1 ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ,
ਪਰ ਜ਼ੁਬਾਨੋ ਸਹੀ ਉੱਤਰ ਯਾਹਵੇਹ ਤੋਂ ਆਉਂਦਾ ਹੈ।
2 ਮਨੁੱਖ ਦੇ ਸਾਰੇ ਰਾਹ ਉਸ ਨੂੰ ਸ਼ੁੱਧ ਜਾਪਦੇ ਹਨ,
ਪਰ ਯਾਹਵੇਹ ਦਿਲਾਂ ਨੂੰ ਜਾਚਦਾ ਹੈ।
3 ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ,
ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
4 ਯਾਹਵੇਹ ਨੇ ਹਰ ਚੀਜ਼ ਨੂੰ ਖਾਸ ਮਕਸਦ ਲਈ ਬਣਾਇਆ ਹੈ,
ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ ਹੈ।
5 ਹਰੇਕ ਜਿਸ ਦੇ ਦਿਲ ਵਿੱਚ ਹੰਕਾਰ ਹੈ ਯਾਹਵੇਹ ਉਸ ਤੋਂ ਨਫ਼ਰਤ ਕਰਦਾ ਹੈ,
ਇਸ ਗੱਲ ਦੇ ਨਿਸ਼ਚਤ ਰਹੋ ਉਹ ਸਜ਼ਾ ਤੋਂ ਮੁਕਤ ਨਹੀਂ ਰਹਿਣਗੇ।
6 ਪਿਆਰ ਅਤੇ ਵਫ਼ਾਦਾਰੀ ਦੁਆਰਾ ਪਾਪ ਨੂੰ ਮਾਫ਼ ਕੀਤਾ ਜਾਂਦਾ ਹੈ,
ਯਾਹਵੇਹ ਦੇ ਭੈ ਦੁਆਰਾ ਬੁਰਾਈ ਤੋਂ ਬਚਿਆ ਜਾਂਦਾ ਹੈ।
7 ਜਦੋਂ ਯਾਹਵੇਹ ਕਿਸੇ ਦੇ ਰਾਹ ਤੋਂ ਪ੍ਰਸੰਨ ਹੁੰਦਾ ਹੈ,
ਤਾਂ ਉਹ ਉਹਨਾਂ ਦੇ ਦੁਸ਼ਮਣਾਂ ਨਾਲ ਉਹਨਾਂ ਦਾ ਮੇਲ ਕਰਾਉਂਦਾ ਹੈ।
8 ਬੇਇਨਸਾਫ਼ੀ ਦੇ ਬਹੁਤੇ ਲਾਭ ਨਾਲੋਂ,
ਧਰਮ ਦਾ ਥੋੜਾ ਜਿਹਾ ਲਾਭ ਚੰਗਾ ਹੈ।
9 ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ,
ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।
10 ਰਾਜੇ ਦੇ ਬੁੱਲ ਬਚਨ ਵਾਂਙੁ ਬੋਲਦੇ ਹਨ,
ਅਤੇ ਉਹ ਦਾ ਮੂੰਹ ਇਨਸਾਫ਼ ਨੂੰ ਧੋਖਾ ਨਹੀਂ ਦਿੰਦਾ।
11 ਇਮਾਨਦਾਰ ਤੱਕੜੀ ਅਤੇ ਸਹੀ ਤੁਲਨਾ ਯਾਹਵੇਹ ਦੇ ਹਨ,
ਥੈਲੇ ਦੇ ਸਾਰੇ ਵੱਟੇ ਉਸ ਨੇ ਬਣਾਏ ਹੋਏ ਹਨ।
12 ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ,
ਕਿਉਂ ਜੋ ਸਿੰਘਾਸਣ ਧਰਮ ਨਾਲ ਕਾਇਮ ਹੁੰਦਾ ਹੈ।
13 ਧਰਮੀ ਦੇ ਬੁੱਲ੍ਹਾਂ ਤੋਂ ਰਾਜਾ ਪਰਸੰਨ ਹੁੰਦਾ ਹੈ,
ਉਹ ਉਸ ਦੀ ਕਦਰ ਕਰਦੇ ਹਨ ਜੋ ਸਹੀ ਬੋਲਦਾ ਹੈ।
14 ਰਾਜੇ ਦਾ ਕ੍ਰੋਧ ਮੌਤ ਦੇ ਦੂਤ ਵਰਗਾ ਹੈ,
ਪਰ ਬੁੱਧਵਾਨ ਇਸ ਨੂੰ ਸ਼ਾਂਤ ਕਰੇਗਾ।
15 ਰਾਜੇ ਦੇ ਚਿਹਰੇ ਦੀ ਚਮਕ ਵਿੱਚ ਜੀਵਨ ਹੈ;
ਉਸ ਦੀ ਕਿਰਪਾ ਬਸੰਤ ਵਿੱਚ ਮੀਂਹ ਦੇ ਬੱਦਲ ਵਰਗੀ ਹੈ।
16 ਸੋਨੇ ਨਾਲੋਂ ਬੁੱਧ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ,
ਚਾਂਦੀ ਨਾਲੋਂ ਸਮਝ ਪ੍ਰਾਪਤ ਕਰਨਾ ਕਿੰਨਾ ਚੰਗਾ ਹੈ!
