1 ਇੱਕ ਨੇਕ ਨਾਮ ਵੱਡੀ ਦੌਲਤ ਨਾਲੋਂ ਵਧੇਰੇ ਚੰਗਾ ਹੈ,
ਆਦਰ ਕੀਤਾ ਜਾਣਾ ਚਾਂਦੀ ਜਾਂ ਸੋਨੇ ਨਾਲੋਂ ਚੰਗਾ ਹੈ।
2 ਅਮੀਰ ਅਤੇ ਗਰੀਬ ਵਿੱਚ ਇੱਕ ਸਮਾਨਤਾ ਹੈ,
ਕਿ ਯਾਹਵੇਹ ਸਭ ਦਾ ਸਿਰਜਣਹਾਰ ਹੈ।
3 ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,
ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
4 ਨਿਮਰਤਾ ਅਤੇ ਯਾਹਵੇਹ ਦਾ ਡਰ ਮੰਨਣਾ,
ਇਸਦੀ ਮਜ਼ਦੂਰੀ ਦੌਲਤ, ਇੱਜ਼ਤ ਅਤੇ ਜੀਵਨ ਹੈ।
5 ਦੁਸ਼ਟਾਂ ਦੇ ਰਾਹ ਵਿੱਚ ਫੰਦੇ ਅਤੇ ਮੁਸੀਬਤਾਂ ਹਨ,
ਪਰ ਜਿਹੜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ ਉਹ ਉਹਨਾਂ ਤੋਂ ਦੂਰ ਰਹਿੰਦੇ ਹਨ।
6 ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
7 ਅਮੀਰ ਗਰੀਬਾਂ ਉੱਤੇ ਰਾਜ ਕਰਦਾ ਹੈ,
ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਗੁਲਾਮ ਹੈ।
8 ਜਿਹੜਾ ਬੇਇਨਸਾਫ਼ੀ ਬੀਜਦਾ ਹੈ ਉਹ ਬਿਪਤਾ ਵੱਢਦਾ ਹੈ,
ਅਤੇ ਜੋ ਡੰਡਾ ਉਹ ਕ੍ਰੋਧ ਵਿੱਚ ਰੱਖਦੇ ਹਨ, ਤੋੜਿਆ ਜਾਵੇਗਾ।
9 ਦਾਨੀ ਆਪ ਹੀ ਮੁਬਾਰਕ ਹੋਣਗੇ,
ਕਿਉਂਕਿ ਉਹ ਗਰੀਬਾਂ ਨਾਲ ਆਪਣਾ ਭੋਜਨ ਵੰਡਦੇ ਹਨ।
10 ਮਖੌਲ ਕਰਨ ਵਾਲੇ ਨੂੰ ਬਾਹਰ ਕੱਢ ਦਿਓ ਤਾਂ ਝਗੜਾ ਮੁੱਕ ਜਾਵੇਗਾ,
ਨਾਲੇ ਬਹਿਸ ਅਤੇ ਨਿਰਾਦਰ ਖਤਮ ਹੋ ਜਾਣਗੇ।
11 ਜਿਹੜਾ ਸ਼ੁੱਧ ਦਿਲ ਨਾਲ ਪਿਆਰ ਕਰਦਾ ਹੈ ਅਤੇ ਜੋ ਕਿਰਪਾ ਨਾਲ ਬੋਲਦਾ ਹੈ,
ਉਸ ਦੇ ਲਈ ਰਾਜਾ ਇੱਕ ਮਿੱਤਰ ਹੋਵੇਗਾ।
12 ਯਾਹਵੇਹ ਦੀਆਂ ਅੱਖਾਂ ਗਿਆਨ ਉੱਤੇ ਪਹਿਰਾ ਦਿੰਦੀਆਂ ਹਨ,
ਪਰ ਉਹ ਬੇਵਫ਼ਾ ਦੇ ਬਚਨਾਂ ਨੂੰ ਨਿਰਾਸ਼ ਕਰਦਾ ਹੈ।
13 ਆਲਸੀ ਆਖਦਾ ਹੈ ਬਾਹਰ ਇੱਕ ਸ਼ੇਰ ਹੈ,
ਮੈਨੂੰ ਜਨਤਕ ਚੌਂਕ ਵਿੱਚ ਮਾਰ ਦਿੱਤਾ ਜਾਵੇਗਾ!
