1 ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਅਤੇ ਉਹਨਾਂ ਨੇ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਨੂੰ ਕਿਹਾ ਕਿ ਮੋਸ਼ੇਹ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਾਹਵੇਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ।
2 ਇਸ ਲਈ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਅਜ਼ਰਾ ਜਾਜਕ ਨੇ ਭਾਵੇਂ ਆਦਮੀ ਭਾਵੇਂ ਔਰਤਾਂ ਸਗੋਂ ਹੋਰ ਵੀ ਸਾਰੇ ਜੋ ਉਸ ਨੂੰ ਸਮਝ ਸਕਦੇ ਸਨ ਉਹਨਾਂ ਸਾਹਮਣੇ ਬਿਵਸਥਾ ਲਿਆਂਦੀ। 3 ਉਸ ਨੇ ਇਸ ਨੂੰ ਸਵੇਰ ਤੋਂ ਦੁਪਹਿਰ ਤੱਕ ਉੱਚੀ ਆਵਾਜ਼ ਵਿੱਚ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਪੜ੍ਹਿਆ ਅਤੇ ਆਦਮੀਆਂ, ਔਰਤਾਂ ਅਤੇ ਹੋਰ ਜੋ ਸਮਝ ਸਕਦੇ ਸਨ ਅਤੇ ਸਾਰੇ ਲੋਕਾਂ ਨੇ ਬਿਵਸਥਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ।
4 ਤਦ ਅਜ਼ਰਾ ਬਿਵਸਥਾ ਦਾ ਸਿਖਾਉਣ ਵਾਲਾ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ੇਮਾ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਾਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੂਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ।
5 ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ। 6 ਅਜ਼ਰਾ ਨੇ ਮਹਾਨ ਪਰਮੇਸ਼ਵਰ ਯਾਹਵੇਹ ਦੀ ਉਸਤਤ ਕੀਤੀ ਅਤੇ ਸਾਰੇ ਲੋਕਾਂ ਨੇ ਆਪਣੇ ਹੱਥ ਚੁੱਕ ਕੇ ਜਵਾਬ ਦਿੱਤਾ, "ਆਮੀਨ! ਆਮੀਨ!" ਫਿਰ ਉਹਨਾਂ ਨੇ ਮੱਥਾ ਟੇਕਿਆ ਅਤੇ ਜ਼ਮੀਨ ਵੱਲ ਮੂੰਹ ਝੁਕਾ ਕੇ ਯਾਹਵੇਹ ਦੀ ਵਡਿਆਈ ਕੀਤੀ।
7 ਲੇਵੀਆਂ, ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕੇਲੀਤਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਯਾਹ ਨੇ ਲੋਕਾਂ ਨੂੰ ਬਿਵਸਥਾ ਦੀ ਸਿੱਖਿਆ ਦਿੱਤੀ ਜਦੋਂ ਲੋਕ ਉੱਥੇ ਖੜ੍ਹੇ ਸਨ। 8 ਉਹ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਦੇ ਹਨ, ਇਸ ਨੂੰ ਸਪਸ਼ਟ ਕਰਦੇ ਹਨ ਅਤੇ ਇਸਦਾ ਅਰਥ ਸਮਝਾਉਂਦੇ ਹਨ ਤਾਂ ਜੋ ਲੋਕ ਸਮਝ ਸਕਣ ਜੋ ਕੀ ਪੜ੍ਹਿਆ ਜਾ ਰਿਹਾ ਹੈ।
9 ਤਦ ਨਹਮਯਾਹ ਰਾਜਪਾਲ, ਅਜ਼ਰਾ ਜਾਜਕ ਅਤੇ ਨੇਮ ਦੇ ਉਪਦੇਸ਼ਕ ਅਤੇ ਲੇਵੀਆਂ ਨੇ ਜੋ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ, ਉਹਨਾਂ ਸਾਰਿਆਂ ਨੂੰ ਆਖਿਆ, "ਅੱਜ ਦਾ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਸੋਗ ਨਾ ਕਰੋ ਅਤੇ ਨਾ ਰੋਵੋ।" ਕਿਉਂਕਿ ਸਾਰੇ ਲੋਕ ਬਿਵਸਥਾ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।
