1 ਇਸ ਲਈ ਜ਼ਰੂਰੀ ਹੈ ਕਿ ਜੋ ਸੱਚ ਅਸੀਂ ਸੁਣਿਆ ਹੈ, ਉਸ ਵੱਲ ਧਿਆਨ ਲਾਈਏ ਤਾਂ ਜੋ ਅਸੀਂ ਕਿਤੇ ਉਸ ਤੋਂ ਦੂਰ ਨਾ ਹੋ ਜਾਈਏ। 2 ਕਿਉਂਕਿ ਜਦੋਂ ਦੂਤਾਂ ਦੁਆਰਾ ਸਾਡੇ ਬਜ਼ੁਰਗਾਂ ਨੂੰ ਬੋਲਿਆ ਗਿਆ ਸੰਦੇਸ਼ ਦ੍ਰਿੜ੍ਹ ਠਹਿਰਿਆ ਅਤੇ ਹਰ ਉਲੰਘਣਾ ਅਤੇ ਅਣ-ਆਗਿਆਕਾਰੀ ਨੂੰ ਇਸਦੀ ਸਹੀ ਸਜ਼ਾ ਮਿਲੀ, 3 ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ। 4 ਪਰਮੇਸ਼ਵਰ ਨੇ ਨਿਸ਼ਾਨੀਆਂ, ਅਚੰਭਿਆਂ ਅਤੇ ਵੱਖੋ ਵੱਖਰੇ ਚਮਤਕਾਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੁਆਰਾ ਉਸ ਦੀ ਇੱਛਾ ਅਨੁਸਾਰ ਇਸ ਦੀ ਗਵਾਹੀ ਦਿੱਤੀ।
5 ਪਰਮੇਸ਼ਵਰ ਨੇ ਆਉਣ ਵਾਲੇ ਸੰਸਾਰ ਨੂੰ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਸਵਰਗਦੂਤਾਂ ਦੇ ਅਧੀਨ ਨਹੀਂ ਕੀਤਾ ਹੈ। 6 ਪਰ ਬਚਨ ਨੇ ਇਸ ਪ੍ਰਕਾਰ ਗਵਾਹੀ ਦਿੱਤੀ ਹੈ:
"ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,
ਮਨੁੱਖ ਦਾ ਪੁੱਤਰ ਹੈ ਹੀ ਕਿ ਜੋ ਤੂੰ ਉਸ ਦੀ ਚਿੰਤਾਂ ਕਰੇ?
7 ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ;
ਤੂੰ ਉਸ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।
8 ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ।"
ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਪਰਮੇਸ਼ਵਰ ਨੇ ਅਜਿਹਾ ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਹੋਵੇ। ਪਰ ਹੁਣ ਤੱਕ ਅਸੀਂ ਹਰ ਚੀਜ਼ ਨੂੰ ਉਸ ਦੇ ਅਧੀਨ ਨਹੀਂ ਵੇਖਦੇ। 9 ਪਰ ਅਸੀਂ ਯਿਸ਼ੂ ਨੂੰ ਵੇਖਦੇ ਹਾਂ, ਜਿਸ ਨੂੰ ਥੋੜੇ ਸਮੇਂ ਲਈ ਸਵਰਗਦੂਤਾਂ ਨਾਲੋਂ ਨੀਵਾਂ ਕੀਤਾ ਗਿਆ ਸੀ, ਹੁਣ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਗਿਆ ਹੈ ਕਿਉਂਕਿ ਉਸ ਨੇ ਮੌਤ ਦਾ ਸਾਹਮਣਾ ਕੀਤਾ ਸੀ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਸਾਰਿਆਂ ਲਈ ਮੌਤ ਦਾ ਸਵਾਦ ਚੱਖ ਸਕੇ।
