10 ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।
ਫ਼ਿਲਿੱਪੀ ਵਿੱਚ ਲੁਦਿਯਾ ਦਾ ਜੀਵਨ ਬਦਲਣਾ
11 ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੋਥਰੇਸ ਟਾਪੂ ਨੂੰ ਆਏ, ਅਤੇ ਦੂਜੇ ਦਿਨ ਨੀਆਪੋਲਿਸ ਸ਼ਹਿਰ ਵੱਲ ਚਲੇ ਗਏ। 12 ਫਿਰ ਉੱਥੋਂ ਅਸੀਂ ਫ਼ਿਲਿੱਪੀ ਸ਼ਹਿਰ ਵੱਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਰੋਮੀ ਬਸਤੀ ਅਤੇ ਮਕਦੂਨਿਯਾ ਦੇ ਉਸ ਜ਼ਿਲ੍ਹੇ ਦਾ ਪ੍ਰਮੁੱਖ ਸ਼ਹਿਰ ਸੀ। ਅਤੇ ਅਸੀਂ ਉੱਥੇ ਕਈ ਦਿਨ ਰਹੇ।
13 ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਦਰਿਆ ਦੇ ਕੰਢੇ ਵੱਲ ਚਲੇ ਗਏ, ਜਿੱਥੇ ਸਾਨੂੰ ਉਮੀਦ ਸੀ ਕਿ ਸਾਨੂੰ ਇੱਕ ਪ੍ਰਾਰਥਨਾ ਕਰਨ ਦਾ ਸਥਾਨ ਮਿਲੇਗਾ। ਅਸੀਂ ਉੱਥੇ ਬੈਠ ਗਏ ਅਤੇ ਉਨ੍ਹਾਂ ਔਰਤਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਉੱਥੇ ਇਕੱਠੀਆਂ ਹੋਈਆਂ ਸਨ। 14 ਉਨ੍ਹਾਂ ਸੁਣਨ ਵਾਲਿਆਂ ਵਿੱਚੋਂ ਇੱਕ ਥੂਆਤੀਰੇ ਸ਼ਹਿਰ ਦੀ ਇੱਕ ਔਰਤ ਸੀ ਜਿਸ ਦਾ ਨਾਮ ਲੁਦਿਯਾ ਸੀ, ਜੋ ਕਿ ਜਾਮਨੀ ਰੰਗ ਦੇ ਕੱਪੜੇ ਦਾ ਵਪਾਰ ਕਰਨ ਵਾਲੀ ਸੀ। ਉਹ ਪਰਮੇਸ਼ਵਰ ਦੀ ਉਪਾਸਕ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਜੋ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ। 15 ਜਦੋਂ ਲੁਦਿਯਾ ਅਤੇ ਉਸ ਦੇ ਘਰ ਦੇ ਮੈਂਬਰਾਂ ਨੇ ਬਪਤਿਸਮਾ ਲਿਆ, ਉਸ ਨੇ ਸਾਨੂੰ ਆਪਣੇ ਘਰ ਬੁਲਾਉਣ ਲਈ ਸੱਦਾ ਦਿੱਤਾ। ਉਸ ਨੇ ਕਿਹਾ, "ਜੇ ਤੁਸੀਂ ਮੈਨੂੰ ਪ੍ਰਭੂ ਵਿੱਚ ਵਿਸ਼ਵਾਸਯੋਗ ਮੰਨਦੇ ਹੋ ਤੇ ਫਿਰ ਆਓ ਅਤੇ ਮੇਰੇ ਘਰ ਰਹੋ।" ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
ਪੌਲੁਸ ਅਤੇ ਸੀਲਾਸ ਕੈਦ ਵਿੱਚ
16 ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ, ਤਾਂ ਸਾਨੂੰ ਇੱਕ ਨੌਕਰਾਣੀ ਮਿਲੀ ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ। 17 ਪੌਲੁਸ ਅਤੇ ਸਾਡੇ ਮਗਰ ਆ ਕੇ ਆਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ, "ਕਿ ਇਹ ਲੋਕ ਅੱਤ ਮਹਾਨ ਪਰਮੇਸ਼ਵਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।"