1 ਮੈਂ ਆਪਣੇ ਮਨ ਵਿੱਚ ਕਿਹਾ, "ਹੁਣ ਆ, ਮੈਂ ਤੈਨੂੰ ਇਹ ਜਾਣਨ ਲਈ ਖੁਸ਼ੀ ਨਾਲ ਪਰਖਾਂਗਾ ਜੋ ਕੀ ਚੰਗਾ ਹੈ।" ਪਰ ਇਹ ਵੀ ਵਿਅਰਥ ਸਾਬਤ ਹੋਇਆ। 2 ਮੈਂ ਹਾਸੇ ਦੇ ਬਾਰੇ ਕਿਹਾ, "ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ?" 3 ਮੈਂ ਆਪਣੇ ਮਨ ਵਿੱਚ ਆਪਣੇ ਸਰੀਰ ਨੂੰ ਦਾਖਰਸ ਨਾਲ ਖੁਸ਼ ਕਰਨ ਦਾ ਵਿਚਾਰ ਕੀਤਾ ਅਤੇ ਮੂਰਖਤਾ ਨੂੰ ਗਲੇ ਲਗਾ ਲਿਆ, ਪਰ ਮੇਰਾ ਮਨ ਅਜੇ ਵੀ ਬੁੱਧੀ ਨਾਲ ਮੇਰੀ ਅਗਵਾਈ ਕਰਦਾ ਹੈ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਲੋਕਾਂ ਦੇ ਜੀਵਨ ਦੇ ਕੁਝ ਦਿਨਾਂ ਦੌਰਾਨ ਸਵਰਗ ਦੇ ਹੇਠਾਂ ਕੀ ਕਰਨਾ ਚੰਗਾ ਹੈ।
4 ਮੈਂ ਬਹੁਤ ਵਧੀਆ ਕੰਮ ਕੀਤੇ, ਮੈਂ ਆਪਣੇ ਲਈ ਘਰ ਬਣਾਏ ਅਤੇ ਅੰਗੂਰੀ ਬਾਗ ਲਗਾਏ। 5 ਮੈਂ ਬਾਗ ਅਤੇ ਬਗੀਚੇ ਬਣਾਏ ਅਤੇ ਉਹਨਾਂ ਵਿੱਚ ਹਰ ਕਿਸਮ ਦੇ ਫਲਦਾਰ ਰੁੱਖ ਲਗਾਏ। 6 ਮੈਂ ਵਧਦੇ ਰੁੱਖਾਂ ਦੇ ਪਾਣੀ ਦੇ ਭੰਡਾਰ ਬਣਾਏ। 7 ਮੈਂ ਦਾਸ ਅਤੇ ਦਾਸੀਆ ਨੂੰ ਖਰੀਦਿਆ ਅਤੇ ਮੇਰੇ ਘਰ ਵਿੱਚ ਹੋਰ ਗੁਲਾਮ ਪੈਦਾ ਹੋਏ, ਮੇਰੇ ਕੋਲ ਯੇਰੂਸ਼ਲੇਮ ਵਿੱਚ ਸਭ ਤੋਂ ਜ਼ਿਆਦਾ ਝੁੰਡ ਅਤੇ ਇੱਜੜ ਸਨ। 8 ਮੈਂ ਚਾਂਦੀ ਅਤੇ ਸੋਨਾ ਅਤੇ ਰਾਜਿਆਂ ਅਤੇ ਸੂਬਿਆਂ ਦਾ ਖ਼ਜ਼ਾਨਾ ਆਪਣੇ ਲਈ ਇਕੱਠਾ ਕੀਤਾ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ। 9 ਮੈਂ ਆਪਣੇ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਕਿਸੇ ਵੀ ਵਿਅਕਤੀ ਨਾਲੋਂ ਕਿਤੇ ਵੱਧ ਮਹਾਨ ਬਣ ਗਿਆ, ਇਸ ਸਭ ਵਿੱਚ ਮੇਰੀ ਬੁੱਧ ਮੇਰੇ ਨਾਲ ਰਹੀ।
10 ਉਹ ਸਭ ਕੁਝ ਜੋ ਮੇਰੀਆਂ ਅੱਖਾਂ ਨੇ ਚਾਹਿਆ ਸੀ ਮੈਂ ਉਹਨਾਂ ਤੋਂ ਦੂਰ ਨਾ ਰੱਖਿਆ,
ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਾ ਰੋਕਿਆ;
