Publicidade

Hebreus 10

ਇੱਕ ਵਾਰ ਹੀ ਮਸੀਹ ਦਾ ਬਲੀਦਾਨ ਸਾਰਿਆਂ ਲਈ

1 ਬਿਵਸਥਾ ਸਿਰਫ ਉਹਨਾਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੈ ਜੋ ਆ ਰਹੀਆਂ ਹਨ ਪਰ ਇਹਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ। ਇਸ ਕਾਰਨ ਇਹ ਕਦੇ ਵੀ, ਜੋ ਲਗਾਤਾਰ ਕੁਰਬਾਨੀਆਂ ਸਾਲ ਦਰ ਸਾਲ ਦੁਹਰਾਈਆ ਜਾਂਦੀਆਂ ਸਨ, ਉਹਨਾਂ ਨੂੰ ਸੰਪੂਰਨ ਨਹੀਂ ਬਣਾ ਸਕਦਾ ਜੋ ਅਰਾਧਨਾ ਦੇ ਨੇੜੇ ਆਉਂਦੇ ਹਨ। 2 ਨਹੀਂ ਤਾਂ, ਉਹ ਭੇਂਟ ਦੇਣਾ ਬੰਦ ਨਾ ਕਰਦੇ? ਕਿਉਂਕਿ ਇੱਕੋ ਵਾਰ ਸ਼ੁੱਧ ਹੋ ਜਾਣ ਤੋਂ ਬਾਦ ਅਰਾਧਕਾਂ ਵਿੱਚ ਉਹਨਾਂ ਦੇ ਪਾਪਾਂ ਲਈ ਕੋਈ ਦੋਸ਼ ਮਹਿਸੂਸ ਕਰਨ ਦਾ ਕਾਰਨ ਹੀ ਨਹੀਂ ਰਹਿ ਜਾਂਦਾ। 3 ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪ ਸਾਲਾਨਾ ਯਾਦ ਆਉਂਦੇ ਹਨ। 4 ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।

5 ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸ ਨੇ ਪਰਮੇਸ਼ਵਰ ਨੂੰ ਕਿਹਾ:

"ਬਲੀਦਾਨ ਅਤੇ ਭੇਂਟ ਨੂੰ ਤੂੰ ਨਾ ਚਾਹਿਆ,

ਪਰ ਇੱਕ ਸਰੀਰ ਜਿਸ ਨੂੰ ਤੂੰ ਮੇਰੇ ਲਈ ਤਿਆਰ ਕੀਤਾ ਸੀ;

6 ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨਾਲ

ਤੂੰ ਖੁਸ਼ ਨਹੀਂ ਹੁੰਦਾ।

7 ਫਿਰ ਮਸੀਹ ਨੇ ਪਰਮੇਸ਼ਵਰ ਨੂੰ ਆਖਿਆ,

‘ਮੈਂ ਇੱਥੇ ਹਾਂ ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ

ਹੇ ਮੇਰੇ ਪਰਮੇਸ਼ਵਰ ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।’ "

8 ਪਹਿਲਾਂ ਮਸੀਹ ਨੇ ਪਰਮੇਸ਼ਵਰ ਨੂੰ ਕਿਹਾ, "ਬਲੀਦਾਨ ਅਤੇ ਭੇਂਟਾਂ, ਹੋਮ ਦੀਆਂ ਭੇਂਟਾਂ ਅਤੇ ਪਾਪ ਬਲੀ ਦੀਆਂ ਭੇਟਾਂ ਜਿਨ੍ਹਾਂ ਦੀ ਤੂੰ ਇੱਛਾ ਨਹੀਂ ਕੀਤੀ ਸੀ ਅਤੇ ਨਾ ਹੀ ਤੂੰ ਉਹਨਾਂ ਤੋਂ ਖੁਸ਼ ਸੀ," ਹਾਲਾਂਕਿ ਉਹ ਬਿਵਸਥਾ ਦੇ ਅਨੁਸਾਰ ਭੇਟ ਕੀਤੇ ਗਏ ਸਨ। 9 ਫਿਰ ਉਸ ਨੇ ਕਿਹਾ, "ਮੈਂ ਇੱਥੇ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।" ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਹਟਾਉਂਦਾ ਹੈ। 10 ਅਤੇ ਇਸ ਇੱਛਾ ਦੁਆਰਾ, ਸਾਨੂੰ ਯਿਸ਼ੂ ਮਸੀਹ ਦੇ ਸਰੀਰ ਦੇ ਬਲੀਦਾਨ ਕਰਨ ਦੁਆਰਾ ਪਵਿੱਤਰ ਕੀਤਾ ਗਿਆ ਹੈ।

