Pular para o conteúdo
Publicidade

ਨਹਮਯਾਹ 13

ਨਹਮਯਾਹ ਦੇ ਅੰਤਿਮ ਸੁਧਾਰ

1 ਉਸ ਦਿਨ ਮੋਸ਼ੇਹ ਦੀ ਪੋਥੀ ਲੋਕਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਗਈ ਅਤੇ ਉੱਥੇ ਇਹ ਲਿਖਿਆ ਹੋਇਆ ਪਾਇਆ ਗਿਆ ਕਿ ਕਿਸੇ ਅੰਮੋਨੀ ਜਾਂ ਮੋਆਬੀ ਨੂੰ ਕਦੇ ਵੀ ਪਰਮੇਸ਼ਵਰ ਦੀ ਸਭਾ ਵਿੱਚ ਦਾਖਲ ਨਾ ਕੀਤਾ ਜਾਵੇ। 2 ਕਿਉਂਕਿ ਉਹ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਲੈ ਕੇ ਨਹੀਂ ਮਿਲੇ ਸਨ ਪਰ ਬਿਲਆਮ ਨੂੰ ਉਹਨਾਂ ਉੱਤੇ ਸਰਾਪ ਦੇਣ ਲਈ ਕਿਰਾਏ ਤੇ ਲਿਆਏ ਸਨ। (ਹਾਲਾਂਕਿ, ਸਾਡੇ ਪਰਮੇਸ਼ਵਰ ਨੇ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ।) 3 ਜਦੋਂ ਲੋਕਾਂ ਨੇ ਇਹ ਬਿਵਸਥਾ ਸੁਣੀ, ਤਾਂ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਇਸਰਾਏਲ ਵਿੱਚੋਂ ਬਾਹਰ ਕਰ ਦਿੱਤਾ ਜੋ ਵਿਦੇਸ਼ੀ ਮੂਲ ਦੇ ਸਨ।

4 ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਤੋਬਿਆਹ ਦਾ ਰਿਸ਼ਤੇਦਾਰ ਸੀ, 5 ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।

6 ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਮੈਂ ਯੇਰੂਸ਼ਲੇਮ ਵਿੱਚ ਨਹੀਂ ਸੀ ਕਿਉਂਕਿ ਮੈਂ ਬਾਬੇਲ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਬਤੀਹਵੇਂ ਵਰ੍ਹੇ ਵਿੱਚ ਪਾਤਸ਼ਾਹ ਕੋਲ ਮੁੜ ਆਇਆ ਸੀ। ਕੁਝ ਸਮੇਂ ਬਾਅਦ ਮੈਂ ਉਸ ਤੋਂ ਆਗਿਆ ਮੰਗੀ 7 ਅਤੇ ਯੇਰੂਸ਼ਲੇਮ ਵਾਪਸ ਆ ਗਿਆ। ਇੱਥੇ ਮੈਨੂੰ ਉਸ ਬੁਰਿਆਈ ਬਾਰੇ ਪਤਾ ਲੱਗਾ ਕਿ ਅਲਯਾਸ਼ੀਬ ਨੇ ਤੋਬਿਆਹ ਨੂੰ ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਇੱਕ ਕਮਰਾ ਦੇ ਕੇ ਕੀਤੀ ਸੀ। 8 ਮੈਂ ਬਹੁਤ ਨਾਰਾਜ਼ ਹੋਇਆ ਅਤੇ ਤੋਬਿਆਹ ਦੇ ਘਰ ਦਾ ਸਾਰਾ ਸਮਾਨ ਕਮਰੇ ਵਿੱਚੋਂ ਬਾਹਰ ਸੁੱਟ ਦਿੱਤਾ। 9 ਮੈਂ ਕਮਰਿਆਂ ਨੂੰ ਸ਼ੁੱਧ ਕਰਨ ਦਾ ਹੁਕਮ ਦਿੱਤਾ ਅਤੇ ਫਿਰ ਮੈਂ ਉਹਨਾਂ ਵਿੱਚ ਪਰਮੇਸ਼ਵਰ ਦੇ ਭਵਨ ਦਾ ਸਾਮਾਨ, ਅਨਾਜ਼ ਦੀਆਂ ਭੇਟਾਂ ਅਤੇ ਧੂਪਾਂ ਸਮੇਤ ਵਾਪਸ ਪਾ ਦਿੱਤਾ।

