8 ਉਹ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਦੇ ਹਨ, ਇਸ ਨੂੰ ਸਪਸ਼ਟ ਕਰਦੇ ਹਨ ਅਤੇ ਇਸਦਾ ਅਰਥ ਸਮਝਾਉਂਦੇ ਹਨ ਤਾਂ ਜੋ ਲੋਕ ਸਮਝ ਸਕਣ ਜੋ ਕੀ ਪੜ੍ਹਿਆ ਜਾ ਰਿਹਾ ਹੈ।
9 ਤਦ ਨਹਮਯਾਹ ਰਾਜਪਾਲ, ਅਜ਼ਰਾ ਜਾਜਕ ਅਤੇ ਨੇਮ ਦੇ ਉਪਦੇਸ਼ਕ ਅਤੇ ਲੇਵੀਆਂ ਨੇ ਜੋ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ, ਉਹਨਾਂ ਸਾਰਿਆਂ ਨੂੰ ਆਖਿਆ, "ਅੱਜ ਦਾ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਸੋਗ ਨਾ ਕਰੋ ਅਤੇ ਨਾ ਰੋਵੋ।" ਕਿਉਂਕਿ ਸਾਰੇ ਲੋਕ ਬਿਵਸਥਾ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।
10 ਨਹਮਯਾਹ ਨੇ ਕਿਹਾ, "ਜਾਓ ਅਤੇ ਵਧੀਆ ਭੋਜਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਮਾਣੋ ਅਤੇ ਕੁਝ ਉਹਨਾਂ ਨੂੰ ਭੇਜੋ ਜਿਨ੍ਹਾਂ ਕੋਲ ਕੁਝ ਵੀ ਤਿਆਰ ਨਹੀਂ ਹੈ। ਇਹ ਦਿਨ ਸਾਡੇ ਯਾਹਵੇਹ ਲਈ ਪਵਿੱਤਰ ਹੈ। ਉਦਾਸ ਨਾ ਹੋਵੋ, ਕਿਉਂਕਿ ਯਾਹਵੇਹ ਦੀ ਖੁਸ਼ੀ ਤੁਹਾਡੀ ਤਾਕਤ ਹੈ।"
11 ਲੇਵੀਆਂ ਨੇ ਸਾਰੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, "ਚੁੱਪ ਰਹੋ, ਕਿਉਂਕਿ ਇਹ ਪਵਿੱਤਰ ਦਿਨ ਹੈ। ਉਦਾਸ ਨਾ ਹੋਵੋ।"
12 ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ-ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਹਨਾਂ ਨੂੰ ਸਮਝਾਏ ਗਏ ਸਨ, ਉਹਨਾਂ ਨੇ ਉਹ ਸਮਝ ਲਏ ਸਨ।