1 ਇੱਕ ਕੋਮਲ ਜਵਾਬ ਕ੍ਰੋਧ ਨੂੰ ਠੰਢਾ ਕਰ ਦਿੰਦਾ ਹੈ,
ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।
2 ਬੁੱਧਵਾਨ ਦੀ ਜੀਭ ਗਿਆਨ ਨੂੰ ਸ਼ਿੰਗਾਰਦੀ ਹੈ,
ਪਰ ਮੂਰਖ ਦੇ ਮੂੰਹੋਂ ਮੂਰਖਤਾ ਨਿੱਕਲਦੀ ਹੈ।
3 ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ,
ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।
4 ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ,
ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।
5 ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ,
ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।
6 ਧਰਮੀ ਦੇ ਘਰ ਵਿੱਚ ਵੱਡਾ ਖ਼ਜ਼ਾਨਾ ਹੈ,
ਪਰ ਦੁਸ਼ਟ ਦੀ ਕਮਾਈ ਕਸ਼ਟ ਲਿਆਉਂਦੀ ਹੈ।
7 ਬੁੱਧਵਾਨ ਦੇ ਬੁੱਲ੍ਹ ਗਿਆਨ ਫੈਲਾਉਂਦੇ ਹਨ,
ਪਰ ਮੂਰਖਾਂ ਦੇ ਦਿਲ ਸਿੱਧੇ ਨਹੀਂ ਹੁੰਦੇ।
8 ਯਾਹਵੇਹ ਨੂੰ ਦੁਸ਼ਟ ਦੇ ਬਲੀਦਾਨ ਤੋਂ ਨਫ਼ਰਤ ਹੈ,
ਪਰ ਨੇਕ ਦੀ ਪ੍ਰਾਰਥਨਾ ਉਸਨੂੰ ਪ੍ਰਸੰਨ ਕਰਦੀ ਹੈ।
9 ਯਾਹਵੇਹ ਦੁਸ਼ਟਾਂ ਦੇ ਰਾਹ ਨੂੰ ਨਫ਼ਰਤ ਕਰਦਾ ਹੈ,
ਪਰ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਧਰਮ ਦਾ ਪਿੱਛਾ ਕਰਦੇ ਹਨ।
10 ਸਖ਼ਤ ਅਨੁਸ਼ਾਸਨ ਹਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਰਾਹ ਛੱਡਦਾ ਹੈ;
ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮਰ ਜਾਵੇਗਾ।
11 ਮੌਤ ਅਤੇ ਵਿਨਾਸ਼ ਯਾਹਵੇਹ ਦੇ ਸਾਹਮਣੇ ਖੁੱਲ੍ਹੇ ਪਏ ਹਨ,
ਉਹ ਮਨੁੱਖ ਦੇ ਦਿਲ ਨੂੰ ਚੰਗੀ ਤਰ੍ਹਾ ਜਾਣਦਾ ਹੈ!
