1 ਫਿਰ ਮੈਂ ਉੱਪਰ ਦੇਖਿਆ, ਇੱਕ ਮਨੁੱਖ ਦੇ ਹੱਥ ਵਿੱਚ ਮਾਪਣ ਵਾਲੀ ਡੋਰੀ ਸੀ। 2 ਮੈਂ ਪੁੱਛਿਆ, "ਤੂੰ ਕਿੱਥੇ ਜਾ ਰਿਹਾ ਹਾਂ?"
ਉਸਨੇ ਮੈਨੂੰ ਉੱਤਰ ਦਿੱਤਾ, "ਯੇਰੂਸ਼ਲੇਮ ਨੂੰ ਮਾਪਣ ਲਈ, ਇਹ ਪਤਾ ਲਗਾਉਣ ਲਈ ਕਿ ਇਹ ਕਿੰਨਾ ਚੌੜਾ ਅਤੇ ਕਿੰਨਾ ਲੰਬਾ ਹੈ।"
3 ਜਦੋਂ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਵਾਪਸ ਜਾਣ ਲੱਗਾ ਤਾਂ ਇੱਕ ਹੋਰ ਦੂਤ ਉਸ ਨੂੰ ਮਿਲਣ ਲਈ ਆਇਆ 4 ਅਤੇ ਉਸ ਨੂੰ ਕਿਹਾ: "ਭੱਜ ਕੇ ਉਸ ਜੁਆਨ ਨੂੰ ਆਖ, ‘ਯੇਰੂਸ਼ਲੇਮ ਕਿਸੇ ਦਿਨ ਲੋਕਾਂ ਅਤੇ ਪਸ਼ੂਆਂ ਨਾਲ ਇੰਨਾ ਭਰਿਆ ਹੋਵੇਗਾ ਕਿ ਉੱਥੇ ਹਰ ਕਿਸੇ ਲਈ ਜਗ੍ਹਾ ਨਹੀਂ ਹੋਵੇਗੀ! ਅਤੇ ਸ਼ਹਿਰ ਬਿਨਾਂ ਕੰਧਾਂ ਦੇ ਹੋਵੇਗਾ। 5 ਅਤੇ ਮੈਂ ਖੁਦ ਇਸ ਦੇ ਦੁਆਲੇ ਅੱਗ ਦੀ ਕੰਧ ਹੋਵਾਂਗਾ, ਅਤੇ ਮੈਂ ਇਸ ਦੇ ਅੰਦਰ ਉਸਦੀ ਮਹਿਮਾ ਹੋਵਾਂਗਾ, ਯਾਹਵੇਹ ਦਾ ਵਾਕ ਹੈ।’ "
6 ਯਾਹਵੇਹ ਦਾ ਵਾਕ ਹੈ, "ਆਓ! ਆਓ! ਉੱਤਰ ਦੀ ਧਰਤੀ ਤੋਂ ਭੱਜ ਜਾਓ," ਯਾਹਵੇਹ ਦਾ ਵਾਕ ਹੈ, "ਕਿਉਂਕਿ ਮੈਂ ਤੁਹਾਨੂੰ ਅਕਾਸ਼ ਦੀਆਂ ਚਾਰ ਹਵਾਵਾਂ ਵਿੱਚ ਖਿੰਡਾ ਦਿੱਤਾ ਹੈ।"
7 "ਹੇ ਸੀਯੋਨ ਦੇ ਲੋਕਾਂ! ਭੱਜ ਜਾਉ, ਤੁਸੀਂ ਜੋ ਬਾਬੇਲ ਦੀ ਧੀ ਦੇ ਨਾਲ ਵੱਸਦੇ ਹੋ!" 8 ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: "ਉਸ ਨੇ ਆਪਣੀ ਮਹਿਮਾ ਦੀ ਖ਼ਾਤਰ ਮੈਨੂੰ ਉਨ੍ਹਾਂ ਕੌਮਾਂ ਦੇ ਵਿਰੁੱਧ ਭੇਜਿਆ ਹੈ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੂਹੰਦਾ ਹੈ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂਹੰਦਾ ਹੈ 9 ਮੈਂ ਉਨ੍ਹਾਂ ਦੇ ਵਿਰੁੱਧ ਆਪਣਾ ਹੱਥ ਜ਼ਰੂਰ ਚੁੱਕਾਂਗਾ ਤਾਂ ਜੋ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਲੁੱਟ ਲੈਣ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਭੇਜਿਆ ਹੈ।
10 "ਹੇ ਸੀਯੋਨ ਦੀਏ ਧੀਏ, ਜੈਕਾਰਾ ਬੋਲ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ," ਯਾਹਵੇਹ ਦਾ ਵਾਕ ਹੈ। 11 "ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। 12 ਯਾਹਵੇਹ ਪਵਿੱਤਰ ਧਰਤੀ ਵਿੱਚ ਯਹੂਦਾਹ ਨੂੰ ਆਪਣੇ ਹਿੱਸੇ ਵਜੋਂ ਵਿਰਾਸਤ ਵਿੱਚ ਪ੍ਰਾਪਤ ਕਰੇਗਾ ਅਤੇ ਯੇਰੂਸ਼ਲੇਮ ਨੂੰ ਦੁਬਾਰਾ ਚੁਣੇਗਾ। 13 ਸਾਰੀ ਮਨੁੱਖਜਾਤੀ, ਯਾਹਵੇਹ ਦੇ ਅੱਗੇ ਸਥਿਰ ਰਹੋ, ਕਿਉਂਕਿ ਉਸਨੇ ਆਪਣੇ ਆਪ ਨੂੰ ਆਪਣੇ ਪਵਿੱਤਰ ਨਿਵਾਸ ਤੋਂ ਉਠਾਇਆ ਹੈ।"