10 ਪਰਮੇਸ਼ਵਰ ਦੇ ਬਹੁਤ ਸਾਰੇ ਪੁੱਤਰਾਂ ਅਤੇ ਧੀਆਂ ਨੂੰ ਮਹਿਮਾ ਵਿੱਚ ਲਿਆਉਣ ਲਈ, ਇਹ ਸਹੀ ਸੀ ਕਿ ਪਰਮੇਸ਼ਵਰ, ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਕੁਝ ਮੌਜੂਦ ਹੈ, ਉਹਨਾਂ ਦੀ ਮੁਕਤੀ ਦੇ ਆਗੂ ਨੂੰ ਦੁੱਖ ਝੱਲਣ ਦੁਆਰਾ ਸਿੱਧ ਕਰੇ। 11 ਉਹ ਜੋ ਪਵਿੱਤਰ ਕਰਦਾ ਹੈ ਅਤੇ ਉਹ ਸਾਰੇ ਜੋ ਪਵਿੱਤਰ ਕੀਤੇ ਜਾ ਰਹੇ ਹਨ ਇੱਕੋ ਪਿਤਾ ਦੇ ਬੱਚੇ ਹਨ। ਇਸੇ ਲਈ ਉਹਨਾਂ ਨੂੰ ਭਰਾ ਅਤੇ ਭੈਣ ਕਹਿਣ ਵਿੱਚ ਸ਼ਰਮ ਨਹੀਂ ਆਉਂਦੀ। 12 ਯਿਸ਼ੂ ਪਰਮੇਸ਼ਵਰ ਨੂੰ ਕਹਿੰਦਾ ਹੈ,
"ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰਾ ਨਾਮ ਦੱਸਾਂਗਾ;
ਸਭਾ ਵਿੱਚ ਮੈਂ ਤੁਹਾਡੇ ਗੁਣ ਗਾਵਾਂਗਾ।"
13 ਅਤੇ ਫਿਰ,
"ਮੈਂ ਪਰਮੇਸ਼ਵਰ ਤੇ ਆਪਣਾ ਭਰੋਸਾ ਰੱਖਾਂਗਾ।"
ਅਤੇ ਫਿਰ ਉਹ ਕਹਿੰਦਾ ਹੈ,
"ਇਹ ਮੈਂ ਹਾਂ, ਅਤੇ ਉਹ ਬੱਚੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਹਨ।"
14 ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸ ਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸ ਦੀ ਮੌਤ ਨਾਲ ਉਹ ਉਸ ਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ, 15 ਅਤੇ ਉਹਨਾਂ ਲੋਕਾਂ ਨੂੰ ਅਜ਼ਾਦ ਕਰੇ ਜੋ ਆਪਣੀ ਸਾਰੀ ਜ਼ਿੰਦਗੀ ਮੌਤ ਦੇ ਡਰ ਨਾਲ ਗੁਲਾਮੀ ਵਿੱਚ ਫਸੇ ਹੋਏ ਸਨ। 16 ਯਕੀਨਨ ਉਹ ਸਵਰਗਦੂਤਾਂ ਦੀ ਨਹੀਂ ਪਰ ਅਬਰਾਹਾਮ ਦੇ ਵੰਸ਼ ਦੀ ਸਹਾਇਤਾ ਕਰਦਾ ਹੈ। 17 ਇਸ ਕਾਰਨ ਕਰਕੇ ਉਸ ਨੂੰ ਉਹਨਾਂ ਵਾਂਗ, ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਮਨੁੱਖ ਬਣਨਾ ਪਿਆ, ਤਾਂ ਜੋ ਉਹ ਪਰਮੇਸ਼ਵਰ ਦੀ ਸੇਵਾ ਵਿੱਚ ਦਿਆਲੂ ਅਤੇ ਵਫ਼ਾਦਾਰ ਮਹਾਂ ਜਾਜਕ ਬਣ ਸਕੇ, ਅਤੇ ਉਹ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ। 18 ਕਿਉਂਕਿ ਜਦੋਂ ਯਿਸ਼ੂ ਪਰਖਿਆ ਗਿਆ ਸੀ ਤਾਂ ਉਸ ਨੇ ਆਪ ਵੀ ਦੁੱਖ ਝੱਲਿਆ ਸੀ, ਉਹ ਉਹਨਾਂ ਲੋਕਾਂ ਦੀ ਸਹਾਇਤਾ ਕਰਨ ਦੇ ਯੋਗ ਹੈ ਜੋ ਪਰਖੇ ਜਾਂਦੇ ਹਨ।