1 ਜਦੋਂ ਸਨਬੱਲਟ ਨੇ ਸੁਣਿਆ ਕਿ ਅਸੀਂ ਕੰਧ ਨੂੰ ਦੁਬਾਰਾ ਬਣਾ ਰਹੇ ਹਾਂ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਬਹੁਤ ਗੁੱਸੇ ਹੋਇਆ। ਉਸ ਨੇ ਯਹੂਦੀਆਂ ਦਾ ਮਜ਼ਾਕ ਉਡਾਇਆ, 2 ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, "ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ? ਕੀ ਉਹ ਬਲੀਆਂ ਚੜ੍ਹਾਉਣਗੇ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ?"
3 ਫਿਰ ਤੋਬਿਆਹ ਅੰਮੋਨੀ ਨੇ ਜੋ ਉਸ ਦੇ ਨਾਲ ਸੀ, ਕਹਿਣ ਲੱਗਾ, "ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ!"
4 ਹੇ ਸਾਡੇ ਪਰਮੇਸ਼ਵਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ। ਉਹਨਾਂ ਦੀ ਇਸ ਨਿੰਦਿਆ ਨੂੰ ਮੁੜ ਉਹਨਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਦੇ। 5 ਉਹਨਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਹਨਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਹਨਾਂ ਨੇ ਤੇਰੇ ਕ੍ਰੋਧ ਨੂੰ ਕਾਰੀਗਰਾਂ ਦੇ ਅੱਗੇ ਭੜਕਾਇਆ ਹੈ।
6 ਇਸ ਲਈ ਅਸੀਂ ਕੰਧ ਨੂੰ ਉਦੋਂ ਤੱਕ ਦੁਬਾਰਾ ਬਣਾਇਆ ਜਦੋਂ ਤੱਕ ਕਿ ਇਹ ਅੱਧੀ ਉਚਾਈ ਤੱਕ ਨਾ ਪਹੁੰਚ ਗਈ, ਕਿਉਂਕਿ ਲੋਕਾਂ ਨੇ ਆਪਣੇ ਪੂਰੇ ਦਿਲ ਨਾਲ ਕੰਮ ਕੀਤਾ ਸੀ।
7 ਪਰ ਜਦੋਂ ਸਨਬੱਲਟ, ਤੋਬਿਆਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦ ਦੇ ਲੋਕਾਂ ਨੇ ਸੁਣਿਆ ਕਿ ਯੇਰੂਸ਼ਲੇਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਅੱਗੇ ਵਧਿਆ ਹੈ ਅਤੇ ਦਰਾਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਤਾਂ ਉਹ ਬਹੁਤ ਗੁੱਸੇ ਹੋ ਗਏ। 8 ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਯੇਰੂਸ਼ਲੇਮ ਦੇ ਵਿਰੁੱਧ ਲੜਨ ਅਤੇ ਉਸ ਦੇ ਵਿਰੁੱਧ ਮੁਸੀਬਤ ਪੈਦਾ ਕਰਨ ਦੀ ਯੋਜਨਾ ਬਣਾਈ। 9 ਪਰ ਅਸੀਂ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾਂ ਕੀਤੀ ਅਤੇ ਇਸ ਖਤਰੇ ਨੂੰ ਪੂਰਾ ਕਰਨ ਲਈ ਦਿਨ ਰਾਤ ਪਹਿਰੇਦਾਰ ਤਾਇਨਾਤ ਕੀਤੇ।
10 ਇਸ ਦੌਰਾਨ, ਯਹੂਦਾਹ ਦੇ ਲੋਕਾਂ ਨੇ ਕਿਹਾ, "ਮਜ਼ਦੂਰਾਂ ਦਾ ਬਲ ਘੱਟਦਾ ਜਾਂਦਾ ਹੈ, ਅਤੇ ਇੱਥੇ ਇੰਨਾ ਮਲਬਾ ਹੈ ਕਿ ਅਸੀਂ ਕੰਧ ਨੂੰ ਦੁਬਾਰਾ ਨਹੀਂ ਬਣਾ ਸਕਦੇ।"
11 ਅਤੇ ਸਾਡੇ ਦੁਸ਼ਮਣਾਂ ਨੇ ਕਿਹਾ, "ਇਸ ਤੋਂ ਪਹਿਲਾਂ ਕਿ ਉਹ ਇਹ ਜਾਣ ਲੈਣ ਜਾਂ ਸਾਨੂੰ ਵੇਖਣ, ਅਸੀਂ ਉਹਨਾਂ ਦੇ ਵਿਚਕਾਰ ਹੋਵਾਂਗੇ ਅਤੇ ਉਹਨਾਂ ਨੂੰ ਮਾਰ ਦੇਵਾਂਗੇ ਅਤੇ ਕੰਮ ਨੂੰ ਖਤਮ ਕਰ ਦੇਵਾਂਗੇ।"
