1 ਦੁਸ਼ਟਾਂ ਨਾਲ ਈਰਖਾ ਨਾ ਕਰੋ,
ਉਹਨਾਂ ਦੀ ਸੰਗਤ ਦੀ ਇੱਛਾ ਨਾ ਕਰੋ।
2 ਉਹਨਾਂ ਦੇ ਦਿਲਾਂ ਵਿੱਚ ਹਿੰਸਾ ਦੀ ਸਾਜ਼ਿਸ਼ ਹੈ,
ਅਤੇ ਉਹਨਾਂ ਦੇ ਬੁੱਲ ਮੁਸੀਬਤ ਦੀਆਂ ਗੱਲਾਂ ਕਰਦੇ ਹਨ।
3 ਬੁੱਧ ਨਾਲ ਘਰ ਬਣਾਇਆ ਜਾਂਦਾ ਹੈ,
ਅਤੇ ਸਮਝ ਨਾਲ ਉਹ ਸਥਾਪਿਤ ਹੁੰਦਾ ਹੈ।
4 ਗਿਆਨ ਦੁਆਰਾ ਇਸ ਦੇ ਕਮਰੇ ਅਣਮੁੱਲੇ
ਅਤੇ ਸੁੰਦਰ ਖਜ਼ਾਨਿਆਂ ਨਾਲ ਭਰੇ ਹੋਏ ਹੋਣਗੇ।
5 ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ,
ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।
6 ਯਕੀਨਨ ਤੁਹਾਨੂੰ ਯੁੱਧ ਕਰਨ ਲਈ ਅਗਵਾਈ ਦੀ ਲੋੜ ਹੈ,
ਅਤੇ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ।
7 ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ;
ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।
8 ਜੋ ਕੋਈ ਬੁਰਾਈ ਦੀ ਸਾਜ਼ਿਸ਼ ਰਚਦਾ ਹੈ,
ਇੱਕ ਚਾਲਬਾਜ਼ ਵਜੋਂ ਜਾਣਿਆ ਜਾਵੇਗਾ।
9 ਮੂਰਖਤਾ ਦੀਆਂ ਜੁਗਤਾਂ ਪਾਪ ਹਨ,
ਅਤੇ ਲੋਕ ਮਖੌਲ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ।
10 ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ,
ਤੁਹਾਡੀ ਤਾਕਤ ਕਿੰਨੀ ਛੋਟੀ ਹੈ!
11 ਉਹਨਾਂ ਨੂੰ ਬਚਾਓ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ,
ਉਹਨਾਂ ਨੂੰ ਰੋਕੋ ਜੋ ਕਤਲੇਆਮ ਵੱਲ ਵਧ ਰਹੇ ਹਨ।
12 ਜੇ ਤੁਸੀਂ ਆਖਦੇ ਹੋ, "ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,"
ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ?
ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ?
ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?
13 ਹੇ ਮੇਰੇ ਪੁੱਤਰ, ਸ਼ਹਿਦ ਖਾ, ਇਹ ਚੰਗਾ ਹੈ;
ਛੱਤੇ ਦਾ ਸ਼ਹਿਦ ਤੁਹਾਡੇ ਸੁਆਦ ਲਈ ਮਿੱਠਾ ਹੁੰਦਾ ਹੈ।
14 ਇਹ ਵੀ ਜਾਣੋ ਕਿ ਬੁੱਧ ਤੁਹਾਡੇ ਲਈ ਸ਼ਹਿਦ ਵਰਗੀ ਹੈ:
ਜੇ ਤੁਸੀਂ ਇਹ ਲੱਭ ਲੈਂਦੇ ਹੋ, ਤਾਂ ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਹੈ,
ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।
15 ਚੋਰ ਵਾਂਗੂੰ ਧਰਮੀ ਦੇ ਘਰ ਦੇ ਨੇੜੇ ਨਾ ਲੁਕੋ,
ਉਹਨਾਂ ਦੇ ਘਰ ਨੂੰ ਲੁੱਟੋ ਨਾ।
16 ਕਿਉਂਕਿ ਭਾਵੇਂ ਧਰਮੀ ਸੱਤ ਵਾਰ ਡਿੱਗੇ, ਉਹ ਮੁੜ ਉੱਠਦੇ ਹਨ,
ਪਰ ਦੁਸ਼ਟ ਬਿਪਤਾ ਦੇ ਵਿੱਚ ਡਿੱਗ ਕੇ ਪਏ ਰਹਿੰਦੇ ਹਨ।
17 ਜਦੋਂ ਤੁਹਾਡਾ ਵੈਰੀ ਡਿੱਗ ਪਵੇ ਤਾਂ ਖੁਸ਼ ਨਾ ਹੋਵੋ;