ਕਿਉਂਕਿ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਮਨ ਪ੍ਰਸੰਨ ਹੋਇਆ,
ਅਤੇ ਇਹ ਮੇਰੀ ਸਾਰੀ ਮਿਹਨਤ ਦਾ ਫਲ ਸੀ।
11 ਫਿਰ ਵੀ ਜਦੋਂ ਮੈਂ ਉਹਨਾਂ ਸਾਰੇ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤਾ ਸੀ,
ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਵਿੱਚ ਕੀਤੀ ਸੀ।
ਉਹ ਸਭ ਕੁਝ ਵਿਅਰਥ ਹੈ ਅਤੇ ਹਵਾ ਦਾ ਫੱਕਣਾ ਹੈ,
ਇਸ ਸਭ ਦਾ ਸੂਰਜ ਦੇ ਹੇਠਾਂ ਕੋਈ ਲਾਭ ਨਹੀਂ ਸੀ।
12 ਤਦ ਮੈਂ ਬੁੱਧ ਅਤੇ ਪਾਗਲਪਨ
ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ,
ਕਿਉਂ ਜੋ ਆਦਮੀ ਰਾਜੇ ਤੋਂ ਬਾਅਦ ਆਉਣ ਵਾਲਾ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ?
ਸਿਰਫ ਉਹ ਹੀ ਜੋ ਪਹਿਲਾ ਹੁੰਦਾ ਆਇਆ ਹੈ।
13 ਮੈਂ ਦੇਖਿਆ ਕਿ ਬੁੱਧ ਮੂਰਖਤਾ ਨਾਲੋਂ ਚੰਗੀ ਹੈ,
ਜਿਵੇਂ ਚਾਨਣ ਹਨੇਰੇ ਨਾਲੋਂ ਚੰਗਾ ਹੈ।
14 ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ,
ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ।
ਤਾਂ ਮੈਨੂੰ ਅਹਿਸਾਸ ਹੋਇਆ ਕਿ
ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।
15 ਤਦ ਮੈਂ ਆਪਣੇ ਆਪ ਨੂੰ ਕਿਹਾ,
"ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ।
ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?"
ਮੈਂ ਆਪਣੇ ਆਪ ਨੂੰ ਕਿਹਾ,
"ਇਹ ਵੀ ਵਿਅਰਥ ਹੈ।"
16 ਕਿਉਂਕਿ ਬੁੱਧਵਾਨ ਮੂਰਖ ਵਾਂਗ ਲੰਬੇ ਸਮੇਂ ਲਈ ਯਾਦ ਨਹੀਂ ਕੀਤਾ ਜਾਵੇਗਾ,
ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਸਭ ਭੁੱਲਾ ਦਿੱਤਾ ਜਾਵੇਗਾ।
ਇਸ ਲਈ ਮੂਰਖ ਵਾਂਗ ਬੁੱਧਵਾਨ ਨੂੰ ਵੀ ਮਰਨਾ ਪਵੇਗਾ!