12 ਮਜ਼ਾਕ ਕਰਨ ਵਾਲੇ ਤਾੜਨਾ ਨੂੰ ਪਸੰਦ ਨਹੀਂ ਕਰਦੇ ਹਨ,
ਇਸ ਲਈ ਉਹ ਬੁੱਧਵਾਨਾਂ ਤੋਂ ਬਚਦੇ ਹਨ।
13 ਇੱਕ ਪ੍ਰਸੰਨ ਦਿਲ ਚਿਹਰੇ ਨੂੰ ਖੁਸ਼ ਕਰਦਾ ਹੈ,
ਪਰ ਦਿਲ ਦਾ ਦਰਦ ਆਤਮਾ ਨੂੰ ਕੁਚਲ ਦਿੰਦਾ ਹੈ।
14 ਸਮਝਦਾਰ ਮਨ ਗਿਆਨ ਨੂੰ ਭਾਲਦਾ ਹੈ,
ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਭੋਜਨ ਦਿੰਦਾ ਹੈ।
15 ਸਤਾਏ ਹੋਏ ਦੇ ਸਾਰੇ ਦਿਨ ਦੁਖੀ ਹਨ,
ਪਰ ਪ੍ਰਸੰਨ ਦਿਲ ਸਦਾ ਦਾਅਵਤ ਕਰਦਾ ਹੈ।
16 ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ,
ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।
17 ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ,
ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ ਚੰਗਾ ਹੈ।
18 ਗੁੱਸੇ ਵਾਲਾ ਵਿਅਕਤੀ ਝਗੜੇ ਛੇੜਦਾ ਹੈ,
ਪਰ ਧੀਰਜ ਵਾਲਾ ਝਗੜਾ ਸ਼ਾਂਤ ਕਰਦਾ ਹੈ।
19 ਆਲਸੀ ਦਾ ਰਾਹ ਕੰਡਿਆਂ ਨਾਲ ਰੋਕਿਆ ਹੋਇਆ ਹੈ,
ਪਰ ਸਚਿਆਰਾਂ ਦਾ ਮਾਰਗ ਸਿੱਧਾ ਹੈ।
20 ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ,
ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।
21 ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ,
ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।
22 ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ,
ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।
23 ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ,
ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!
24 ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈ
ਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
25 ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ,
ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।
26 ਯਾਹਵੇਹ ਦੁਸ਼ਟ ਦੇ ਵਿਚਾਰਾਂ ਤੋਂ ਨਫ਼ਰਤ ਕਰਦਾ ਹੈ,
ਪਰ ਕਿਰਪਾਲੂ ਬਚਨ ਉਸ ਦੀ ਨਿਗਾਹ ਵਿੱਚ ਸ਼ੁੱਧ ਹਨ।
27 ਲੋਭੀ ਆਪਣੇ ਘਰਾਂ ਵਿੱਚ ਤਬਾਹੀ ਲਿਆਉਂਦੇ ਹਨ,
ਪਰ ਜਿਹੜਾ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ ਉਹ ਜਿਉਂਦਾ ਰਹੇਗਾ।
28 ਧਰਮੀ ਦਾ ਮਨ ਸੋਚ ਵਿਚਾਰ ਕੇ ਉੱਤਰ ਦਿੰਦਾ ਹੈ,
ਪਰ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਉਛਾਲਦਾ ਹੈ।
29 ਯਾਹਵੇਹ ਦੁਸ਼ਟਾਂ ਤੋਂ ਦੂਰ ਹੈ,
ਪਰ ਉਹ ਧਰਮੀ ਦੀ ਪ੍ਰਾਰਥਨਾ ਸੁਣਦਾ ਹੈ।
30 ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰ ਦਿੰਦਾ ਹੈ,
ਅਤੇ ਖੁਸ਼ਖਬਰੀ ਹੱਡੀਆਂ ਨੂੰ ਤੰਦਰੁਸਤੀ ਦਿੰਦੀ ਹੈ।
31 ਜੋ ਕੋਈ ਜੀਵਨ ਦੇਣ ਵਾਲੀ ਤਾੜਨਾ ਵੱਲ ਧਿਆਨ ਦਿੰਦਾ ਹੈ,
ਉਹ ਬੁੱਧਵਾਨ ਦੇ ਘਰ ਵਿੱਚ ਵੱਸੇਗਾ।
32 ਜਿਹੜੇ ਸਿੱਖਿਆ ਨੂੰ ਅਣਸੁਣਿਆ ਕਰਦੇ ਹਨ ਉਹ ਆਪਣੇ ਆਪ ਨੂੰ ਤੁੱਛ ਸਮਝਦੇ ਹਨ,
ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।
33 ਯਾਹਵੇਹ ਦਾ ਡਰ ਮੰਨਣ ਨਾਲ ਬੁੱਧ ਦੀ ਪ੍ਰਾਪਤ ਹੁੰਦੀ ਹੈ,
ਅਤੇ ਨਿਮਰਤਾ ਸਤਿਕਾਰ ਤੋਂ ਪਹਿਲਾਂ ਆਉਂਦੀ ਹੈ।