Publicidade

Neemias 9

ਇਸਰਾਏਲੀਆਂ ਦੁਆਰਾ ਪਾਪਾਂ ਦਾ ਇਕਰਾਰ

1 ਉਸੇ ਮਹੀਨੇ ਦੀ ਚੌਵੀ ਤਾਰੀਖ਼ ਨੂੰ ਇਸਰਾਏਲੀ ਵਰਤ ਰੱਖ ਕੇ, ਤੱਪੜ ਪਾ ਕੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾ ਕੇ ਇੱਕਠੇ ਹੋਏ। 2 ਤਦ ਇਸਰਾਏਲ ਦੇ ਵੰਸ਼ ਦੇ ਲੋਕਾਂ ਨੇ ਸਾਰੀਆਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਖੜ੍ਹੇ ਹੋ ਕੇ ਆਪਣਿਆਂ ਪਾਪਾਂ ਦਾ ਨਾਲ ਹੀ ਆਪਣੇ ਪੁਰਖਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ। 3 ਤਦ ਉਹ ਆਪਣੇ-ਆਪਣੇ ਸਥਾਨ ਤੇ ਖੜ੍ਹੇ ਹੋ ਕੇ ਦਿਨ ਦੇ ਇੱਕ ਪਹਿਰ ਤੱਕ ਆਪਣੇ ਯਾਹਵੇਹ ਪਰਮੇਸ਼ਵਰ ਦੀ ਬਿਵਸਥਾ ਦੀ ਪੁਸਤਕ ਨੂੰ ਪੜ੍ਹਦੇ ਰਹੇ ਅਤੇ ਦੂਸਰੇ ਪਹਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰਦੇ ਰਹੇ। 4 ਤਦ ਲੇਵੀਆਂ ਵਿੱਚੋਂ ਯੇਸ਼ੂਆ, ਬਾਨੀ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ, ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੱਤੀ। 5 ਅਤੇ ਲੇਵੀਆਂ—ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ, "ਖੜ੍ਹੋ ਅਤੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਕਰੋ, ਜੋ ਅਨਾਦਿ ਤੋਂ ਸਦੀਪਕ ਹੈ।"

"ਤੁਹਾਡਾ ਸ਼ਾਨਦਾਰ ਨਾਮ ਹੋਵੇ ਅਤੇ ਇਹ ਸਾਰੀਆਂ ਬਰਕਤਾਂ ਅਤੇ ਉਸਤਤ ਤੋਂ ਉੱਚਾ ਹੋਵੇ। 6 ਤੂੰ, ਹਾਂ ਤੂੰ ਹੀ ਕੇਵਲ ਇੱਕ ਯਾਹਵੇਹ ਹੈ, ਤੂੰ ਅਕਾਸ਼ ਸਗੋਂ ਸਭ ਤੋਂ ਉੱਚੇ ਅਕਾਸ਼ ਅਤੇ ਉਹਨਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾਂ ਹੈ ਅਤੇ ਸਵਰਗ ਦੀ ਸਾਰੀ ਸੈਨਾਂ ਤੈਨੂੰ ਹੀ ਮੱਥਾ ਟੇਕਦੀ ਹੈ।

7 "ਤੁਸੀਂ ਯਾਹਵੇਹ ਪਰਮੇਸ਼ਵਰ ਹੋ, ਜਿਸ ਨੇ ਅਬਰਾਮ ਨੂੰ ਚੁਣਿਆ ਅਤੇ ਉਸ ਨੂੰ ਕਸਦੀਆਂ ਦੇ ਊਰ ਤੋਂ ਬਾਹਰ ਲਿਆਂਦਾ ਅਤੇ ਉਸ ਦਾ ਨਾਮ ਅਬਰਾਹਾਮ ਰੱਖਿਆ। 8 ਤੂੰ ਉਸ ਦੇ ਦਿਲ ਨੂੰ ਆਪਣੇ ਪ੍ਰਤੀ ਵਫ਼ਾਦਾਰ ਪਾਇਆ ਅਤੇ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਕਿ ਉਹ ਉਸ ਦੇ ਉੱਤਰਾਧਿਕਾਰੀਆਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਵੇਗਾ। ਤੂੰ ਆਪਣਾ ਵਾਅਦਾ ਨਿਭਾਇਆ ਹੈ ਕਿਉਂਕਿ ਤੂੰ ਧਰਮੀ ਹੈ।

