Publicidade

Provérbios 18

1 ਜਿਸਨੇ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਕਰ ਲਿਆ ਉਹ ਆਪਣੀ ਇੱਛਾ ਪੂਰੀ ਕਰਦਾ ਹੈ,

ਅਤੇ ਉਸ ਨੇ ਸਾਰੀ ਬੁੱਧੀ ਨੂੰ ਤਿਆਗ ਦਿੱਤਾ ਹੈ।

2 ਮੂਰਖ ਨੂੰ ਸਮਝ ਵਿੱਚ ਕੋਈ ਆਨੰਦ ਨਹੀਂ ਮਿਲਦਾ

ਪਰ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਹੀ ਖੁਸ਼ੀ ਹੁੰਦੀ ਹੈ।

3 ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ,

ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।

4 ਮੂੰਹ ਦੇ ਬਚਨ ਡੂੰਘੇ ਪਾਣੀ ਹਨ,

ਪਰ ਬੁੱਧੀ ਦਾ ਚਸ਼ਮਾ ਇੱਕ ਵਗਦੀ ਹੋਈ ਨਦੀ ਹੈ।

5 ਦੁਸ਼ਟ ਦਾ ਪੱਖ ਲੈਣਾ ਠੀਕ ਨਹੀਂ ਹੈ

ਅਤੇ ਨਾ ਹੀ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਨਾ ਠੀਕ ਨਹੀਂ ਹੈ।

6 ਮੂਰਖਾਂ ਦੇ ਬੁੱਲ੍ਹ ਉਹਨਾਂ ਵਿੱਚ ਝਗੜਾ ਲਿਆਉਂਦੇ ਹਨ,

ਅਤੇ ਉਹਨਾਂ ਨੂੰ ਮਾਰ ਖਾਣ ਦੇ ਯੋਗ ਠਹਿਰਾਉਂਦੇ ਹਨ।

7 ਮੂਰਖ ਦੇ ਬਚਨ ਉਹ ਦੀ ਬਰਬਾਦੀ ਹੈ,

ਅਤੇ ਉਹਨਾਂ ਦੇ ਬੁੱਲ ਉਹਨਾਂ ਦੀ ਜਾਨ ਲਈ ਫਾਹੀ ਹਨ।

8 ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ,

ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

9 ਜਿਹੜਾ ਆਪਣੇ ਕੰਮ ਵਿੱਚ ਢਿੱਲਾ ਹੈ,

ਉਹ ਤਬਾਹ ਕਰਨ ਵਾਲੇ ਦਾ ਭਰਾ ਹੈ।

10 ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ,

ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।

11 ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ।

ਉਹ ਇਸਦੀ ਕਲਪਨਾ ਕਰਦੇ ਹਨ ਕਿ ਇੱਕ ਉੱਚੀ ਸ਼ਹਿਰਪਨਾਹ ਵਾਂਗੂੰ ਹੈ।

12 ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ,

ਪਰ ਨਿਮਰਤਾ ਆਦਰ ਤੋਂ ਪਹਿਲਾਂ ਆਉਂਦੀ ਹੈ।

13 ਸੁਣਨ ਤੋਂ ਪਹਿਲਾਂ ਉੱਤਰ ਦੇਣਾ,

ਇਹ ਮੂਰਖਤਾ ਅਤੇ ਸ਼ਰਮ ਦੀ ਗੱਲ ਹੈ।

14 ਮਨੁੱਖ ਦਾ ਆਤਮਾ ਬਿਮਾਰੀ ਵਿੱਚ ਉਹ ਨੂੰ ਸੰਭਾਲਦਾ ਹੈ

ਪਰ ਕੁਚਲਿਆ ਹੋਇਆ ਆਤਮਾ ਕੌਣ ਸਹਾਰ ਸਕਦਾ ਹੈ?

15 ਸਮਝਦਾਰ ਦਾ ਮਨ ਗਿਆਨ ਪ੍ਰਾਪਤ ਕਰਦਾ ਹੈ,

ਕਿਉਂ ਜੋ ਬੁੱਧਵਾਨ ਦੇ ਕੰਨ ਉਹ ਨੂੰ ਭਾਲਦੇ ਹਨ।

16 ਨਜ਼ਰਾਨਾ ਆਦਮੀ ਦੇ ਲਈ ਰਾਹ ਖੋਲ੍ਹ ਦਿੰਦਾ ਹੈ,

ਅਤੇ ਉਹ ਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।

17 ਮੁਕੱਦਮੇ ਵਿੱਚ ਪਹਿਲਾਂ ਬੋਲਣ ਵਾਲਾ ਸਹੀ ਜਾਪਦਾ ਹੈ,

ਜਦੋਂ ਤੱਕ ਕੋਈ ਅੱਗੇ ਆ ਕੇ ਪੁੱਛ-ਗਿੱਛ ਨਹੀਂ ਕਰਦਾ।

18 ਪਰਚੀ ਪਾਉਣ ਨਾਲ ਝਗੜਿਆਂ ਦਾ ਨਿਪਟਾਰਾ ਹੋ ਜਾਂਦਾ ਹੈ,

ਅਤੇ ਬਲਵਾਨਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।

19 ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ,

ਝਗੜੇ ਕਿਲੇ ਦੇ ਬੰਦ ਦਰਵਾਜ਼ੇ ਵਰਗੇ ਹਨ।

20 ਮਨੁੱਖ ਦਾ ਪੇਟ ਉਸਦੇ ਮੂੰਹ ਦੀਆਂ ਗੱਲਾਂ ਦੇ ਫਲ ਨਾਲ ਭਰਦਾ ਹੈ,

ਆਪਣੇ ਬੁੱਲ੍ਹਾਂ ਦੀ ਵਾਢੀ ਨਾਲ ਉਹ ਰੱਜਦਾ ਹੈ।

21 ਮੌਤ ਅਤੇ ਜੀਵਨ ਦੋਵੇਂ ਜੀਭ ਦੇ ਵੱਸ ਵਿੱਚ ਹਨ,

ਅਤੇ ਜੋ ਇਸਨੂੰ ਪਿਆਰ ਕਰਦੇ ਹਨ ਉਹ ਇਸਦਾ ਫਲ ਖਾਣਗੇ।

22 ਜਿਸ ਨੂੰ ਪਤਨੀ ਮਿਲਦੀ ਹੈ ਉਸਨੂੰ ਚੰਗੀ ਚੀਜ਼ ਮਿਲੀ ਹੈ

ਅਤੇ ਉਹ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦਾ ਹੈ।

23 ਗਰੀਬ ਰਹਿਮ ਦੀ ਬੇਨਤੀ ਕਰਦਾ ਹੈ,

ਪਰ ਧਨਵਾਨ ਸਖ਼ਤੀ ਨਾਲ ਉੱਤਰ ਦਿੰਦਾ ਹੈ।

24 ਜਿਸ ਦੇ ਅਵਿਸ਼ਵਾਸ਼ਯੋਗ ਮਿੱਤਰ ਹਨ ਉਹ ਛੇਤੀ ਹੀ ਤਬਾਹ ਹੋ ਜਾਂਦਾ ਹੈ,

ਪਰ ਇੱਕ ਦੋਸਤ ਹੈ ਜੋ ਇੱਕ ਭਰਾ ਨਾਲੋਂ ਵੀ ਨੇੜੇ ਰਹਿੰਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-