Publicidade

Neemias 2

ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ਯੇਰੂਸ਼ਲੇਮ ਭੇਜਿਆ

1 ਅਰਤਹਸ਼ਸ਼ਤਾ ਰਾਜੇ ਦੇ ਵੀਹਵੇਂ ਸਾਲ ਨੀਸਾਨ ਦੇ ਮਹੀਨੇ, ਜਦੋਂ ਉਸ ਦੇ ਲਈ ਦਾਖ਼ਰਸ ਲਿਆਂਦੀ ਗਈ, ਮੈਂ ਦਾਖ਼ਰਸ ਲੈ ਕੇ ਰਾਜੇ ਨੂੰ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ, 2 ਤਾਂ ਰਾਜੇ ਨੇ ਮੈਨੂੰ ਪੁੱਛਿਆ, "ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਚਿਹਰਾ ਇੰਨਾ ਉਦਾਸ ਕਿਉਂ ਹੈ? ਇਹ ਦਿਲ ਦੀ ਉਦਾਸੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ।"

ਮੈਂ ਬਹੁਤ ਡਰਿਆ ਹੋਇਆ ਸੀ, 3 ਪਰ ਮੈਂ ਰਾਜੇ ਨੂੰ ਕਿਹਾ, "ਪਾਤਸ਼ਾਹ ਸਦਾ ਜੀਉਂਦਾ ਰਹੇ! ਮੇਰਾ ਚਿਹਰਾ ਉਦਾਸ ਕਿਉਂ ਨਾ ਹੋਵੇ ਜਦੋਂ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਨੂੰ ਦਫ਼ਨਾਇਆ ਗਿਆ ਸੀ ਤਬਾਹ ਹੋ ਗਿਆ ਹੈ ਅਤੇ ਉਸ ਦੇ ਦਰਵਾਜ਼ੇ ਅੱਗ ਨਾਲ ਸੜ ਚੁੱਕੇ ਹਨ?"

4 ਰਾਜੇ ਨੇ ਮੈਨੂੰ ਕਿਹਾ, "ਤੂੰ ਕੀ ਚਾਹੁੰਦਾ ਹੈ?"

ਤਦ ਮੈਂ ਸਵਰਗ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, 5 ਅਤੇ ਮੈਂ ਰਾਜੇ ਨੂੰ ਉੱਤਰ ਦਿੱਤਾ, "ਜੇਕਰ ਰਾਜੇ ਨੂੰ ਚੰਗਾ ਲੱਗਦਾ ਹੈ ਅਤੇ ਜੇ ਤੁਹਾਡੇ ਸੇਵਕ ਨੇ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੋਵੇ, ਤਾਂ ਤੁਸੀਂ ਮੈਨੂੰ ਯਹੂਦਾਹ ਦੇ ਉਸ ਸ਼ਹਿਰ ਵਿੱਚ ਭੇਜ ਦਿਓ ਜਿੱਥੇ ਮੇਰੇ ਪੁਰਖੇ ਦਫ਼ਨਾਏ ਗਏ ਹਨ ਤਾਂ ਜੋ ਮੈਂ ਇਸ ਨੂੰ ਦੁਬਾਰਾ ਬਣਾ ਸਕਾਂ।"

6 ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, "ਤੇਰਾ ਸਫ਼ਰ ਕਿੰਨੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ?" ਤਦ ਮੈਨੂੰ ਭੇਜਣਾ ਰਾਜੇ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ।

7 ਫਿਰ ਮੈਂ ਰਾਜੇ ਨੂੰ ਕਿਹਾ, "ਜੇਕਰ ਰਾਜੇ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ? 8 ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖ਼ਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।" ਅਤੇ ਕਿਉਂਕਿ ਮੇਰੇ ਪਰਮੇਸ਼ਵਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਰਾਜੇ ਨੇ ਮੇਰੀ ਬੇਨਤੀ ਮੰਨ ਲਈ। 9 ਇਸ ਲਈ ਮੈਂ ਦਰਿਆ ਪਾਰ ਦੇ ਰਾਜਪਾਲਾਂ ਕੋਲ ਗਿਆ ਅਤੇ ਉਹਨਾਂ ਨੂੰ ਰਾਜੇ ਦੀਆਂ ਸ਼ਾਹੀ ਚਿੱਠੀਆਂ ਦਿੱਤੀਆਂ। ਰਾਜੇ ਨੇ ਮੇਰੇ ਨਾਲ ਫ਼ੌਜੀ ਅਫ਼ਸਰ ਅਤੇ ਘੋੜਸਵਾਰ ਵੀ ਭੇਜੇ ਸਨ।

10 ਜਦੋਂ ਹੋਰੋਨੀ ਸਨਬੱਲਟ ਅਤੇ ਅੰਮੋਨੀ ਅਧਿਕਾਰੀ ਤੋਬਿਆਹ ਨੇ ਇਸ ਬਾਰੇ ਸੁਣਿਆ, ਤਾਂ ਉਹ ਬਹੁਤ ਦੁਖੀ ਹੋਏ ਕਿ ਕੋਈ ਇਸਰਾਏਲੀਆਂ ਦੀ ਭਲਾਈ ਲਈ ਆਇਆ ਹੈ।