9 "ਤੂੰ ਮਿਸਰ ਵਿੱਚ ਸਾਡੇ ਪੁਰਖਿਆਂ ਦੇ ਦੁੱਖ ਵੇਖੇ ਅਤੇ ਤੂੰ ਲਾਲ ਸਮੁੰਦਰ ਵਿੱਚ ਉਹਨਾਂ ਦੀ ਪੁਕਾਰ ਸੁਣੀ ਸੀ। 10 ਤੂੰ ਫ਼ਿਰਾਊਨ ਦੇ ਵਿਰੁੱਧ, ਉਸ ਦੇ ਸਾਰੇ ਅਧਿਕਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਦੇ ਵਿਰੁੱਧ ਨਿਸ਼ਾਨ ਅਤੇ ਅਚੰਭੇ ਕੰਮ ਵਿਖਾਏ, ਕਿਉਂ ਜੋ ਤੂੰ ਜਾਣਦਾ ਸੀ ਕਿ ਮਿਸਰੀਆਂ ਨੇ ਉਹਨਾਂ ਨਾਲ ਕਿੰਨਾ ਜ਼ੁਲਮ ਕੀਤਾ ਸੀ। ਤੂੰ ਆਪਣਾ ਨਾਮ ਬਣਾਇਆ, ਜੋ ਅੱਜ ਤੱਕ ਕਾਇਮ ਹੈ। 11 ਤੂੰ ਉਹਨਾਂ ਦੇ ਅੱਗੇ ਸਮੁੰਦਰ ਨੂੰ ਵੰਡ ਦਿੱਤਾ, ਤਾਂ ਜੋ ਉਹ ਸੁੱਕੀ ਜ਼ਮੀਨ ਉੱਤੇ ਉਸ ਵਿੱਚੋਂ ਦੀ ਲੰਘੇ, ਪਰ ਤੂੰ ਉਹਨਾਂ ਦੇ ਪਿੱਛਾ ਕਰਨ ਵਾਲਿਆਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ। 12 ਦਿਨ ਨੂੰ ਤੂੰ ਬੱਦਲ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਹਨਾਂ ਦੀ ਅਗਵਾਈ ਕੀਤੀ, ਤਾਂ ਜੋ ਉਹਨਾਂ ਨੂੰ ਰਾਹ ਵਿੱਚ ਰੋਸ਼ਨੀ ਦਿੱਤੀ ਜਾ ਸਕੇ।

13 "ਫਿਰ ਤੂੰ ਸੀਨਾਈ ਪਰਬਤ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਹਨਾਂ ਨੂੰ ਦਿੱਤੇ। 14 ਤੂੰ ਉਹਨਾਂ ਨੂੰ ਆਪਣਾ ਪਵਿੱਤਰ ਸਬਤ ਦੱਸਿਆ ਅਤੇ ਆਪਣੇ ਸੇਵਕ ਮੋਸ਼ੇਹ ਰਾਹੀਂ ਉਹਨਾਂ ਨੂੰ ਹੁਕਮ, ਫ਼ਰਮਾਨ ਅਤੇ ਬਿਵਸਥਾ ਦਿੱਤੀ। 15 ਉਹਨਾਂ ਦੀ ਭੁੱਖ ਮਿਟਾਉਣ ਲਈ ਤੂੰ ਉਹਨਾਂ ਨੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਹਨਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ ਅਤੇ ਉਹਨਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ।