12 ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਹਨਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਹਨਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, "ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ।"
13 ਇਸ ਕਰਕੇ ਮੈਂ ਲੋਕਾਂ ਨੂੰ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ। 14 ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, "ਉਹਨਾਂ ਤੋਂ ਨਾ ਡਰੋ, ਯਾਹਵੇਹ ਨੂੰ ਜੋ ਮਹਾਨ ਅਤੇ ਭੈਅ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ।"
15 ਜਦੋਂ ਸਾਡੇ ਦੁਸ਼ਮਣਾਂ ਨੇ ਸੁਣਿਆ ਕਿ ਅਸੀਂ ਉਹਨਾਂ ਦੀ ਸਾਜ਼ਿਸ਼ ਤੋਂ ਜਾਣੂ ਸੀ ਅਤੇ ਪਰਮੇਸ਼ਵਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ, ਤਾਂ ਅਸੀਂ ਸਾਰੇ ਆਪਣੇ-ਆਪਣੇ ਕੰਮ ਲਈ ਕੰਧ ਵੱਲ ਵਾਪਸ ਮੁੜ ਗਏ।
16 ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲ਼ਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾ ਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ, 17 ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ, 18 ਅਤੇ ਹਰ ਇੱਕ ਬਣਾਉਣ ਵਾਲੇ ਨੇ ਆਪਣੀ ਤਲਵਾਰ ਆਪਣੇ ਨਾਲ ਬੰਨ੍ਹੀ ਹੋਈ ਸੀ ਜਦੋਂ ਉਹ ਕੰਮ ਕਰਦਾ ਸੀ। ਪਰ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਕੋਲ ਰਹਿੰਦਾ ਸੀ।
19 ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, "ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ-ਦੂਜੇ ਤੋਂ ਦੂਰ ਹਾਂ। 20 ਜਿੱਥੇ ਵੀ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣਦੇ ਹੋ, ਉੱਥੇ ਸਾਡੇ ਨਾਲ ਜੁੜੋ। ਸਾਡਾ ਪਰਮੇਸ਼ਵਰ ਸਾਡੇ ਲਈ ਲੜੇਗਾ!"
21 ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ। 22 ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ ਸੀ, "ਹਰੇਕ ਆਦਮੀ ਅਤੇ ਉਸਦੇ ਸਹਾਇਕ ਨੂੰ ਰਾਤ ਨੂੰ ਯੇਰੂਸ਼ਲੇਮ ਵਿੱਚ ਰਹਿਣ ਦਿਓ, ਤਾਂ ਜੋ ਉਹ ਰਾਤ ਨੂੰ ਪਹਿਰੇਦਾਰਾਂ ਵਜੋਂ ਅਤੇ ਦਿਨ ਨੂੰ ਮਜ਼ਦੂਰਾਂ ਵਜੋਂ ਸਾਡੀ ਸੇਵਾ ਕਰ ਸਕਣ।" 23 ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ।