1 ਇਹ ਸ਼ਲੋਮੋਨ ਦੀਆਂ ਹੋਰ ਕਹਾਵਤਾਂ ਹਨ, ਜੋ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਆਦਮੀਆਂ ਦੁਆਰਾ ਸੰਕਲਿਤ ਕੀਤੀਆਂ ਗਈਆਂ ਹਨ:
2 ਪਰਮੇਸ਼ਵਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ,
ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3 ਜਿਵੇਂ ਅਕਾਸ਼ ਉੱਚੇ ਅਤੇ ਧਰਤੀ ਡੂੰਘੀ ਹੈ,
ਤਿਵੇਂ ਹੀ ਰਾਜਿਆਂ ਦੇ ਦਿਲਾਂ ਨੂੰ ਨਹੀਂ ਜਾਣਿਆ ਜਾ ਸਕਦਾ।
4 ਚਾਂਦੀ ਦਾ ਖੋਟ ਕੱਢੋ,
ਤਾਂ ਸਰਾਫ਼ ਲਈ ਭਾਂਡਾ ਬਣੇਗਾ।
5 ਰਾਜੇ ਦੀ ਹਜ਼ੂਰੀ ਤੋਂ ਦੁਸ਼ਟ ਅਧਿਕਾਰੀਆਂ ਨੂੰ ਕੱਢੋ,
ਅਤੇ ਉਹ ਦਾ ਸਿੰਘਾਸਣ ਧਰਮ ਦੁਆਰਾ ਕਾਇਮ ਕੀਤਾ ਜਾਵੇਗਾ।
6 ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ,
ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;
7 ਉਸ ਲਈ ਇਹ ਚੰਗਾ ਹੈ ਕਿ ਉਹ ਤੁਹਾਨੂੰ ਕਹੇ, "ਇਧਰ ਆ ਜਾਓ,"
ਇਸ ਨਾਲੋਂ ਕਿ ਉਹ ਤੁਹਾਨੂੰ ਆਪਣੇ ਅਹਿਲਕਾਰਾਂ ਅੱਗੇ ਬੇਇੱਜ਼ਤ ਕਰੇ।
ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ,
8 ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ,
ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ,
ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?
9 ਜੇ ਤੁਸੀਂ ਆਪਣੇ ਗੁਆਂਢੀ ਨੂੰ ਅਦਾਲਤ ਵਿੱਚ ਲੈ ਜਾਓ,
ਇਸ ਭੇਤ ਬਾਰੇ ਕਿਸੇ ਦੂਸਰੇ ਨੂੰ ਨਾ ਦੱਸ,
10 ਕਿਤੇ ਸੁਣਨ ਵਾਲਾ ਤੁਹਾਨੂੰ ਸ਼ਰਮਿੰਦਾ ਕਰੇ
ਅਤੇ ਤੁਹਾਡੀ ਬਦਨਾਮੀ ਕਰੇ।
11 ਟਿਕਾਣੇ ਸਿਰ ਆਖੇ ਹੋਏ ਬਚਨ,
ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12 ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ,
ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13 ਜਿਵੇਂ ਵਾਢੀ ਦੇ ਸਮੇਂ ਬਰਫ਼ ਦੀ ਠੰਢ ਹੁੰਦੀ ਹੈ,
ਉਸੇ ਤਰ੍ਹਾਂ ਹੀ ਭਰੋਸੇਮੰਦ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆ ਦੇ ਲਈ ਹੁੰਦਾ ਹੈ,
ਉਹ ਆਪਣੇ ਮਾਲਕ ਦੀ ਆਤਮਾ ਨੂੰ ਤਰੋਤਾਜ਼ਾ ਕਰਦਾ ਹੈ।
14 ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ,
ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਸ ਵਿੱਚ ਮੀਂਹ ਨਹੀਂ ਹੈ।
15 ਧੀਰਜ ਨਾਲ ਹਾਕਮ ਨੂੰ ਕਾਇਲ ਕੀਤਾ ਜਾ ਸਕਦਾ ਹੈ,
ਅਤੇ ਨਰਮਾਈ ਨਾਲ ਕੀਤੀ ਗੱਲ ਬਾਤ ਹੱਡੀ ਨੂੰ ਤੋੜ ਸਕਦੀ ਹੈ।
16 ਜੇਕਰ ਤੁਹਾਨੂੰ ਸ਼ਹਿਦ ਮਿਲ ਜਾਵੇ ਤਾਂ ਜਿੰਨੀ ਲੋੜ ਹੈ ਉਨਾ ਹੀ ਖਾਓ,
ਕਿਤੇ ਜ਼ਿਆਦਾ ਖਾ ਕੇ ਤੁਹਾਨੂੰ ਉਲਟੀ ਆ ਜਾਵੇ।
17 ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ,
ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।
18 ਜਿਹੜਾ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ,
ਉਹ ਹਥੌੜੇ ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।
19 ਮੁਸੀਬਤ ਦੇ ਸਮੇਂ ਬੇਵਫ਼ਾ ਉੱਤੇ ਭਰੋਸਾ ਕਰਨਾ,
ਟੁੱਟੇ ਹੋਏ ਦੰਦ ਜਾਂ ਲੰਗੜੇ ਪੈਰ ਵਾਂਗ ਹੈ।
20 ਜਿਵੇਂ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ,
ਸਿਆਲ ਵਿੱਚ ਕੱਪੜਾ ਉਤਾਰਨ,
ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ।
21 ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ ਦਿਓ,
ਜੇ ਉਹ ਪਿਆਸਾ ਹੈ ਤਾਂ ਉਸ ਨੂੰ ਪੀਣ ਲਈ ਪਾਣੀ ਦਿਓ।
22 ਅਜਿਹਾ ਕਰਨ ਨਾਲ ਤੁਸੀਂ ਉਸਦੇ ਸਿਰ ਉੱਤੇ ਬਲਦੇ ਕੋਲਿਆਂ ਦਾ ਢੇਰ ਲਗਾਓਗੇ,
ਅਤੇ ਯਾਹਵੇਹ ਤੁਹਾਨੂੰ ਇਨਾਮ ਦੇਵੇਗਾ।
23 ਉੱਤਰੀ ਪੌਣ ਅਚਾਨਕ ਵਰਖਾ ਲਿਆਉਂਦੀ ਹੈ
ਨਿੰਦਿਆ ਕਰਨ ਵਾਲੀ ਜੀਭ ਨਰਾਜਗੀ ਨੂੰ ਲਿਆਉਂਦੀ ਹੈ।
24 ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ,
ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।
25 ਜਿਵੇਂ ਥੱਕੇ ਹੋਏ ਮਨੁੱਖ ਲਈ ਠੰਡਾ ਪਾਣੀ
ਤਿਵੇਂ ਹੀ ਦੂਰ ਦੇਸ਼ ਤੋਂ ਆਈ ਖੁਸ਼ਖਬਰੀ ਹੈ।
26 ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਝੁੱਕ ਜਾਂਦਾ ਹੈ,
ਉਹ ਗੰਦੇ ਚਸ਼ਮੇ ਜਾਂ ਪਲੀਤ ਖੂਹ ਵਾਂਗ ਹੈ।
27 ਬਹੁਤਾ ਸ਼ਹਿਦ ਖਾਣਾ ਚੰਗਾ ਨਹੀਂ,
ਅਤੇ ਨਾ ਹੀ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰਨੀ ਚੰਗੀ ਗੱਲ ਹੈ।
28 ਉਹ ਵਿਅਕਤੀ ਜਿਸ ਵਿੱਚ ਸੰਜਮ ਦੀ ਘਾਟ ਹੈ,
ਉਸ ਸ਼ਹਿਰ ਵਰਗਾ ਹੈ ਜਿਸ ਦੀਆਂ ਕੰਧਾਂ ਅਤੇ ਦੀਵਾਰ ਟੁੱਟ ਗਈਆ ਹਨ।