16 "ਪਰ ਉਹ ਅਤੇ ਸਾਡੇ ਪੁਰਖੇ, ਹੰਕਾਰੀ ਅਤੇ ਕਠੋਰ ਹੋ ਗਏ, ਉਹਨਾਂ ਨੇ ਤੁਹਾਡੇ ਹੁਕਮਾਂ ਨੂੰ ਨਹੀਂ ਮੰਨਿਆ। 17 ਉਹਨਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਚਮਤਕਾਰਾਂ ਨੂੰ ਯਾਦ ਕਰਨ ਵਿੱਚ ਅਸਫ਼ਲ ਰਹੇ ਜੋ ਤੂੰ ਉਹਨਾਂ ਵਿੱਚ ਕੀਤੇ ਸਨ। ਉਹ ਕਠੋਰ ਹੋ ਗਏ ਅਤੇ ਉਹਨਾਂ ਦੀ ਬਗਾਵਤ ਵਿੱਚ ਉਹਨਾਂ ਦੀ ਗੁਲਾਮੀ ਵਿੱਚ ਵਾਪਸ ਆਉਣ ਲਈ ਇੱਕ ਨੇਤਾ ਨਿਯੁਕਤ ਕੀਤਾ। ਪਰ ਤੂੰ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ, ਕਿਰਪਾਲੂ ਅਤੇ ਦਿਆਲੂ, ਗੁੱਸੇ ਵਿੱਚ ਧੀਮਾ ਅਤੇ ਪਿਆਰ ਵਿੱਚ ਭਰਪੂਰ ਹੈ। ਇਸ ਲਈ ਤੁਸੀਂ ਉਹਨਾਂ ਨੂੰ ਛੱਡਿਆ ਨਹੀਂ, 18 ਭਾਵੇਂ ਉਹਨਾਂ ਨੇ ਆਪਣੇ ਲਈ ਇੱਕ ਵੱਛੇ ਦੀ ਮੂਰਤੀ ਬਣਾਈ ਅਤੇ ਕਿਹਾ, ‘ਇਹ ਤੁਹਾਡਾ ਦੇਵਤਾ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।’

19 "ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਹਨਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਹਨਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਹਨਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਹਨਾਂ ਤੋਂ ਅਲੱਗ ਨਾ ਹੋਇਆ। 20 ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਹਨਾਂ ਨੂੰ ਦਿੱਤਾ। ਤੂੰ ਉਹਨਾਂ ਦੇ ਮੂੰਹੋਂ ਆਪਣਾ ਮੰਨ ਨਹੀਂ ਰੋਕਿਆ, ਅਤੇ ਉਹਨਾਂ ਦੀ ਪਿਆਸ ਲਈ ਉਹਨਾਂ ਨੂੰ ਪਾਣੀ ਦਿੱਤਾ। 21 ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਹਨਾਂ ਦੀ ਪਾਲਣਾ ਕੀਤੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਹਨਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਹਨਾਂ ਦੇ ਪੈਰ ਸੁੱਜੇ।

22 "ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਹਨਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਹਨਾਂ ਨੇ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। 23 ਤੁਸੀਂ ਉਹਨਾਂ ਦੇ ਬੱਚਿਆਂ ਦੀ ਗਿਣਤੀ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕੀਤੀ, ਅਤੇ ਤੁਸੀਂ ਉਹਨਾਂ ਨੂੰ ਉਸ ਧਰਤੀ ਉੱਤੇ ਲਿਆਇਆ ਜਿਸ ਵਿੱਚ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਦਾਖਲ ਹੋਣ ਅਤੇ ਕਬਜ਼ਾ ਕਰਨ ਲਈ ਕਿਹਾ ਸੀ। 24 ਉਹਨਾਂ ਦੇ ਬੱਚਿਆਂ ਨੇ ਅੰਦਰ ਜਾ ਕੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਤੁਸੀਂ ਉਹਨਾਂ ਦੇ ਸਾਹਮਣੇ ਕਨਾਨੀਆਂ ਨੂੰ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ, ਅਧੀਨ ਕੀਤਾ। ਤੂੰ ਕਨਾਨੀਆਂ ਨੂੰ ਉਹਨਾਂ ਦੇ ਰਾਜਿਆਂ ਅਤੇ ਦੇਸ ਦੇ ਲੋਕਾਂ ਸਮੇਤ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਤਾਂ ਜੋ ਉਹਨਾਂ ਨਾਲ ਉਹਨਾਂ ਦੀ ਮਰਜ਼ੀ ਅਨੁਸਾਰ ਵਰਤਾਓ ਕਰਨ। 25 ਉਹਨਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਜ਼ਮੀਨਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਹਰ ਕਿਸਮ ਦੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰਾਂ, ਪਹਿਲਾਂ ਹੀ ਪੁੱਟੇ ਹੋਏ ਖੂਹ, ਅੰਗੂਰਾਂ ਦੇ ਬਾਗ, ਜ਼ੈਤੂਨ ਦੇ ਬਾਗ ਅਤੇ ਬਹੁਤ ਸਾਰੇ ਫਲਾਂ ਦੇ ਦਰਖ਼ਤਾਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਰੱਜ ਕੇ ਖਾਧਾ ਅਤੇ ਚੰਗੀ ਤਰ੍ਹਾਂ ਸੰਤੁਸ਼ਟ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ

26 "ਪਰ ਉਹ ਅਣ-ਆਗਿਆਕਾਰ ਹੋ ਗਏ ਅਤੇ ਤੇਰੇ ਵਿਰੁੱਧ ਬਗਾਵਤ ਕੀਤੀ ਅਤੇ ਉਹਨਾਂ ਨੇ ਤੁਹਾਡੇ ਕਾਨੂੰਨ ਤੋਂ ਮੂੰਹ ਮੋੜ ਲਿਆ। ਉਹਨਾਂ ਨੇ ਤੁਹਾਡੇ ਨਬੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਤੁਹਾਡੇ ਵੱਲ ਮੋੜਨ ਲਈ ਚੇਤਾਵਨੀ ਦਿੱਤੀ ਸੀ; ਉਹਨਾਂ ਨੇ ਭਿਆਨਕ ਕੁਫ਼ਰ ਕੀਤਾ। 27 ਇਸ ਲਈ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੇ ਉਹਨਾਂ ਉੱਤੇ ਜ਼ੁਲਮ ਕੀਤਾ। ਪਰ ਜਦੋਂ ਉਹਨਾਂ ਉੱਤੇ ਜ਼ੁਲਮ ਕੀਤੇ ਗਏ ਤਾਂ ਉਹਨਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ। ਤੂੰ ਸਵਰਗ ਤੋਂ ਉਹਨਾਂ ਨੂੰ ਸੁਣਿਆ ਅਤੇ ਆਪਣੀ ਮਹਾਨ ਕਿਰਪਾ ਨਾਲ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ।

28 "ਪਰ ਜਦ ਉਹਨਾਂ ਨੂੰ ਅਰਾਮ ਮਿਲਿਆ, ਤਦ ਉਹਨਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ। ਫਿਰ ਤੂੰ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਛੱਡ ਦਿੱਤਾ ਤਾਂ ਜੋ ਉਹ ਉਹਨਾਂ ਉੱਤੇ ਰਾਜ ਕਰਨ ਅਤੇ ਜਦੋਂ ਉਹਨਾਂ ਨੇ ਤੈਨੂੰ ਦੁਬਾਰਾ ਦੁਹਾਈ ਦਿੱਤੀ, ਤੂੰ ਸਵਰਗ ਤੋਂ ਸੁਣਿਆ, ਅਤੇ ਤੂੰ ਆਪਣੀ ਕਿਰਪਾ ਨਾਲ ਸਮੇਂ-ਸਮੇਂ ਤੇ ਉਹਨਾਂ ਨੂੰ ਛੁਡਾਇਆ।

29 "ਤੂੰ ਉਹਨਾਂ ਨੂੰ ਆਪਣੀ ਬਿਵਸਥਾ ਵੱਲ ਮੋੜਨ ਲਈ ਚੇਤਾਵਨੀ ਦਿੱਤੀ, ਪਰ ਉਹਨਾਂ ਨੇ ਹੰਕਾਰੀ ਹੋ ਕੇ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਨੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਬਾਰੇ ਤੂੰ ਉਹਨਾਂ ਨੂੰ ਹੁਕਮ ਦਿੱਤਾ ਸੀ, ‘ਜਿਹੜਾ ਵਿਅਕਤੀ ਉਹਨਾਂ ਨੂੰ ਮੰਨਦਾ ਹੈ, ਉਹ ਉਹਨਾਂ ਦੁਆਰਾ ਜਿਉਂਦਾ ਰਹੇਗਾ।’ ਜ਼ਿੱਦ ਨਾਲ ਉਹਨਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਕਠੋਰ ਹੋ ਗਏ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ। 30 ਕਈ ਸਾਲਾਂ ਤੱਕ ਤੂੰ ਉਹਨਾਂ ਨਾਲ ਸਬਰ ਕਰਦਾ ਰਿਹਾ। ਆਪਣੇ ਆਤਮਾ ਦੁਆਰਾ ਤੂੰ ਉਹਨਾਂ ਨੂੰ ਆਪਣੇ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ, ਇਸ ਲਈ ਤੂੰ ਉਹਨਾਂ ਨੂੰ ਹੋਰਨਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ। 31 ਪਰ ਆਪਣੀ ਮਹਾਨ ਦਯਾ ਦੇ ਕਾਰਨ ਤੂੰ ਉਹਨਾਂ ਨੂੰ ਖਤਮ ਨਹੀਂ ਕੀਤਾ ਅਤੇ ਉਹਨਾਂ ਨੂੰ ਤਿਆਗਿਆ ਨਹੀਂ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਹੈ।