10 ਨਹਮਯਾਹ ਨੇ ਕਿਹਾ, "ਜਾਓ ਅਤੇ ਵਧੀਆ ਭੋਜਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਮਾਣੋ ਅਤੇ ਕੁਝ ਉਹਨਾਂ ਨੂੰ ਭੇਜੋ ਜਿਨ੍ਹਾਂ ਕੋਲ ਕੁਝ ਵੀ ਤਿਆਰ ਨਹੀਂ ਹੈ। ਇਹ ਦਿਨ ਸਾਡੇ ਯਾਹਵੇਹ ਲਈ ਪਵਿੱਤਰ ਹੈ। ਉਦਾਸ ਨਾ ਹੋਵੋ, ਕਿਉਂਕਿ ਯਾਹਵੇਹ ਦੀ ਖੁਸ਼ੀ ਤੁਹਾਡੀ ਤਾਕਤ ਹੈ।"
11 ਲੇਵੀਆਂ ਨੇ ਸਾਰੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, "ਚੁੱਪ ਰਹੋ, ਕਿਉਂਕਿ ਇਹ ਪਵਿੱਤਰ ਦਿਨ ਹੈ। ਉਦਾਸ ਨਾ ਹੋਵੋ।"
12 ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ-ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਹਨਾਂ ਨੂੰ ਸਮਝਾਏ ਗਏ ਸਨ, ਉਹਨਾਂ ਨੇ ਉਹ ਸਮਝ ਲਏ ਸਨ।
13 ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਮੁਖੀ, ਜਾਜਕਾਂ ਅਤੇ ਲੇਵੀਆਂ ਦੇ ਨਾਲ, ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ ਲਈ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਦੇ ਦੁਆਲੇ ਇਕੱਠੇ ਹੋਏ। 14 ਉਹਨਾਂ ਨੇ ਬਿਵਸਥਾ ਵਿੱਚ ਲਿਖਿਆ ਹੋਇਆ ਪਾਇਆ, ਜਿਸਦਾ ਯਾਹਵੇਹ ਨੇ ਮੋਸ਼ੇਹ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਤਿਉਹਾਰ ਦੌਰਾਨ ਅਸਥਾਈ ਡੇਰਿਆਂ ਵਿੱਚ ਰਹਿਣਾ ਚਾਹੀਦਾ ਹੈ 15 ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯੇਰੂਸ਼ਲੇਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਰਬਤ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜ਼ੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ।
16 ਇਸ ਲਈ ਲੋਕ ਬਾਹਰ ਗਏ ਅਤੇ ਟਹਿਣੀਆਂ ਵਾਪਸ ਲਿਆਏ ਅਤੇ ਆਪਣੀਆਂ ਛੱਤਾਂ ਉੱਤੇ, ਆਪਣੇ ਵਿਹੜਿਆਂ ਵਿੱਚ, ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਅਤੇ ਪਾਣੀ ਦੇ ਫਾਟਕ ਦੇ ਕੋਲ ਚੌਂਕ ਵਿੱਚ ਅਤੇ ਇਫ਼ਰਾਈਮ ਦੇ ਫਾਟਕ ਦੇ ਕੋਲ ਇੱਕ ਅਸਥਾਈ ਟਿਕਾਣਾ ਬਣਾਇਆ। 17 ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਹਨਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰਾਏਲੀਆਂ ਨੇ ਅਜਿਹਾ ਨਹੀਂ ਕੀਤਾ ਸੀ। ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ।
18 ਦਿਨੋਂ-ਦਿਨ, ਪਹਿਲੇ ਦਿਨ ਤੋਂ ਲੈ ਕੇ ਅੰਤ ਤੱਕ, ਅਜ਼ਰਾ ਨੇ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਿਆ। ਉਹਨਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ, ਨੇਮ ਦੇ ਅਨੁਸਾਰ ਇੱਕ ਮਹਾਂ-ਸਭਾ ਹੋਈ।