17 ਨੇਕੀ ਦਾ ਮਾਰਗ ਬੁਰਿਆਈ ਤੋਂ ਬਚਦਾ ਹੈ।
ਜਿਹੜੇ ਆਪਣੇ ਰਾਹਾਂ ਦੀ ਰਾਖੀ ਕਰਦੇ ਹਨ ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ।
18 ਨਾਸ ਤੋਂ ਪਹਿਲਾਂ ਹੰਕਾਰ,
ਅਤੇ ਡਿੱਗਣ ਤੋਂ ਪਹਿਲਾਂ ਘੁੰਮਡੀ ਆਤਮਾ ਆਉਂਦੀ ਹੈ।
19 ਹੰਕਾਰੀਆਂ ਨਾਲ ਲੁੱਟ ਸਾਂਝੇ ਕਰਨ ਨਾਲੋਂ,
ਦੱਬੇ-ਕੁਚਲੇ ਲੋਕਾਂ ਦੇ ਨਾਲ ਨੀਵਾਂ ਹੋਣਾ ਚੰਗਾ ਹੈ।
20 ਜੋ ਕੋਈ ਉਪਦੇਸ਼ ਨੂੰ ਮੰਨਦਾ ਹੈ ਉਹ ਖੁਸ਼ਹਾਲ ਹੁੰਦਾ ਹੈ,
ਅਤੇ ਮੁਬਾਰਕ ਹੈ ਉਹ ਜੋ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ।
21 ਬੁੱਧਵਾਨ ਦਿਲ ਸਮਝਦਾਰ ਕਹਾਉਂਦਾ ਹੈ,
ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵਧ ਜਾਂਦੀ ਹੈ।
22 ਬੁੱਧ ਸਮਝਦਾਰ ਲਈ ਜੀਵਨ ਦਾ ਸੋਤਾ ਹੈ,
ਪਰ ਮੂਰਖਤਾ ਮੂਰਖਾਂ ਨੂੰ ਸਜ਼ਾ ਦਿੰਦੀ ਹੈ।
23 ਬੁੱਧਵਾਨਾਂ ਦੇ ਦਿਲ ਆਪਣੇ ਮੂੰਹ ਨੂੰ ਸਮਝਦਾਰ ਬਣਾਉਂਦੇ ਹਨ,
ਅਤੇ ਉਹਨਾਂ ਦੇ ਬੁੱਲ ਉਪਦੇਸ਼ ਦਿੰਦੇ ਹਨ।
24 ਮਨਭਾਉਂਦੇ ਬਚਨ ਇੱਕ ਸ਼ਹਿਦ ਦਾ ਛੱਤਾ ਹੈ,
ਆਤਮਾ ਲਈ ਮਿੱਠਾ ਅਤੇ ਹੱਡੀਆਂ ਨੂੰ ਚੰਗਾ ਕਰਦਾ ਹੈ।
25 ਇੱਕ ਅਜਿਹਾ ਰਾਹ ਹੈ ਜੋ ਸਹੀ ਜਾਪਦਾ ਹੈ,
ਪਰ ਅੰਤ ਵਿੱਚ ਉਹ ਮੌਤ ਵੱਲ ਲੈ ਜਾਂਦਾ ਹੈ।
26 ਮਜ਼ਦੂਰਾਂ ਦੀ ਭੁੱਖ ਉਹਨਾਂ ਲਈ ਕੰਮ ਕਰਦੀ ਹੈ;
ਉਹਨਾਂ ਦੀ ਭੁੱਖ ਉਹਨਾਂ ਨੂੰ ਅੱਗੇ ਵਧਾਉਂਦੀ ਹੈ।
27 ਇੱਕ ਦੁਸ਼ਟ ਬੁਰਿਆਈ ਦੀ ਸਾਜ਼ਿਸ਼ ਘੜਦਾ ਹੈ,
ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਉਹ ਬਲਦੀ ਅੱਗ ਵਰਗਾ ਹੈ।
28 ਇੱਕ ਭੈੜਾ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ,
ਅਤੇ ਚੁਗ਼ਲੀ ਕਰਨ ਵਾਲਾ ਨਜ਼ਦੀਕੀ ਦੋਸਤਾਂ ਨੂੰ ਵੱਖ ਕਰ ਦਿੰਦੀ ਹੈ।
29 ਇੱਕ ਹਿੰਸਕ ਵਿਅਕਤੀ ਆਪਣੇ ਗੁਆਂਢੀ ਨੂੰ ਭਰਮਾਉਂਦਾ ਹੈ
ਅਤੇ ਉਹਨਾਂ ਨੂੰ ਅਜਿਹੇ ਰਾਹ ਤੇ ਲੈ ਜਾਂਦਾ ਹੈ ਜੋ ਚੰਗਾ ਨਹੀਂ ਹੈ।
30 ਜੋ ਕੋਈ ਅੱਖਾਂ ਮਟਕਾਉਂਦਾ ਹੈ, ਉਹ ਵਿਗਾੜ ਦੀ ਸਾਜ਼ਿਸ਼ ਰਚਦਾ ਹੈ।
ਜੋ ਕੋਈ ਆਪਣੇ ਬੁੱਲ੍ਹਾਂ ਨੂੰ ਘੁੱਟਦਾ ਹੈ, ਉਹ ਬੁਰਿਆਈ ਉੱਤੇ ਤੁਲਿਆ ਹੋਇਆ ਹੈ।
31 ਧੌਲਾ ਸਿਰ ਦਾ ਤਾਜ ਹੈ;
ਇਹ ਧਰਮ ਦੇ ਰਾਹ ਵਿੱਚ ਪ੍ਰਾਪਤ ਹੁੰਦਾ ਹੈ।
32 ਜਿਹੜਾ ਕ੍ਰੋਧ ਵਿੱਚ ਧੀਮਾ ਉਹ ਸੂਰਮੇ ਨਾਲੋਂ,
ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਨਾਲੋਂ ਚੰਗਾ ਹੈ।
33 ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ,
ਪਰ ਇਸਦਾ ਫੈਸਲਾ ਯਾਹਵੇਹ ਵੱਲੋਂ ਹੁੰਦਾ ਹੈ।