1 ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਦੀਆਂ ਕਹਾਉਤਾਂ
2 ਬੁੱਧ ਅਤੇ ਸਿੱਖਿਆ ਪ੍ਰਾਪਤ ਕਰਨ ਲਈ,
ਸੂਝ ਦੇ ਸ਼ਬਦਾਂ ਨੂੰ ਸਮਝਣ ਲਈ,
3 ਵਿਵੇਕਸ਼ੀਲ ਵਿਵਹਾਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ,
ਉਹ ਕਰਨਾ ਜੋ ਸਹੀ, ਜਾਇਜ਼ ਅਤੇ ਨਿਰਪੱਖ ਹੋਵੇ।
4 ਸਧਾਰਨ ਲੋਕਾਂ ਨੂੰ ਸਮਝਦਾਰੀ ਅਤੇ
ਨੌਜਵਾਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,
5 ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ,
ਅਤੇ ਸਮਝਦਾਰ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ।
6 ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ
ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
7 ਯਾਹਵੇਹ ਦਾ ਡਰ ਗਿਆਨ ਦੀ ਸ਼ੁਰੂਆਤ ਹੈ,
ਪਰ ਮੂਰਖ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦਾ ਹੈ।
8 ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ,
ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;
9 ਕਿਉਂਕਿ ਉਹ ਤੇਰੇ ਸਿਰ ਉੱਤੇ ਸ਼ਿੰਗਾਰਨ ਵਾਲਾ ਸਿਹਰਾ ਹੈ,
ਅਤੇ ਤੇਰੇ ਗਲ਼ੇ ਵਿੱਚ ਪਾਉਣ ਵਾਲਾ ਕੈਂਠਾ ਹੋਵੇਗਾ।
10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ
ਉਹਨਾਂ ਦੀ ਗੱਲ ਨਾ ਮੰਨੀ।
11 ਜੇਕਰ ਉਹ ਆਖਣ, "ਕਿ ਤੂੰ ਸਾਡੇ ਨਾਲ ਚੱਲ,
ਅਸੀਂ ਬੇਕਸੂਰ ਖ਼ੂਨ ਕਰਨ ਲਈ ਘਾਤ ਲਾਈਏ,
ਆਓ ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ;
12 ਆਓ, ਉਹਨਾਂ ਨੂੰ ਕਬਰ ਵਾਂਗੂੰ ਜੀਉਂਦਾ ਨਿਗਲ ਲਈਏ,
ਅਤੇ ਉਹਨਾਂ ਵਾਂਗੂੰ ਜਿਹੜੇ ਟੋਏ ਵਿੱਚ ਸਮਾਂ ਜਾਂਦੇ ਹਨ;
13 ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ
ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।
14 ਸਾਡੇ ਨਾਲ ਗੁਣਾ ਪਾਓ;
ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ"
15 ਹੇ ਮੇਰੇ ਪੁੱਤਰ, ਉਹਨਾਂ ਦੇ ਨਾਲ ਨਾ ਜਾ
ਉਹਨਾਂ ਦੇ ਰਾਹਾਂ ਤੇ ਪੈਰ ਨਾ ਰੱਖ;
16 ਕਿਉਂ ਜੋ ਉਹਨਾਂ ਦੇ ਪੈਰ ਬੁਰਿਆਈ ਕਰਨ ਲਈ ਕਾਹਲੇ ਹਨ,
ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ।
17 ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!
18 ਉਹ ਮਨੁੱਖ ਆਪਣੇ ਹੀ ਲਹੂ ਕਰਨ ਲਈ ਘਾਤ ਲਾਉਂਦੇ ਹਨ,
ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ!
19 ਇਹੀ ਚਾਲ ਹੈ ਹਰ ਉਸ ਮਨੁੱਖ ਦੀ ਜਿਹੜੇ ਨਫ਼ੇ ਦੇ ਲੋਭੀ ਹੁੰਦੇ ਹਨ;
ਇਹ ਆਪਣੇ ਹੀ ਮਾਲਕ ਦੀ ਜਾਨ ਲੈ ਲੈਂਦੇ ਹਨ।
20 ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ,
ਉਹ ਚੌਂਕਾਂ ਵਿੱਚ ਆਪਣੀ ਆਵਾਜ਼ ਉਠਾਉਂਦੀ ਹੈ।
21 ਉਹ ਕੰਧ ਦੇ ਉੱਪਰੋ ਹੋਕਾ ਦਿੰਦੀ ਹੈ,
ਸ਼ਹਿਰ ਦੇ ਦਰਵਾਜ਼ੇ ਤੇ ਉਹ ਆਪਣਾ ਭਾਸ਼ਣ ਦਿੰਦੀ ਹੈ:
22 "ਹੇ ਭੋਲਿਓ ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ?
ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪ੍ਰਸੰਨ ਹੋਣਗੇ,
ਅਤੇ ਮੂਰਖ ਗਿਆਨ ਨਾਲ ਨਫ਼ਰਤ ਕਰਨਗੇ?
23 ਮੇਰੀ ਝਿੜਕ ਸੁਣ ਕੇ ਤੋਬਾ ਕਰੋ!
ਤਦ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ,
ਮੈਂ ਤੁਹਾਨੂੰ ਆਪਣੀਆਂ ਸਿੱਖਿਆਵਾਂ ਦੱਸਾਂਗੀ।
24 ਪਰ ਕਿਉਂਕਿ ਜਦੋਂ ਮੈਂ ਪੁਕਾਰਦਾ ਹਾਂ ਤਾਂ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਹੋ,
ਅਤੇ ਜਦੋਂ ਮੈਂ ਹੱਥ ਪਸਾਰਦਾ ਹਾਂ ਤਾਂ ਕੋਈ ਧਿਆਨ ਨਹੀਂ ਦਿੰਦਾ,
25 ਕਿਉਂਕਿ ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਅਣਦੇਖਿਆ ਕਰ ਦਿੱਤਾ
ਅਤੇ ਮੇਰੀ ਝਿੜਕ ਨੂੰ ਨਹੀਂ ਮੰਨਿਆ,
26 ਜਦੋਂ ਤੁਹਾਡੇ ਉੱਤੇ ਬਿਪਤਾ ਆਵੇਗੀ ਤਾਂ ਮੈਂ ਹੱਸਾਂਗੀ
ਜਦੋਂ ਬਿਪਤਾ ਤੁਹਾਡੇ ਉੱਤੇ ਆਵੇਗੀ ਤਾਂ ਮੈਂ ਮਜ਼ਾਕ ਕਰਾਂਗੀ,
27 ਜਦੋਂ ਬਿਪਤਾ ਤੂਫਾਨ ਵਾਂਗ
ਅਤੇ ਤਬਾਹੀ ਵਾਵਰੋਲੇ ਵਾਂਗ ਤੁਹਾਡੇ ਉੱਤੇ ਆਵੇਗੀ;
ਜਦੋਂ ਕਸ਼ਟ ਅਤੇ ਮੁਸੀਬਤਾਂ ਤੁਹਾਡੇ ਉੱਤੇ ਭਾਰੀ ਹੋ ਜਾਣਗੀਆਂ।
28 "ਉਸ ਵੇਲੇ ਉਹ ਮੈਨੂੰ ਪੁਕਾਰਣਗੇ ਪਰ ਮੈਂ ਉੱਤਰ ਨਾ ਦਿਆਂਗੀ;
ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29 ਕਿਉਂਕਿ ਉਹਨਾਂ ਨੇ ਗਿਆਨ ਨਾਲ ਨਫ਼ਰਤ ਕੀਤੀ
ਅਤੇ ਯਾਹਵੇਹ ਤੋਂ ਡਰਨਾ ਨਹੀਂ ਚੁਣਿਆ।
30 ਕਿਉਂਕਿ ਉਹਨਾਂ ਨੇ ਮੇਰੀ ਸਲਾਹ ਨਹੀਂ ਮੰਨੀ
ਅਤੇ ਮੇਰੀ ਝਿੜਕ ਨੂੰ ਠੁਕਰਾ ਦਿੱਤਾ,
31 ਉਹ ਆਪਣੇ ਰਾਹਾਂ ਦਾ ਫਲ ਖਾਣਗੇ
ਅਤੇ ਆਪਣੀਆਂ ਹੀ ਚਾਲਾਂ ਦੇ ਫਲ ਨਾਲ ਰੱਜ ਜਾਣਗੇ।
32 ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ,
ਅਤੇ ਮੂਰਖਾਂ ਦੀ ਖੁਸ਼ਹਾਲੀ ਉਹਨਾਂ ਨੂੰ ਤਬਾਹ ਕਰ ਦੇਵੇਗੀ;
33 ਪਰ ਜੋ ਕੋਈ ਮੇਰੀ ਗੱਲ ਸੁਣਦਾ ਹੈ, ਉਹ ਸੁਰੱਖਿਅਤ ਵਿੱਚ ਰਹੇਗਾ
ਅਤੇ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਆਰਾਮ ਵਿੱਚ ਰਹੇਗਾ।"