11 ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ। 12 ਪਰ ਜਦੋਂ ਮਸੀਹ ਨੇ ਹਰ ਸਮੇਂ ਦੇ ਪਾਪਾਂ ਲਈ ਇੱਕ ਬਲੀਦਾਨ ਚੜ੍ਹਾ ਕੇ, ਉਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠ ਗਿਆ, 13 ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕਦੋਂ ਉਸ ਦੇ ਦੁਸ਼ਮਣ ਉਸ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ। 14 ਕਿਉਂਕਿ ਇੱਕ ਕੁਰਬਾਨੀ ਦੁਆਰਾ ਉਸ ਨੇ ਉਹਨਾਂ ਨੂੰ ਸਦਾ ਲਈ ਸੰਪੂਰਨ ਬਣਾ ਦਿੱਤਾ ਹੈ ਜਿਹੜੇ ਪਵਿੱਤਰ ਕੀਤੇ ਗਏ ਹਨ।

15 ਪਵਿੱਤਰ ਆਤਮਾ ਵੀ ਸਾਨੂੰ ਇਸ ਬਾਰੇ ਗਵਾਹੀ ਦਿੰਦਾ ਹੈ। ਪਹਿਲਾਂ ਉਹ ਕਹਿੰਦਾ ਹੈ:

16 "ਇਹ ਵਾਚਾ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ

ਉਹਨਾਂ ਨਾਲ ਕਰਾਂਗਾ, ਪ੍ਰਭੂ ਆਖਦਾ ਹੈ।

ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ,

ਅਤੇ ਮੈਂ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ।"

17 ਫਿਰ ਉਹ ਅੱਗੇ ਕਹਿੰਦਾ ਹੈ:

"ਮੈਂ ਉਹਨਾਂ ਦੇ ਪਾਪਾਂ ਅਤੇ ਅਧਰਮ ਦੇ ਕੰਮਾਂ

ਨੂੰ ਕਦੇ ਚੇਤੇ ਨਹੀਂ ਕਰਾਂਗਾ।"

18 ਅਤੇ ਜਿੱਥੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ, ਉੱਥੇ ਪਾਪਾਂ ਲਈ ਬਲੀਦਾਨ ਦੀ ਹੁਣ ਲੋੜ ਨਹੀਂ ਹੈ।

ਵਿਸ਼ਵਾਸ ਵਿੱਚ ਦ੍ਰਿੜ ਰਹਿਣ ਲਈ ਇੱਕ ਬੁਲਾਵਾ

19 ਇਸ ਲਈ, ਹੇ ਭਰਾਵੋ ਅਤੇ ਭੈਣੋ, ਕਿਉਂਕਿ ਸਾਨੂੰ ਯਿਸ਼ੂ ਦੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਵਿਸ਼ਵਾਸ ਹੈ। 20 ਇੱਕ ਨਵੇਂ ਅਤੇ ਜਿਉਂਦੇ ਰਾਹ ਨੂੰ, ਜੋ ਉਸ ਨੇ ਪਰਦੇ ਵਿੱਚ ਦੀ ਆਪਣੇ ਸਰੀਰ ਦੇ ਦੁਆਰਾ ਸਾਡੇ ਲਈ ਖੋਲ੍ਹ ਦਿੱਤਾ, 21 ਅਤੇ ਕਿਉਂਕਿ ਸਾਡੇ ਕੋਲ ਪਰਮੇਸ਼ਵਰ ਦੇ ਘਰ ਦਾ ਇੱਕ ਮਹਾਨ ਜਾਜਕ ਹੈ। 22 ਆਓ ਅਸੀਂ ਸੱਚੇ ਦਿਲ ਨਾਲ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਵਰ ਦੇ ਨੇੜੇ ਜਾਈਏ, ਜੋ ਵਿਸ਼ਵਾਸ ਲਿਆਉਂਦਾ ਹੈ, ਸਾਡੇ ਦਿਲਾਂ ਨੂੰ ਇੱਕ ਦੋਸ਼ੀ ਜ਼ਮੀਰ ਤੋਂ ਸ਼ੁੱਧ ਕਰਨ ਅਤੇ ਸਾਡੇ ਸਰੀਰ ਨੂੰ ਸ਼ੁੱਧ ਪਾਣੀ ਨਾਲ ਧੋਣ ਲਈ ਛਿੜਕਿਆ ਜਾਂਦਾ ਹੈ। 23 ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ। 24 ਅਤੇ ਆਓ ਵਿਚਾਰ ਕਰੀਏ ਕਿ ਅਸੀਂ ਇੱਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮਾਂ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ, 25 ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਿਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।