32 "ਹੁਣ ਹੇ ਸਾਡੇ ਪਰਮੇਸ਼ਵਰ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈਅ ਯੋਗ ਪਰਮੇਸ਼ਵਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪੁਰਖਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ। 33 ਜੋ ਕੁਝ ਸਾਡੇ ਨਾਲ ਹੋਇਆ ਹੈ, ਉਸ ਵਿੱਚ ਤੂੰ ਧਰਮੀ ਹੈ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ। 34 ਸਾਡੇ ਰਾਜਿਆਂ ਨੇ, ਹਾਕਮਾਂ ਨੇ, ਜਾਜਕਾਂ ਨੇ ਅਤੇ ਸਾਡੇ ਪੁਰਖਿਆਂ ਨੇ ਨਾ ਤਾਂ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਕੀਤਾ, ਨਾ ਤੇਰੇ ਹੁਕਮਾਂ ਨੂੰ ਮੰਨਿਆ ਅਤੇ ਨਾ ਹੀ ਤੇਰੀਆਂ ਚਿਤਾਉਣੀਆਂ ਵੱਲ ਜਿਹੜੀ ਤੂੰ ਉਹਨਾਂ ਦੇ ਵਿਰੁੱਧ ਦਿੱਤੀਆਂ, ਧਿਆਨ ਦਿੱਤਾ। 35 ਭਾਵੇਂ ਉਹ ਆਪਣੇ ਰਾਜ ਵਿੱਚ ਸਨ, ਜਦੋਂ ਤੂੰ ਉਹਨਾਂ ਨੂੰ ਦਿੱਤੀ ਹੋਈ ਵਿਸ਼ਾਲ ਅਤੇ ਉਪਜਾਊ ਧਰਤੀ ਵਿੱਚ ਤੁਹਾਡੀ ਮਹਾਨ ਭਲਾਈ ਦਾ ਆਨੰਦ ਮਾਣਦੇ ਸਨ, ਤਾਂ ਵੀ ਉਹਨਾਂ ਨੇ ਤੇਰੀ ਸੇਵਾ ਨਹੀਂ ਕੀਤੀ ਅਤੇ ਨਾ ਹੀ ਆਪਣੇ ਬੁਰੇ ਰਾਹਾਂ ਤੋਂ ਮੁੜੇ।

36 "ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ, ਇਹ ਦੇਸ਼ ਜਿਹੜਾ ਤੂੰ ਸਾਡੇ ਪੁਰਖਿਆਂ ਨੂੰ ਦਿੱਤਾ ਸੀ ਕਿ ਉਹ ਇਸ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਅਸੀਂ ਇਸੇ ਵਿੱਚ ਗੁਲਾਮ ਹਾਂ। 37 ਇਸ ਧਰਤੀ ਦੀ ਬਹੁਤੀ ਪੈਦਾਵਾਰ ਉਹਨਾਂ ਰਾਜਿਆਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡੇ ਪਾਪਾਂ ਦੇ ਕਾਰਨ ਠਹਿਰਾਇਆ ਹੈ, ਅਤੇ ਉਹ ਸਾਡੇ ਸਰੀਰਾਂ ਉੱਤੇ ਅਤੇ ਸਾਡੇ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ, ਇਸ ਕਾਰਨ ਅਸੀਂ ਵੱਡੇ ਦੁੱਖ ਵਿੱਚ ਹਾਂ।

ਲੋਕਾਂ ਦਾ ਸਮਝੌਤਾ

38 "ਇਸ ਸਭ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਕੇ ਵੀ ਦਿੰਦੇ ਹਾਂ ਅਤੇ ਹਾਕਮ, ਸਾਡੇ ਲੇਵੀ ਅਤੇ ਸਾਡੇ ਜਾਜਕ ਉਸ ਦੇ ਉੱਤੇ ਮੋਹਰ ਲਾਉਂਦੇ ਹਨ।"

Veja também

Publicidade
Neemias
Ver todos os capítulos de Neemias
Bíblia Online Bíblia Online

Bíblia Online • Versão: 2026-06-15_21-32-39-