14 ਵਿਭਚਾਰੀ ਔਰਤ ਦਾ ਮੂੰਹ ਡੂੰਘਾ ਟੋਆ ਹੈ,
ਉਸ ਵਿੱਚ ਉਹ ਮਨੁੱਖ ਡਿੱਗਦਾ ਹੈ ਜਿਸ ਉੱਤੇ ਯਾਹਵੇਹ ਕ੍ਰੋਧਵਾਨ ਹੈ।
15 ਬਾਲਕ ਦੇ ਦਿਲ ਵਿੱਚ ਮੂਰਖਤਾਈ ਬੱਝੀ ਹੋਈ ਹੁੰਦੀ ਹੈ,
ਪਰ ਅਨੁਸ਼ਾਸਨ ਦੀ ਸੋਟੀ ਉਸ ਨੂੰ ਦੂਰ ਭਜਾ ਦੇਵੇਗੀ।
16 ਇੱਕ ਜਿਹੜਾ ਆਪਣੀ ਦੌਲਤ ਵਧਾਉਣ ਲਈ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ,
ਅਤੇ ਇੱਕ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ, ਦੋਵੇਂ ਗਰੀਬੀ ਵਿੱਚ ਆਉਂਦੇ ਹਨ।
17 ਧਿਆਨ ਦਿਓ ਅਤੇ ਬੁੱਧਵਾਨਾਂ ਦੀਆਂ ਗੱਲਾਂ ਵੱਲ ਕੰਨ ਲਗਾਓ,
ਜੋ ਮੈਂ ਸਿਖਾਉਂਦਾ ਹਾਂ, ਉਸ ਨੂੰ ਆਪਣੇ ਦਿਲ ਵਿੱਚ ਵਸਾ ਲੈ,
18 ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਦੇ ਹੋ,
ਅਤੇ ਇਹ ਸਭ ਤੇਰੇ ਮੂੰਹ ਦੇ ਵਿੱਚੋਂ ਨਿਕਲੇ ਤਾਂ ਇਹ ਇੱਕ ਮਨਭਾਉਂਦੀ ਗੱਲ ਹੈ।
19 ਤਾਂ ਜੋ ਤੁਹਾਡਾ ਭਰੋਸਾ ਯਾਹਵੇਹ ਵਿੱਚ ਹੋਵੇ,
ਮੈਂ ਤੁਹਾਨੂੰ ਅੱਜ ਵੀ ਸਿਖਾਉਂਦਾ ਹਾਂ।
20 ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ,
ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,
21 ਕਿ ਮੈਂ ਤੁਹਾਨੂੰ ਸੱਚ ਬੋਲਣਾ ਅਤੇ ਇਮਾਨਦਾਰ ਰਹਿਣਾ ਨਹੀਂ ਸਿਖਾਉਂਦਾ,
ਤਾਂ ਜੋ ਤੁਸੀਂ ਸਚਿਆਈ ਦੀਆ ਗੱਲਾਂ,
ਉਹਨਾਂ ਕੋਲ ਜਾਓ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ?
22 ਗ਼ਰੀਬਾਂ ਦਾ ਸ਼ੋਸ਼ਣ ਨਾ ਕਰੋ ਕਿਉਂਕਿ ਉਹ ਗਰੀਬ ਹਨ,
ਅਤੇ ਲੋੜਵੰਦਾਂ ਨੂੰ ਕਚਿਹਰੀ ਵਿੱਚ ਨਾ ਕੁਚਲੋ,
23 ਕਿਉਂਕਿ ਯਾਹਵੇਹ ਉਨ੍ਹਾਂ ਦਾ ਮਕੁੱਦਮਾ ਲੜੇਗਾ,
ਅਤੇ ਉਹਨਾਂ ਦੇ ਪ੍ਰਾਣ ਦਾ ਬਦਲਾ ਲਵੇਗਾ।
24 ਕਿਸੇ ਗਰਮ ਸੁਭਾਅ ਵਾਲੇ ਵਿਅਕਤੀ ਨਾਲ ਦੋਸਤੀ ਨਾ ਕਰੋ,
ਅਸਾਨੀ ਨਾਲ ਗੁੱਸੇ ਵਾਲੇ ਵਿਅਕਤੀ ਨਾਲ ਮੇਲ ਨਾ ਰੱਖੋ,
25 ਕਿਤੇ ਅਜਿਹਾ ਨਾ ਹੋਵੇ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਲਵੋ,
ਅਤੇ ਆਪਣੇ ਆਪ ਨੂੰ ਫਾਹੀ ਵਿੱਚ ਫਸਾ ਲਵੋ।
26 ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ,
ਤੂੰ ਉਹਨਾਂ ਦੇ ਵਿੱਚ ਨਾ ਹੋ।
27 ਜੇਕਰ ਤੁਹਾਡੇ ਕੋਲ ਭੁਗਤਾਨ ਕਰਨ ਦਾ ਸਾਧਨ ਨਹੀਂ ਹੈ,
ਤਾਂ ਤੁਹਾਡਾ ਬਿਸਤਰਾ ਤੁਹਾਡੇ ਹੇਠੋਂ ਖੋਹ ਲਿਆ ਜਾਵੇਗਾ।
28 ਆਪਣੇ ਪੁਰਖਿਆਂ ਦੁਆਰਾ ਸਥਾਪਿਤ ਕੀਤੇ ਗਏ,
ਇੱਕ ਪੁਰਾਣੇ ਪੱਥਰ ਨੂੰ ਨਾ ਹਿਲਾਓ।
29 ਕੀ ਤੁਸੀਂ ਕਿਸੇ ਨੂੰ ਆਪਣੇ ਕੰਮ ਵਿੱਚ ਨਿਪੁੰਨ ਵੇਖਦੇ ਹੋ?
ਉਹ ਰਾਜਿਆਂ ਅੱਗੇ ਸੇਵਾ ਕਰਨਗੇ;
ਉਹ ਘੱਟ ਰਾਹ ਦੇ ਅਧਿਕਾਰੀਆਂ ਅੱਗੇ ਸੇਵਾ ਨਹੀਂ ਕਰਨਗੇ।