17 ਇਸ ਲਈ ਮੈਂ ਜੀਵਨ ਤੋਂ ਅੱਕ ਗਿਆ ਸੀ, ਕਿਉਂਕਿ ਜੋ ਕੰਮ ਸੂਰਜ ਦੇ ਹੇਠਾਂ ਕੀਤਾ ਜਾਂਦਾ ਹੈ ਉਹ ਮੇਰੇ ਲਈ ਦੁਖਦਾਈ ਸੀ। ਇਹ ਸਭ ਵਿਅਰਥ ਹੈ, ਜਿਵੇਂ ਹਵਾ ਦਾ ਫੱਕਣਾ ਹੈ। 18 ਮੈਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗਾ ਜਿਨ੍ਹਾਂ ਲਈ ਮੈਂ ਸੂਰਜ ਦੇ ਹੇਠਾਂ ਮਿਹਨਤ ਕੀਤੀ ਸੀ, ਕਿਉਂਕਿ ਮੈਨੂੰ ਉਹ ਸਾਰੀਆਂ ਚੀਜ਼ਾ ਆਪਣੇ ਤੋਂ ਬਾਅਦ ਆਉਣ ਵਾਲੇ ਮਨੁੱਖ ਲਈ ਛੱਡਣੀਆ ਪੈਣਗੀਆਂ। 19 ਅਤੇ ਕੌਣ ਜਾਣਦਾ ਹੈ ਕਿ ਉਹ ਬੰਦਾ ਸਿਆਣਾ ਹੋਵੇਗਾ ਜਾਂ ਮੂਰਖ? ਫਿਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖ਼ਰਚ ਕੀਤੀ, ਉਹ ਮਾਲਕ ਬਣੇਗਾ, ਇਹ ਵੀ ਵਿਅਰਥ ਹੀ ਹੈ। 20 ਇਸ ਲਈ ਮੇਰਾ ਦਿਲ ਸੂਰਜ ਦੇ ਹੇਠਾਂ ਆਪਣੀ ਸਾਰੀ ਮਿਹਨਤ ਨਾਲ ਨਿਰਾਸ਼ ਹੋਣ ਲੱਗਾ। 21 ਕਿਉਂਕਿ ਇੱਕ ਵਿਅਕਤੀ ਸਿਆਣਪ, ਗਿਆਨ ਅਤੇ ਹੁਨਰ ਨਾਲ ਮਿਹਨਤ ਕਰ ਸਕਦਾ ਹੈ ਅਤੇ ਫਿਰ ਉਸਨੂੰ ਆਪਣਾ ਸਭ ਕੁਝ ਕਿਸੇ ਹੋਰ ਲਈ ਛੱਡ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਮਿਹਨਤ ਨਹੀਂ ਕੀਤੀ ਹੈ। ਇਹ ਵੀ ਅਰਥਹੀਣ ਅਤੇ ਬਹੁਤ ਵੱਡੀ ਬਦਕਿਸਮਤੀ ਹੈ। 22 ਲੋਕਾਂ ਨੂੰ ਸਾਰੀ ਮਿਹਨਤ ਅਤੇ ਚਿੰਤਾਜਨਕ ਕੋਸ਼ਿਸ਼ਾਂ ਲਈ ਕੀ ਮਿਲਦਾ ਹੈ ਜਿਸ ਨਾਲ ਉਹ ਸੂਰਜ ਦੇ ਹੇਠਾਂ ਮਿਹਨਤ ਕਰਦੇ ਹਨ? 23 ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।
24 ਮਨੁੱਖ ਖਾਣ-ਪੀਣ ਅਤੇ ਆਪਣੀ ਮਿਹਨਤ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਕਰ ਸਕਦਾ। ਇਹ ਵੀ ਮੈਂ ਵੇਖਦਾ ਹਾਂ, ਪਰਮੇਸ਼ਵਰ ਦੇ ਹੱਥੋਂ ਮਿਲਦਾ ਹੈ, 25 ਕਿਉਂਕਿ ਉਸ ਤੋਂ ਬਿਨਾਂ ਕੌਣ ਖਾ ਸਕਦਾ ਹੈ ਜਾਂ ਅਨੰਦ ਪ੍ਰਾਪਤ ਕਰ ਸਕਦਾ ਹੈ? 26 ਜਿਸ ਮਨੁੱਖ ਨੂੰ ਉਹ ਪ੍ਰਸੰਨ ਕਰਦਾ ਹੈ, ਉਸ ਨੂੰ ਪਰਮੇਸ਼ਵਰ ਬੁੱਧੀ, ਗਿਆਨ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ, ਪਰ ਪਾਪੀ ਨੂੰ ਉਹ ਧਨ ਇਕੱਠਾ ਕਰਨ ਅਤੇ ਉਸ ਨੂੰ ਸੰਭਾਲਣ ਦਾ ਕੰਮ ਸੌਂਪਦਾ ਹੈ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ। ਇਹ ਵੀ ਅਰਥਹੀਣ ਹੈ ਅਤੇ ਹਵਾ ਦਾ ਫੱਕਣਾ ਹੈ।