਨਾ ਹੋਵੇ ਕਿ ਪਰਾਏ ਤੁਹਾਡੀ ਮਿਹਨਤ ਖਾਣ,

ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ।

11 ਆਪਣੇ ਜੀਵਨ ਦੇ ਅੰਤ ਵਿੱਚ ਤੁਸੀਂ ਹਾਹੁਕਾ ਮਾਰੋਗੇ,

ਜਦੋਂ ਤੁਹਾਡਾ ਮਾਸ ਅਤੇ ਸਰੀਰ ਖਤਮ ਹੋ ਜਾਵੇਗਾ।

12 ਤੁਸੀਂ ਆਖੋਗੇ, "ਮੈਂ ਤਾੜਨਾ ਨੂੰ ਕਿੰਨਾ ਨਫ਼ਰਤ ਕਰਦਾ ਸੀ!

ਮੇਰੇ ਦਿਲ ਨੇ ਤਾੜਨਾ ਨੂੰ ਕਿਵੇਂ ਠੁਕਰਾ ਦਿੱਤਾ!

13 ਮੈਂ ਨਾ ਆਪਣੇ ਗੁਰੂਆਂ ਦੀ ਗੱਲ ਨਹੀਂ ਮੰਨੀ,

ਨਾ ਮੈਂ ਆਪਣੇ ਗੁਰੂਆਂ ਵੱਲ ਕੰਨ ਲਗਾਇਆ।

14 ਅਤੇ ਮੈਂ ਜਲਦੀ ਹੀ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ,

ਗੰਭੀਰ ਮੁਸੀਬਤ ਵਿੱਚ ਪੈ ਗਿਆ।"

15 ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ,

ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।

16 ਕਿਉਂ ਤੁਹਾਡੇ ਸੋਤੇ ਗਲੀਆਂ ਵਿੱਚ ਵਗਾਏ ਜਾਣ,

ਅਤੇ ਪਾਣੀ ਦੀਆਂ ਚੌਕਾਂ ਵਿੱਚ ਵਹਿ ਜਾਣ।

17 ਉਹ ਇਕੱਲੇ ਤੇਰੇ ਲਈ ਹੀ ਹੋਣ,

ਅਤੇ ਕਦੇ ਵੀ ਪਰਾਏ ਲੋਕਾਂ ਨਾਲ ਸਾਂਝਾ ਨਾ ਕੀਤਾ ਜਾਵੇ।

18 ਤੇਰਾ ਚਸ਼ਮਾ ਮੁਬਾਰਕ ਹੋਵੇ,

ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਅਨੰਦ ਕਰੇ।

19 ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ

ਉਸ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ,

ਤੂੰ ਹਮੇਸ਼ਾ ਉਸਦੇ ਪਿਆਰ ਵਿੱਚ ਮਸਤ ਰਹੇ।

20 ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ?

ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।

21 ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ,

ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।

22 ਦੁਸ਼ਟਾਂ ਦੇ ਬੁਰੇ ਕੰਮ ਉਹਨਾਂ ਨੂੰ ਫਸਾਉਂਦੇ ਹਨ,

ਉਹਨਾਂ ਦੇ ਪਾਪਾਂ ਦੀਆਂ ਰੱਸੀਆਂ ਨੇ ਉਹਨਾਂ ਨੂੰ ਫੜਿਆ ਹੋਇਆ ਹੈ।

23 ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ,

ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।

Estes versículos te tocaram? Ore agora!

+581 estão orando agora.

Junte-se à corrente de oração.