Publicidade

Salmos 89

ਰਾਸ਼ਟਰੀ ਬਿਪਤਾ ਸਮੇਂ ਸਤੂਤੀ ਗੀਤ
ਏਥਾਨ ਅਜ਼ਰਾ ਵੰਸ਼ੀ ਦਾ ਮਸ਼ਕੀਲ

1 ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ,

ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।

2 ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ,

ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ।

3 ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ,

ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ,

4 ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ,

ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ। ਸਲਹ।

5 ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ,

ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ!

6 ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ?

ਦੇਵਤਿਆਂ ਦੇ ਪੁੱਤਰਾਂ ਵਿੱਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ?

7 ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ,

ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ!

8 ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ,

ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ,

9 ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ,

ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ।

10 ਤੂੰ ਰਹਬ ਨੂੰ ਕਿਸੇ ਵੱਢੇ ਹੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ,

ਅਤੇ ਆਪਣੀਆਂ ਬਾਂਹਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ!

11 ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ,

ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ।

12 ਉੱਤਰ ਅਤੇ ਦੱਖਣ ਨੂੰ ਤੂੰ ਉਤਪਤ ਕੀਤਾ,

ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ।

13 ਤੇਰੀ ਬਾਂਹ ਬਲਵੰਤ ਹੈ,

ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!

14 ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੇ ਨੀਂਹ ਹਨ,

ਦਯਾ ਤੇ ਵਫ਼ਾਦਾਰੀ ਤੇਰੇ ਅੱਗੇ-ਅੱਗੇ ਚੱਲਦੀਆਂ ਹਨ।

15 ਧੰਨ ਓਹ ਲੋਕ ਹਨ ਜਿਹੜੇ ਅਨੰਦ ਦੀ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ,

ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!

16 ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ,

ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ।

17 ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ,

ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਗ ਉੱਚਾ ਕੀਤਾ ਜਾਵੇਗਾ।

18 ਸਾਡੀ ਢਾਲ਼ ਤਾਂ ਯਹੋਵਾਹ ਦੀ ਹੈ,

ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ।

ਦਾਊਦ ਦੇ ਨਾਲ ਪਰਮੇਸ਼ੁਰ ਦਾ ਨੇਮ

19 ਤਦ ਮੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ,

ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ,

ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ।

20 ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ,

ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ,

21 ਜਿਹ ਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ,

ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ।

22 ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ,

ਨਾ ਦੁਸ਼ਟ ਦਾ ਪੁੱਤਰ ਉਹ ਨੂੰ ਔਖਿਆਂ ਕਰੇਗਾ।

23 ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ,

ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ।

24 ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ,

ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ,

25 ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ,

ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ।

26 ਇਹ ਮੈਨੂੰ ਪੁਕਾਰ ਕੇ ਆਖੇਗਾ,

ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚੱਟਾਨ ਹੈਂ!

27 ਮੈਂ ਵੀ ਉਹ ਨੂੰ ਆਪਣਾ ਪਹਿਲੌਠਾ,

ਅਤੇ ਧਰਤੀ ਦਿਆਂ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ।

28 ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ,

ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ,

29 ਅਤੇ ਮੈਂ ਉਹ ਦੇ ਵੰਸ਼ ਨੂੰ ਸਦਾ ਤੱਕ,

ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ।

30 ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ,

ਅਤੇ ਮੇਰੇ ਨਿਆਂਵਾਂ ਉੱਤੇ ਨਾ ਚੱਲਣ,

31 ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ,

ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,

32 ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ

ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ।

33 ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ,

ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ।

34 ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ,

ਅਤੇ ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ।

35 ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸਹੁੰ ਖਾ ਚੁੱਕਾ ਹਾਂ,

ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ।

36 ਉਹ ਦਾ ਵੰਸ਼ ਅੰਤ ਤੱਕ,

ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਗੂੰ ਮੇਰੇ ਅੱਗੇ ਬਣੀ ਰਹੇਗੀ।

37 ਉਹ ਚੰਦਰਮਾਂ ਜਿਹੀ ਕਾਇਮ ਰਹੇਗੀ,

ਅਤੇ ਗਗਣ ਦੀ ਸੱਚੀ ਸਾਖੀ ਜਿਹੀ। ਸਲਹ।

ਰਾਜੇ ਦੀ ਹਾਰ ਉੱਤੇ ਵਿਰਲਾਪ

38 ਪਰ ਤੂੰ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ,

ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਈਆਂ ਹੈਂ,

39 ਤੂੰ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ,

ਤੂੰ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ,

40 ਤੂੰ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ,

ਤੂੰ ਉਹ ਦੇ ਕਿਲਿਆਂ ਨੂੰ ਥੇਹ ਕਰ ਦਿੱਤਾ ਹੈ!

41 ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ,

ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ।

42 ਤੂੰ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ,

ਤੂੰ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ!

43 ਤੂੰ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ,

ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ।

44 ਤੂੰ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ,

ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ।

45 ਤੂੰ ਉਹ ਦੀ ਜਵਾਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ,

ਤੂੰ ਉਹ ਨੂੰ ਲਾਜ ਵਿੱਚ ਲਪੇਟਿਆ ਹੈ! ਸਲਹ।

ਛੁਟਕਾਰੇ ਦੀ ਪ੍ਰਾਰਥਨਾ

46 ਹੇ ਯਹੋਵਾਹ, ਕਦ ਤੱਕ? ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ?

ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂੰ ਭੱਖਦਾ ਰਹੇਗਾ?

47 ਚੇਤੇ ਕਰ ਕਿ ਮੇਰਾ ਵੇਲਾ ਕਿੰਨ੍ਹਾਂ ਘੱਟ ਹੈ,

ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ਼ ਨੂੰ ਉਤਪਤ ਕੀਤਾ!

48 ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ,

ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ? ਸਲਹ।

49 ਹੇ ਪ੍ਰਭੂ, ਤੇਰੀਆਂ ਓਹ ਪਹਿਲੀਆਂ ਦਿਆਲ਼ਗੀਆਂ ਕਿੱਥੇ ਹਨ,

ਜਿਨ੍ਹਾਂ ਦੇ ਵਿਖੇ ਤੂੰ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸਹੁੰ ਖਾਧੀ ਸੀ?

50 ਹੇ ਪ੍ਰਭੂ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ,

ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ,

51 ਜਿਨ੍ਹਾਂ ਦੇ ਨਾਲ, ਹੇ ਪ੍ਰਭੂ, ਤੇਰੇ ਵੈਰੀਆਂ ਨੇ ਤਾਨੇ ਮਾਰੇ,

ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ।

52 ਯਹੋਵਾਹ ਸਦਾ ਤੱਕ ਮੁਬਾਰਕ ਹੋਵੇ!

ਆਮੀਨ, ਫੇਰ ਆਮੀਨ!

Veja também

Publicidade
Bíblia Online Bíblia Online

Bíblia Online • Versão: 2026-06-16_06-50-08-