ਨੇਹੇਮਿਆਹ ਦੁਆਰਾ ਯੇਰੂਸ਼ਲੇਮ ਦੀਆਂ ਕੰਧਾਂ ਦਾ ਮੁਆਇਨਾ

11 ਮੈਂ ਯੇਰੂਸ਼ਲੇਮ ਨੂੰ ਗਿਆ ਅਤੇ ਤਾਂ ਤਿੰਨ ਦਿਨ ਉੱਥੇ ਰਿਹਾ, 12 ਮੈਂ ਕੁਝ ਹੋਰਾਂ ਨਾਲ ਰਾਤ ਨੂੰ ਚੱਲ ਪਿਆ। ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰੇ ਪਰਮੇਸ਼ਵਰ ਨੇ ਯੇਰੂਸ਼ਲੇਮ ਲਈ ਮੇਰੇ ਦਿਲ ਵਿੱਚ ਕੀ ਰੱਖਿਆ ਸੀ। ਮੇਰੀ ਸਵਾਰੀ ਦੇ ਪਸ਼ੂ ਤੋਂ ਇਲਾਵਾ ਮੇਰੇ ਨਾਲ ਕੋਈ ਪਸ਼ੂ ਨਹੀਂ ਸੀ।

13 ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਅਜਗਰ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯੇਰੂਸ਼ਲੇਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਸੜੇ ਹੋਏ ਫਾਟਕਾਂ ਨੂੰ ਵੇਖਿਆ। 14 ਫਿਰ ਮੈਂ ਅੱਗੇ ਲੰਘ ਕੇ ਚਸ਼ਮੇ ਦੇ ਫਾਟਕ ਅਤੇ ਰਾਜੇ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ; 15 ਇਸ ਲਈ ਮੈਂ ਰਾਤ ਨੂੰ ਵਾਦੀ ਵਿੱਚ ਚੜ੍ਹ ਕੇ ਕੰਧ ਦੀ ਜਾਂਚ ਕੀਤੀ। ਅੰਤ ਵਿੱਚ, ਮੈਂ ਵਾਪਸ ਮੁੜਿਆ ਅਤੇ ਵਾਦੀ ਦੇ ਗੇਟ ਰਾਹੀਂ ਦੁਬਾਰਾ ਦਾਖਲ ਹੋ ਗਿਆ। 16 ਅਧਿਅਕਾਰੀਆਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ।

17 ਫਿਰ ਮੈਂ ਉਹਨਾਂ ਨੂੰ ਕਿਹਾ, "ਤੁਸੀਂ ਦੇਖਦੇ ਹੋ ਕਿ ਅਸੀਂ ਕਿਸ ਮੁਸੀਬਤ ਵਿੱਚ ਹਾਂ: ਯੇਰੂਸ਼ਲੇਮ ਤਬਾਹ ਹੋ ਗਿਆ ਹੈ, ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯੇਰੂਸ਼ਲੇਮ ਦੀ ਕੰਧ ਨੂੰ ਦੁਬਾਰਾ ਬਣਾਈਏ ਅਤੇ ਅਸੀਂ ਹੁਣ ਬਦਨਾਮੀ ਵਿੱਚ ਨਹੀਂ ਰਹਾਂਗੇ।" 18 ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ।

ਉਹਨਾਂ ਨੇ ਜਵਾਬ ਦਿੱਤਾ, "ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।" ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।

19 ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗੇਸ਼ਮ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, "ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜੇ ਦੇ ਵਿਰੁੱਧ ਹੋ ਜਾਓਗੇ?"

20 ਮੈਂ ਉਹਨਾਂ ਨੂੰ ਇਹ ਕਹਿ ਕੇ ਉੱਤਰ ਦਿੱਤਾ, "ਸਵਰਗ ਦਾ ਪਰਮੇਸ਼ਵਰ ਸਾਨੂੰ ਸਫ਼ਲਤਾ ਦੇਵੇਗਾ। ਅਸੀਂ ਉਸਦੇ ਸੇਵਕ ਦੁਬਾਰਾ ਉਸਾਰਨਾ ਸ਼ੁਰੂ ਕਰਾਂਗੇ, ਪਰ ਤੁਹਾਡੇ ਲਈ, ਯੇਰੂਸ਼ਲੇਮ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ ਜਾਂ ਇਸ ਉੱਤੇ ਕੋਈ ਦਾਅਵਾ ਜਾਂ ਇਤਿਹਾਸਕ ਅਧਿਕਾਰ ਨਹੀਂ ਹੈ।"

Veja também

Publicidade
Neemias
Ver todos os capítulos de Neemias
Bíblia Online Bíblia Online

Bíblia Online • Versão: 2026-06-15_21-32-39-