Pular para o conteúdo
Publicidade

ਜ਼ਕਰਯਾਹ 1

ਯਾਹਵੇਹ ਵੱਲ ਵਾਪਸ ਜਾਣ ਲਈ ਇੱਕ ਬੁਲਾਹਟ

1 ਦਾਰਾ ਦੇ ਦੂਜੇ ਸਾਲ ਦੇ ਅੱਠਵੇਂ ਮਹੀਨੇ ਵਿੱਚ, ਯਾਹਵੇਹ ਦਾ ਬਚਨ ਇੱਦੋ ਦੇ ਪੁੱਤਰ ਬੇਰੇਖਿਯਾਹ ਦੇ ਪੁੱਤਰ ਜ਼ਕਰਯਾਹ ਨਬੀ ਕੋਲ ਆਇਆ:

2 "ਯਾਹਵੇਹ ਤੁਹਾਡੇ ਪੁਰਖਿਆਂ ਨਾਲ ਬਹੁਤ ਗੁੱਸੇ ਸੀ। 3 ਇਸ ਲਈ ਲੋਕਾਂ ਨੂੰ ਆਖ: ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੇਰੇ ਵੱਲ ਵਾਪਸ ਮੁੜੋ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ: ਤਾਂ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ।’ 4 ਆਪਣੇ ਪੁਰਖਿਆਂ ਵਰਗੇ ਨਾ ਬਣੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਪੁਕਾਰ ਕੇ ਕਿਹਾ ਸੀ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਾ ਹੀ ਧਿਆਨ ਦਿੱਤਾ ਇਹ ਯਾਹਵੇਹ ਦਾ ਵਾਕ ਹੈ।’ 5 ਤੁਹਾਡੇ ਪੁਰਖੇ ਹੁਣ ਕਿੱਥੇ ਹਨ? ਅਤੇ ਕੀ ਨਬੀ ਸਦਾ ਲਈ ਜੀਉਂਦੇ ਰਹਿਣਗੇ? 6 ਪਰ ਕੀ ਮੇਰੇ ਵਚਨ ਅਤੇ ਮੇਰੇ ਨਿਯਮ ਜਿਨ੍ਹਾਂ ਦਾ ਮੈਂ ਆਪਣੇ ਸੇਵਕਾਂ ਨਬੀਆਂ ਦੁਆਰਾ ਹੁਕਮ ਦਿੱਤਾ ਸੀ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ?

"ਫਿਰ ਉਹਨਾਂ ਨੇ ਪਛਤਾਵਾ ਕੀਤਾ ਅਤੇ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਨੇ ਸਾਡੇ ਨਾਲ ਉਹੀ ਕੀਤਾ ਹੈ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।’ "

ਮਹਿੰਦੀ ਦੇ ਰੁੱਖਾਂ ਵਿੱਚੋਂ ਮਨੁੱਖ

7 ਦਾਰਾ ਦੇ ਦੂਜੇ ਸਾਲ, ਗਿਆਰਵੇਂ ਮਹੀਨੇ ਦੇ ਚੌਵੀਵੇਂ ਦਿਨ, ਇੱਦੋ ਦੇ ਪੁੱਤਰ ਬੇਰੇਕੀਯਾਹ ਦੇ ਪੁੱਤਰ ਜ਼ਕਰਯਾਹ ਨਬੀ ਨੂੰ ਯਾਹਵੇਹ ਦਾ ਵਚਨ ਆਇਆ।

8 ਰਾਤ ਨੂੰ ਮੈਨੂੰ ਇੱਕ ਦਰਸ਼ਨ ਹੋਇਆ ਅਤੇ ਮੇਰੇ ਸਾਹਮਣੇ ਇੱਕ ਆਦਮੀ ਲਾਲ ਘੋੜੇ ਤੇ ਸਵਾਰ ਸੀ। ਉਹ ਇੱਕ ਖੱਡ ਵਿੱਚ ਮਹਿੰਦੀ ਦੇ ਰੁੱਖਾਂ ਵਿਚਕਾਰ ਖੜ੍ਹਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।

9 ਮੈਂ ਪੁੱਛਿਆ, "ਇਹ ਕੀ ਹੈ ਪ੍ਰਭੂ?"

ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਨੇ ਜਵਾਬ ਦਿੱਤਾ, "ਮੈਂ ਤੈਨੂੰ ਦਿਖਾਵਾਂਗਾ ਕਿ ਇਹ ਕੀ ਹਨ।"

10 ਫਿਰ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹੇ ਆਦਮੀ ਨੇ ਕਿਹਾ, "ਇਹ ਉਹ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਸਾਰੀ ਧਰਤੀ ਉੱਤੇ ਜਾਣ ਲਈ ਭੇਜਿਆ ਹੈ।"

11 ਅਤੇ ਉਹਨਾਂ ਨੇ ਯਾਹਵੇਹ ਦੇ ਦੂਤ ਨੂੰ ਦੱਸਿਆ ਜੋ ਮਹਿੰਦੀ ਦੇ ਰੁੱਖਾਂ ਦੇ ਵਿਚਕਾਰ ਖੜ੍ਹਾ ਸੀ, "ਅਸੀਂ ਸਾਰੀ ਧਰਤੀ ਵਿੱਚ ਘੁੰਮੇ ਹਾਂ ਅਤੇ ਸਾਰੇ ਸੰਸਾਰ ਨੂੰ ਅਰਾਮ ਅਤੇ ਸ਼ਾਂਤੀ ਵਿੱਚ ਪਾਇਆ ਹੈ।"