ਜਦੋਂ ਉਹ ਠੋਕਰ ਖਾਣ, ਤਾਂ ਤੁਹਾਡਾ ਦਿਲ ਅਨੰਦ ਨਾ ਹੋਵੇ,
18 ਕਿਤੇ ਯਾਹਵੇਹ ਇਹ ਵੇਖ ਕੇ ਬੁਰਾ ਮੰਨੇ,
ਅਤੇ ਆਪਣਾ ਕ੍ਰੋਧ ਉਹਨਾਂ ਤੋਂ ਹਟਾ ਲਵੇ।
19 ਦੁਸ਼ਟਾਂ ਦੇ ਕਾਰਨ ਨਾ ਘਬਰਾਓ
ਅਤੇ ਦੁਸ਼ਟਾਂ ਤੋਂ ਈਰਖਾ ਨਾ ਕਰੋ,
20 ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ,
ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।
21 ਹੇ ਮੇਰੇ ਪੁੱਤਰ, ਯਾਹਵੇਹ ਅਤੇ ਪਾਤਸ਼ਾਹ ਤੋਂ ਡਰ,
ਅਤੇ ਵਿਦਰੋਹੀਆਂ ਨਾਲ ਨਾ ਰਲ,
22 ਕਿਉਂ ਜੋ ਉਹ ਦੋਨਾਂ ਉੱਤੇ ਅਚਾਨਕ ਤਬਾਹੀ ਆਵੇਗੀ,
ਅਤੇ ਕੌਣ ਜਾਣਦਾ ਹੈ ਕਿ ਉਹ ਕਿਹੜੀਆਂ ਬਿਪਤਾਵਾਂ ਲਿਆ ਸਕਦੇ ਹਨ?
23 ਇਹ ਵੀ ਬੁੱਧੀਮਾਨਾਂ ਦੀਆਂ ਗੱਲਾਂ ਹਨ,
ਨਿਆਂ ਵੇਲੇ ਪੱਖਪਾਤ ਕਰਨਾ ਚੰਗਾ ਨਹੀਂ ਹੈ।
24 ਜੇ ਕੋਈ ਦੋਸ਼ੀ ਨੂੰ ਕਹੇ, "ਤੂੰ ਨਿਰਦੋਸ਼ ਹੈ,"
ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਦੁਆਰਾ ਨਿੰਦਾ ਕੀਤੀ ਜਾਵੇਗੀ,
25 ਪਰ ਜਿਹੜੇ ਦੋਸ਼ੀ ਠਹਿਰਾਉਂਦੇ ਹਨ ਉਹਨਾਂ ਦਾ ਭਲਾ ਹੋਵੇਗਾ,
ਅਤੇ ਉਹਨਾਂ ਉੱਤੇ ਬਹੁਤ ਬਰਕਤਾਂ ਆਉਣਗੀਆਂ।
26 ਜਿਹੜਾ ਇਮਾਨਦਾਰੀ ਨਾਲ ਉੱਤਰ ਦਿੰਦਾ ਹੈ,
ਉਹ ਦੇ ਬੋਲਾਂ ਨੂੰ ਹਰੇਕ ਪਿਆਰ ਕਰਦਾ ਹੈ।
27 ਪਹਿਲਾ ਬਾਹਰ ਆਪਣਾ ਕੰਮ ਤਿਆਰ ਕਰ,
ਅਤੇ ਆਪਣੇ ਖੇਤ ਨੂੰ ਸੁਆਰ;
ਉਸ ਤੋਂ ਬਾਅਦ, ਆਪਣਾ ਘਰ ਬਣਾਓ।
28 ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ,
ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?
29 ਇਹ ਨਾ ਆਖ, "ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ,
ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।"
30 ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ,
ਉਸ ਵਿਅਕਤੀ ਦੇ ਅੰਗੂਰੀ ਬਾਗ਼ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।
31 ਅਤੇ ਉੱਥੇ ਹਰ ਪਾਸੇ ਕੰਡੇ ਉੱਗੇ ਹੋਏ ਸਨ,
ਜ਼ਮੀਨ ਜੰਗਲੀ ਬੂਟੀ ਨਾਲ ਢੱਕੀ ਹੋਈ ਸੀ,
ਅਤੇ ਪੱਥਰ ਦੀ ਕੰਧ ਢਹਿ ਗਈ ਸੀ।
32 ਜੋ ਕੁਝ ਮੈਂ ਦੇਖਿਆ ਮੈਂ ਆਪਣੇ ਦਿਲ ਵਿੱਚ ਵਿਚਾਰ ਕੀਤਾ,
ਅਤੇ ਜੋ ਕੁਝ ਮੈਂ ਦੇਖਿਆ ਉਸ ਤੋਂ ਇੱਕ ਸਿੱਖਿਆ ਪ੍ਰਾਪਤ ਕੀਤੀ,
33 ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ,
ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ,
34 ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆ ਆਵੇਗੀ,
ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।