ਪਤਰਸ ਦਾ ਇੱਕ ਲੰਗੜੇ ਭਿਖਾਰੀ ਨੂੰ ਚੰਗਾ ਕਰਨਾ
1 ਇੱਕ ਦਿਨ ਪਤਰਸ ਅਤੇ ਯੋਹਨ ਪ੍ਰਾਰਥਨਾ ਦੇ ਸਮੇਂ ਹੈਕਲ3:1 ਹੈਕਲ ਯਹੂਦੀਆਂ ਦਾ ਮੰਦਰ ਨੂੰ ਦੁਪਹਿਰ ਦੇ ਤੀਜੇ ਪਹਿਰ ਜਾ ਰਹੇ ਸਨ। 2 ਹੁਣ ਇੱਕ ਜਨਮ ਤੋਂ ਲੰਗੜਾ ਆਦਮੀ ਹੈਕਲ ਦੇ ਦਰਵਾਜ਼ੇ ਕੋਲ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਹੈ, ਜਿੱਥੇ ਉਸ ਨੂੰ ਹਰ ਰੋਜ਼ ਹੈਕਲ ਦੇ ਵਿਹੜੇ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗਦਾ ਸੀ। 3 ਜਦੋਂ ਉਸ ਨੇ ਪਤਰਸ ਅਤੇ ਯੋਹਨ ਨੂੰ ਹੈਕਲ ਦੇ ਅੰਦਰ ਵੜਦਿਆਂ ਵੇਖਿਆ, ਤਾਂ ਉਸ ਨੇ ਉਨ੍ਹਾਂ ਤੋਂ ਪੈਸੇ ਮੰਗੇ। 4 ਪਤਰਸ ਅਤੇ ਯੋਹਨ ਨੇ ਸਿੱਧਾ ਉਸ ਵੱਲ ਵੇਖਿਆ। ਤਦ ਪਤਰਸ ਨੇ ਉਸ ਨੂੰ ਕਿਹਾ, "ਸਾਨੂੰ ਵੇਖ!" 5 ਇਸ ਲਈ ਉਨ੍ਹਾਂ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਵਿੱਚ ਉਸ ਆਦਮੀ ਨੇ ਆਪਣਾ ਧਿਆਨ ਉਨ੍ਹਾਂ ਵੱਲ ਕੀਤਾ।
6 ਤਦ ਪਤਰਸ ਨੇ ਕਿਹਾ, "ਮੇਰੇ ਕੋਲ ਚਾਂਦੀ ਤੇ ਸੋਨਾ ਤਾਂ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰੀ ਯਿਸ਼ੂ ਮਸੀਹ ਦੇ ਨਾਮ ਵਿੱਚ, ਚੱਲ ਫਿਰ।" 7 ਪਤਰਸ ਨੇ ਉਸ ਨੂੰ ਸੱਜੇ ਹੱਥ ਨਾਲ ਫੜ ਲਿਆ, ਅਤੇ ਉਸ ਦੀ ਸਹਾਇਤਾ ਕੀਤੀ, ਅਤੇ ਉਸੇ ਵੇਲੇ ਹੀ ਆਦਮੀ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। 8 ਉਹ ਆਪਣੇ ਪੈਰਾਂ ਤੇ ਛਾਲ ਮਾਰ ਕੇ ਤੁਰਨ ਲੱਗ ਪਿਆ। ਤਦ ਉਹ ਪਤਰਸ ਅਤੇ ਯੋਹਨ ਨਾਲ ਹੈਕਲ ਦੇ ਵਿਹੜੇ ਵਿੱਚ ਚਲਦਿਆਂ ਅਤੇ ਛਾਲਾਂ ਮਾਰਦਾ ਗਿਆ, ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ। 9 ਜਦੋਂ ਸਾਰੇ ਲੋਕਾਂ ਨੇ ਉਸ ਨੂੰ ਤੁਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਵੇਖਿਆ, 10 ਉਨ੍ਹਾਂ ਨੇ ਉਸ ਨੂੰ ਉਹੀ ਵਿਅਕਤੀ ਵਜੋਂ ਪਛਾਣਿਆ ਜੋ ਹੈਕਲ ਦੇ ਦਰਵਾਜ਼ੇ ਤੇ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਭੀਖ ਮੰਗਣ ਲਈ ਬੈਠਾ ਹੁੰਦਾ ਸੀ, ਅਤੇ ਉਸ ਨਾਲ ਜੋ ਵਾਪਰਿਆ ਵੇਖ ਕੇ ਉਹ ਸਭ ਹੈਰਾਨ ਅਤੇ ਅਚਰਜ਼ ਹੋ ਗਏ ਸਨ।