12 ਤਦ ਯਾਹਵੇਹ ਦੇ ਦੂਤ ਨੇ ਕਿਹਾ, "ਸਰਬਸ਼ਕਤੀਮਾਨ ਯਾਹਵੇਹ, ਤੂੰ ਕਦੋਂ ਤੱਕ ਯੇਰੂਸ਼ਲੇਮ ਅਤੇ ਯਹੂਦਾਹ ਦੇ ਨਗਰਾਂ ਤੋਂ ਰਹਿਮ ਨੂੰ ਰੋਕੇਂਗਾ, ਜਿਨ੍ਹਾਂ ਉੱਤੇ ਤੂੰ ਸੱਤਰ ਸਾਲਾਂ ਤੋਂ ਗੁੱਸੇ ਹੈਂ?" 13 ਇਸ ਲਈ ਯਾਹਵੇਹ ਨੇ ਮੇਰੇ ਨਾਲ ਗੱਲ ਕਰਨ ਵਾਲੇ ਦੂਤ ਨੂੰ ਦਿਆਲੂ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹੇ।

14 ਤਦ ਉਸ ਦੂਤ ਨੇ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, ਆਖਿਆ, "ਇਹ ਵਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਮੈਨੂੰ ਯੇਰੂਸ਼ਲੇਮ ਅਤੇ ਸੀਯੋਨ ਲਈ ਵੱਡੀ ਅਣਖ ਹੈ, 15 ਅਤੇ ਮੈਂ ਉਹਨਾਂ ਕੌਮਾਂ ਨਾਲ ਬਹੁਤ ਗੁੱਸੇ ਹਾਂ ਜੋ ਸੁਰੱਖਿਅਤ ਮਹਿਸੂਸ ਕਰਦੇ ਹਨ। ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਨ੍ਹਾਂ ਨੇ ਆਪ ਹੀ ਆਪਣੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।’

16 "ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਦਇਆ ਨਾਲ ਯੇਰੂਸ਼ਲੇਮ ਨੂੰ ਵਾਪਸ ਆਵਾਂਗਾ ਅਤੇ ਉੱਥੇ ਮੇਰਾ ਘਰ ਦੁਬਾਰਾ ਬਣਾਇਆ ਜਾਵੇਗਾ। ਅਤੇ ਮਾਪਣ ਵਾਲੀ ਰੇਖਾ ਯੇਰੂਸ਼ਲੇਮ ਉੱਤੇ ਫੈਲਾਈ ਜਾਵੇਗੀ,’ ਸਰਬਸ਼ਕਤੀਮਾਨ ਯਾਹਵੇਹ ਦਾ ਇਹ ਐਲਾਨ ਹੈ।

17 "ਫਿਰ ਪੁਕਾਰ ਕੇ ਯਾਹਵੇਹ ਇਹ ਆਖਦਾ ਹੈ: ‘ਮੇਰੇ ਨਗਰ ਫਿਰ ਖੁਸ਼ਹਾਲੀ ਨਾਲ ਭਰ ਜਾਣਗੇ ਅਤੇ ਯਾਹਵੇਹ ਫਿਰ ਸੀਯੋਨ ਨੂੰ ਦਿਲਾਸਾ ਦੇਵੇਗਾ ਅਤੇ ਯੇਰੂਸ਼ਲੇਮ ਨੂੰ ਚੁਣੇਗਾ।’ "

ਚਾਰ ਸਿੰਗ ਅਤੇ ਚਾਰ ਕਾਰੀਗਰ

18 ਫਿਰ ਮੈਂ ਉੱਪਰ ਦੇਖਿਆ, ਅਤੇ ਮੇਰੇ ਅੱਗੇ ਚਾਰ ਸਿੰਗ ਸਨ। 19 ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, "ਇਹ ਕੀ ਹਨ?"

ਉਸਨੇ ਮੈਨੂੰ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯੇਰੂਸ਼ਲੇਮ ਨੂੰ ਖਿੰਡਾ ਦਿੱਤਾ ਸੀ।"

20 ਫਿਰ ਯਾਹਵੇਹ ਨੇ ਮੈਨੂੰ ਚਾਰ ਲੁਹਾਰ ਦਿਖਾਏ। 21 ਮੈਂ ਪੁੱਛਿਆ, "ਇਹ ਕੀ ਕਰਨ ਆ ਰਹੇ ਹਨ?"

ਉਸ ਨੇ ਉੱਤਰ ਦਿੱਤਾ, "ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖਿੰਡਾ ਦਿੱਤਾ ਤਾਂ ਜੋ ਕੋਈ ਆਪਣਾ ਸਿਰ ਨਾ ਚੁੱਕ ਸਕੇ, ਪਰ ਇਹ ਲੁਹਾਰ ਉਹਨਾਂ ਕੌਮਾਂ ਨੂੰ ਡਰਾਉਣ ਅਤੇ ਇਨ੍ਹਾਂ ਸਿੰਗਾਂ ਨੂੰ ਬਾਹਰ ਸੁੱਟਣ ਲਈ ਆਏ ਹਨ ਜਿਨ੍ਹਾਂ ਨੇ ਯਹੂਦਾਹ ਦੀ ਧਰਤੀ ਉੱਤੇ ਆਪਣੇ ਸਿੰਗਾਂ ਨੂੰ ਖਿੰਡਾਉਣ ਲਈ ਉੱਚਾ ਕੀਤਾ ਸੀ।"

Estes versículos te tocaram? Ore agora!

+581 estão orando agora.

Junte-se à corrente de oração.