26 ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰਦੇ ਰਹਿੰਦੇ ਹਾਂ, ਤਾਂ ਪਾਪਾਂ ਦੇ ਲਈ ਫਿਰ ਹੋਰ ਕੋਈ ਬਲੀਦਾਨ ਨਹੀਂ, 27 ਪਰ ਸਿਰਫ ਨਿਆਂ ਅਤੇ ਭਿਆਨਕ ਅੱਗ ਦੀ ਇੱਕ ਡਰਾਉਣੀ ਉਡੀਕ ਜੋ ਪਰਮੇਸ਼ਵਰ ਦੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ। 28 ਜਿਹੜਾ ਵੀ ਮੋਸ਼ੇਹ ਦੇ ਕਾਨੂੰਨ ਨੂੰ ਨਹੀਂ ਮੰਨਦਾ, ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੇ ਕਾਰਨ ਉਸ ਨੂੰ ਬਿਨਾਂ ਕਿਸੇ ਰਹਿਮ ਦੇ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। 29 ਤਾਂ ਤੁਸੀਂ ਫਿਰ ਸੋਚੋ, ਕਿੰਨ੍ਹੀ ਜ਼ਿਆਦਾ ਬੁਰੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਹੈ, ਅਤੇ ਨੇਮ ਦੇ ਖੂਨ ਨੂੰ ਅਪਵਿੱਤਰ ਸਮਝਿਆ ਹੈ ਜਿਸ ਦੇ ਨਾਲ ਉਸ ਨੂੰ ਪਵਿੱਤਰ ਕੀਤਾ ਗਿਆ ਸੀ, ਅਤੇ ਜਿਸ ਨੇ ਕਿਰਪਾ ਦੀ ਆਤਮਾ ਦਾ ਅਪਮਾਨ ਕੀਤਾ ਹੈ? 30 ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ ਸੀ, "ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ," ਅਤੇ ਫਿਰ ਇਹ, "ਕਿ ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।" 31 ਜੀਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਪੈਣਾ ਇੱਕ ਭਿਆਨਕ ਗੱਲ ਹੈ।

32 ਪਰ ਦੁੱਖਾਂ ਦੇ ਪਹਿਲਿਆ ਦਿਨਾਂ ਨੂੰ ਯਾਦ ਕਰੋ ਜਦੋਂ ਤੁਸੀਂ ਰੋਸ਼ਨ ਕੀਤੇ ਜਾਣ ਤੋਂ ਬਾਅਦ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿਣ ਕੀਤਾ 33 ਕਈ ਵਾਰ ਤੁਹਾਨੂੰ ਜਨਤਕ ਤੌਰ ਤੇ ਅਪਮਾਨ ਅਤੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ; ਕਿਸੇ ਹੋਰ ਸਮੇਂ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਸੀ ਜਿਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ। 34 ਤੁਸੀਂ ਜੇਲ੍ਹ ਵਿੱਚ ਬੰਦ ਲੋਕਾਂ ਦੇ ਨਾਲ ਦੁੱਖ ਝੱਲਿਆ ਅਤੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ, ਕਿਉਂਕਿ ਤੁਸੀਂ ਜਾਣਦੇ ਸੀ ਕਿ ਸਾਡੇ ਕੋਲ ਬਿਹਤਰ ਅਤੇ ਅਟੱਲ ਧਨ ਹੈ। 35 ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।

36 ਤੁਹਾਨੂੰ ਦ੍ਰਿੜ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਲਓ, ਤੁਹਾਨੂੰ ਉਹ ਮਿਲੇਗਾ ਜੋ ਉਸ ਨੇ ਵਾਅਦਾ ਕੀਤਾ ਸੀ। 37 ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ,

"ਜੋ ਆਉਣ ਵਾਲਾ ਹੈ

ਉਹ ਪ੍ਰਭੂ ਆਵੇਗਾ ਅਤੇ

ਦੇਰੀ ਨਹੀਂ ਕਰੇਗਾ।"

38 ਪਰ,

"ਮੇਰਾ ਧਰਮੀ ਵਿਅਕਤੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।

ਅਤੇ ਮੇਰਾ ਮਨ ਉਸ ਵਿਅਕਤੀ ਤੋਂ ਖੁਸ਼ ਨਹੀਂ ਹੁੰਦਾ ਜੋ ਪਿੱਛੇ ਹਟ ਜਾਂਦਾ ਹੈ।"

39 ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਲੈਂਦੇ ਹਨ।

Veja também

Publicidade
Hebreus
Ver todos os capítulos de Hebreus
Bíblia Online Bíblia Online

Bíblia Online • Versão: 2026-06-18_14-04-22-