1 ਸ਼ਲੋਮੋਨ ਦੀਆਂ ਕਹਾਉਤਾਂ:
ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ,
ਪਰ ਮੂਰਖ ਪੁੱਤਰ ਆਪਣੀ ਮਾਂ ਲਈ ਦੁੱਖ ਛੱਡਦਾ ਹੈ।
2 ਬਦੀ ਨਾਲ ਇਕੱਠਾ ਕੀਤੇ ਧਨ ਦਾ ਕੋਈ ਲਾਭ ਨਹੀਂ ਹੁੰਦਾ,
ਪਰ ਧਰਮ ਮੌਤ ਤੋਂ ਬਚਾ ਲੈਦਾ ਹੈ।
3 ਯਾਹਵੇਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੰਦਾ,
ਪਰ ਉਹ ਦੁਸ਼ਟਾਂ ਦੀ ਲਾਲਸਾ ਨੂੰ ਨਾਕਾਮ ਕਰਦਾ ਹੈ।
4 ਆਲਸੀ ਹੱਥ ਗਰੀਬ ਬਣਾਉਂਦਾ ਹੈ,
ਪਰ ਮਿਹਨਤੀ ਹੱਥ ਧਨ ਲਿਆਉਂਦੇ ਹਨ।
5 ਜਿਹੜਾ ਗਰਮੀਆਂ ਵਿੱਚ ਫ਼ਸਲ ਇਕੱਠੀ ਕਰਦਾ ਹੈ ਉਹ ਸਿਆਣਾ ਪੁੱਤਰ ਹੈ,
ਪਰ ਜਿਹੜਾ ਵਾਢੀ ਵੇਲੇ ਸੌਂਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।
6 ਬਰਕਤਾਂ ਧਰਮੀ ਦੇ ਸਿਰ ਦਾ ਤਾਜ ਹਨ,
ਪਰ ਜ਼ੁਲਮ ਦੁਸ਼ਟਾ ਦੇ ਮੂੰਹ ਨੂੰ ਢੱਕ ਲੈਦਾ ਹੈ।
7 ਧਰਮੀ ਦੀ ਯਾਦ ਮੁਬਾਰਕ ਹੈ,
ਪਰ ਦੁਸ਼ਟਾ ਦਾ ਨਾਮ ਮਿਟ ਜਾਵੇਗਾ।
8 ਬੁੱਧਵਾਨ ਮਨ ਵਿੱਚ ਹੁਕਮ ਮੰਨਦਾ ਹੈ,
ਪਰ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
9 ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ,
ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।
10 ਜਿਹੜਾ ਮਨੁੱਖ ਅੱਖਾਂ ਮਟਕਾਉਂਦਾ ਹੈ ਉਹ ਦੁੱਖੀ ਹੁੰਦਾ ਹੈ,
ਅਤੇ ਬਕਵਾਸ ਕਰਨ ਵਾਲਾ ਮੂਰਖ ਤਬਾਹ ਹੋ ਜਾਂਦਾ ਹੈ।
11 ਧਰਮੀ ਦਾ ਮੂੰਹ ਜੀਵਨ ਦਾ ਸੋਤਾ ਹੈ,
ਪਰ ਦੁਸ਼ਟ ਦਾ ਮੂੰਹ ਜ਼ੁਲਮ ਨੂੰ ਛੁਪਾਉਂਦਾ ਹੈ।
12 ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ,
ਪਰ ਪਿਆਰ ਸਾਰੀਆਂ ਗ਼ਲਤੀਆਂ ਨੂੰ ਢੱਕ ਲੈਂਦਾ ਹੈ।
13 ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ,
ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।
14 ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ,
ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।
15 ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ,
ਪਰ ਗਰੀਬੀ ਗਰੀਬਾਂ ਦੀ ਤਬਾਹੀ ਹੈ।
16 ਧਰਮੀ ਦੀ ਮਜ਼ਦੂਰੀ ਜੀਵਨ ਹੈ,
ਪਰ ਦੁਸ਼ਟ ਦੀ ਕਮਾਈ ਪਾਪ ਅਤੇ ਮੌਤ ਹੈ।
17 ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਜੀਉਣ ਦੇ ਰਾਹ ਉੱਤੇ ਹੈ,
ਪਰ ਜਿਹੜਾ ਤਾੜਨਾ ਨੂੰ ਅਣਡਿੱਠ ਕਰਦਾ ਹੈ ਉਹ ਰਾਸਤੇ ਤੋਂ ਭਟਕਿਆ ਹੋਇਆ ਹੈ।
18 ਜਿਹੜਾ ਨਫ਼ਰਤ ਨੂੰ ਲੁਕਾ ਰੱਖਦਾ ਹੈ ਉਹ ਝੂਠਾ ਹੈ
ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।
19 ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ,
ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।
20 ਧਰਮੀ ਦੀ ਜ਼ੁਬਾਨ ਚਾਂਦੀ ਦੀ ਹੈ,
ਪਰ ਦੁਸ਼ਟ ਦਾ ਦਿਲ ਕੋਈ ਮੁੱਲ ਨਹੀਂ ਰੱਖਦਾ।
21 ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ,
ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।
22 ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ,
ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।
23 ਇੱਕ ਮੂਰਖ ਨੂੰ ਬੁਰਾਈ ਕਰਨ ਵਿੱਚ ਅਨੰਦ ਮਿਲਦਾ ਹੈ,
ਪਰ ਸਮਝਦਾਰ ਬੁੱਧ ਵਿੱਚ ਅਨੰਦ ਲੈਂਦਾ ਹੈ।
24 ਦੁਸ਼ਟ ਦਾ ਡਰ ਉਹਨਾਂ ਨੂੰ ਫੜ੍ਹ ਲਵੇਗਾ,
ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।
25 ਦੁਸ਼ਟ ਤੂਫਾਨ ਵਾਗੂੰ ਲੰਘ ਜਾਂਦਾ ਹੈ,
ਪਰ ਧਰਮੀ ਸਦਾ ਲਈ ਕਾਇਮ ਰਹਿੰਦਾ ਹੈ।
26 ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ,
ਇਵੇਂ ਹੀ ਉਹਨਾਂ ਨੂੰ ਭੇਜਣ ਵਾਲੇ ਵੀ ਆਲਸੀ ਹਨ।
27 ਯਾਹਵੇਹ ਦਾ ਡਰ ਉਮਰ ਨੂੰ ਵਧਾਉਂਦਾ ਹੈ,
ਪਰ ਦੁਸ਼ਟਾਂ ਦੇ ਸਾਲ ਘੱਟ ਜਾਂਦੇ ਹਨ।
28 ਧਰਮੀ ਦੀ ਆਸ ਅਨੰਦ ਹੈ,
ਪਰ ਦੁਸ਼ਟਾਂ ਦੀ ਆਸ ਮਿਟ ਜਾਵੇਗੀ।
29 ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ,
ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।
30 ਧਰਮੀ ਕਦੇ ਨਾ ਉਖਾੜਿਆ ਜਾਵੇਗਾ,
ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।
31 ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ,
ਪਰ ਭੈੜੀ ਜੀਭ ਬੰਦ ਹੋ ਜਾਵੇਗੀ।
32 ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ,
ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।