10 ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਦਿੱਤੇ ਗਏ ਹਿੱਸੇ ਉਹਨਾਂ ਨੂੰ ਨਹੀਂ ਦਿੱਤੇ ਗਏ ਸਨ, ਅਤੇ ਸੇਵਾ ਲਈ ਜ਼ਿੰਮੇਵਾਰ ਸਾਰੇ ਲੇਵੀਆਂ ਅਤੇ ਸੰਗੀਤਕਾਰ ਆਪਣੇ-ਆਪਣੇ ਖੇਤਾਂ ਨੂੰ ਵਾਪਸ ਚਲੇ ਗਏ ਸਨ। 11 ਇਸ ਲਈ ਮੈਂ ਅਧਿਕਾਰੀਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਪੁੱਛਿਆ, "ਪਰਮੇਸ਼ਵਰ ਦੇ ਘਰ ਦੀ ਅਣਦੇਖੀ ਕਿਉਂ ਕੀਤੀ ਗਈ ਹੈ?" ਫਿਰ ਮੈਂ ਉਹਨਾਂ ਨੂੰ ਇਕੱਠੇ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਸਥਾਨ ਤੇ ਤਾਇਨਾਤ ਕੀਤਾ।

12 ਸਾਰੇ ਯਹੂਦਾਹ ਨੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਂਦਾ। 13 ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ੱਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਹਨਾਂ ਦਾ ਕੰਮ ਸੀ।

14 ਮੇਰੇ ਪਰਮੇਸ਼ਵਰ, ਇਸ ਲਈ ਮੈਨੂੰ ਯਾਦ ਰੱਖੋ, ਅਤੇ ਜੋ ਮੈਂ ਆਪਣੇ ਪਰਮੇਸ਼ਵਰ ਦੇ ਘਰ ਅਤੇ ਇਸ ਦੀਆਂ ਸੇਵਾਵਾਂ ਲਈ ਇੰਨੀ ਵਫ਼ਾਦਾਰੀ ਨਾਲ ਕੀਤਾ ਹੈ, ਉਸ ਨੂੰ ਨਾ ਮਿਟਾਈ।

15 ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ13:15 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸੱਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਅੰਗੂਰਾਂ ਨੂੰ ਚੁਬੱਚੇ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਦਾਖ਼ਰਸ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਅੰਦਰ ਲਿਆਉਂਦੇ ਸਨ। ਇਸ ਲਈ ਮੈਂ ਉਹਨਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ। 16 ਸੂਰ ਦੇ ਲੋਕ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਸਬਤ ਦੇ ਦਿਨ ਯੇਰੂਸ਼ਲੇਮ ਵਿੱਚ ਮੱਛੀਆਂ ਅਤੇ ਹਰ ਕਿਸਮ ਦਾ ਵਪਾਰ ਲਿਆਉਂਦੇ ਸਨ ਅਤੇ ਯਹੂਦਾਹ ਦੇ ਲੋਕਾਂ ਨੂੰ ਵੇਚਦੇ ਸਨ। 17 ਮੈਂ ਯਹੂਦਾਹ ਦੇ ਸਰਦਾਰਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, "ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ? 18 ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।"

19 ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ। 20 ਇੱਕ ਜਾਂ ਦੋ ਵਾਰ ਵਪਾਰੀਆਂ ਅਤੇ ਹਰ ਕਿਸਮ ਦਾ ਮਾਲ ਵੇਚਣ ਵਾਲਿਆਂ ਨੇ ਯੇਰੂਸ਼ਲੇਮ ਦੇ ਬਾਹਰ ਰਾਤ ਕੱਟੀ। 21 ਪਰ ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, "ਤੁਸੀਂ ਕੰਧ ਕੋਲ ਰਾਤ ਕਿਉਂ ਬਿਤਾਉਂਦੇ ਹੋ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ!" ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ। 22 ਤਦ ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਆਪ ਨੂੰ ਸ਼ੁੱਧ ਕਰਨ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖਣ ਲਈ ਜਾ ਕੇ ਫਾਟਕਾਂ ਦੀ ਰਾਖੀ ਕਰਨ।

ਹੇ ਮੇਰੇ ਪਰਮੇਸ਼ਵਰ, ਇਸ ਲਈ ਵੀ ਮੈਨੂੰ ਯਾਦ ਕਰ ਅਤੇ ਆਪਣੇ ਮਹਾਨ ਪਿਆਰ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ।

23 ਇਸ ਤੋਂ ਇਲਾਵਾ, ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਦੇ ਆਦਮੀਆਂ ਨੂੰ ਦੇਖਿਆ ਜਿਨ੍ਹਾਂ ਨੇ ਅਸ਼ਦੋਦ, ਅੰਮੋਨ ਅਤੇ ਮੋਆਬ ਦੀਆਂ ਔਰਤਾਂ ਨਾਲ ਵਿਆਹ ਕੀਤਾ ਸੀ। 24 ਉਹਨਾਂ ਦੇ ਅੱਧੇ ਬੱਚੇ ਅਸ਼ਦੋਦ ਦੀ ਭਾਸ਼ਾ ਜਾਂ ਕਿਸੇ ਹੋਰ ਕੌਮ ਦੀ ਭਾਸ਼ਾ ਬੋਲਦੇ ਸਨ, ਅਤੇ ਉਹ ਨਹੀਂ ਜਾਣਦੇ ਸਨ ਕਿ ਯਹੂਦਾਹ ਦੀ ਭਾਸ਼ਾ ਕਿਵੇਂ ਬੋਲਣੀ ਹੈ। 25 ਤਦ ਮੈਂ ਉਹਨਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਹਨਾਂ ਦੇ ਵਾਲ਼ ਪੁੱਟਵਾਏ ਅਤੇ ਉਹਨਾਂ ਨੂੰ ਪਰਮੇਸ਼ਵਰ ਦੀ ਸਹੁੰ ਖੁਆਈ, "ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਹਨਾਂ ਦੀਆਂ ਧੀਆਂ ਨਾਲ ਕਰੋਗੇ। 26 ਕੀ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ? ਬਹੁਤ ਸਾਰੀਆਂ ਕੌਮਾਂ ਵਿੱਚ ਉਸ ਵਰਗਾ ਕੋਈ ਰਾਜਾ ਨਹੀਂ ਸੀ। ਉਹ ਆਪਣੇ ਪਰਮੇਸ਼ਵਰ ਦੁਆਰਾ ਪਿਆਰ ਕੀਤਾ ਗਿਆ ਸੀ, ਅਤੇ ਪਰਮੇਸ਼ਵਰ ਨੇ ਉਸਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਇਆ, ਪਰ ਇੱਥੋਂ ਤੱਕ ਕਿ ਉਹ ਵਿਦੇਸ਼ੀ ਔਰਤਾਂ ਦੁਆਰਾ ਪਾਪ ਵਿੱਚ ਲਿਆਇਆ ਗਿਆ ਸੀ। 27 ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਧੋਖਾ ਕਰੀਏ?"

28 ਪ੍ਰਧਾਨ ਜਾਜਕ ਅਲਯਾਸ਼ੀਬ ਦੇ ਪੁੱਤਰ ਯੋਯਾਦਾ ਦੇ ਪੁੱਤਰਾਂ ਵਿੱਚੋਂ ਇੱਕ ਹੋਰੋਨੀ ਸਨਬੱਲਟ ਦਾ ਜਵਾਈ ਸੀ ਅਤੇ ਮੈਂ ਉਸਨੂੰ ਮੇਰੇ ਤੋਂ ਦੂਰ ਕਰ ਦਿੱਤਾ।

29 ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਚੇਤੇ ਰੱਖ, ਕਿਉਂ ਜੋ ਉਹਨਾਂ ਨੇ ਜਾਜਕਾਂ ਦੇ ਅਹੁਦੇ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਭ੍ਰਿਸ਼ਟ ਕੀਤਾ।

30 ਇਸ ਲਈ ਮੈਂ ਜਾਜਕਾਂ ਅਤੇ ਲੇਵੀਆਂ ਨੂੰ ਸਾਰੀਆਂ ਵਿਦੇਸ਼ੀ ਚੀਜ਼ਾਂ ਤੋਂ ਸ਼ੁੱਧ ਕੀਤਾ ਅਤੇ ਉਹਨਾਂ ਨੂੰ ਹਰ ਇੱਕ ਨੂੰ ਆਪਣੇ ਕੰਮ ਲਈ ਸੌਂਪਿਆ। 31 ਮੈਂ ਨਿਰਧਾਰਿਤ ਸਮੇਂ ਤੇ ਲੱਕੜ ਦੇ ਯੋਗਦਾਨ ਲਈ, ਅਤੇ ਪਹਿਲੇ ਫਲਾਂ ਲਈ ਵੀ ਪ੍ਰਬੰਧ ਕੀਤਾ।

ਮੇਰੇ ਸੁਆਮੀ, ਕਿਰਪਾ ਨਾਲ ਮੈਨੂੰ ਯਾਦ ਕਰ।

Estes versículos te tocaram? Ore agora!

+581 estão orando agora.

Junte-se à corrente de oração.