1 ਹਰ ਕੰਮ ਦਾ ਇੱਕ ਸਮਾਂ ਹੈ,
ਅਤੇ ਅਕਾਸ਼ ਦੇ ਹੇਠਾਂ ਹਰ ਕੰਮ ਲਈ ਇੱਕ ਸਮਾਂ ਹੈ।
2 ਇੱਕ ਜੰਮਣ ਦਾ ਸਮਾਂ ਅਤੇ ਇੱਕ ਮਰਨ ਦਾ ਸਮਾਂ ਹੈ,
ਇੱਕ ਲਾਉਣ ਦਾ ਸਮਾਂ ਅਤੇ ਇੱਕ ਪੁੱਟਣ ਸਮਾਂ,
3 ਇੱਕ ਮਾਰਨ ਦਾ ਸਮਾਂ ਅਤੇ ਇੱਕ ਚੰਗਾ ਕਰਨ ਦਾ ਸਮਾਂ,
ਇੱਕ ਢਾਉਣ ਦਾ ਸਮਾਂ ਅਤੇ ਇੱਕ ਬਣਾਉਣ ਦਾ ਸਮਾਂ,
4 ਇੱਕ ਰੋਣ ਦਾ ਸਮਾਂ ਅਤੇ ਇੱਕ ਹੱਸਣ ਦਾ ਸਮਾਂ, ਇੱਕ ਸੋਗ ਕਰਨ ਦਾ ਸਮਾਂ ਅਤੇ ਇੱਕ ਨੱਚਣ ਦਾ ਸਮਾਂ,
5 ਇੱਕ ਪੱਥਰਾਂ ਨੂੰ ਖਿੰਡਾਉਣ ਦਾ ਸਮਾਂ ਅਤੇ ਇੱਕ ਇਕੱਠਾ ਕਰਨ ਦਾ ਸਮਾਂ,
ਇੱਕ ਗਲੇ ਲਗਾਉਣ ਦਾ ਸਮਾਂ ਅਤੇ ਇੱਕ ਗਲ਼ ਲੱਗਣ ਤੋਂ ਦੂਰ ਰਹਿਣ ਦਾ ਸਮਾਂ,
6 ਇੱਕ ਲੱਭਣ ਦਾ ਸਮਾਂ ਅਤੇ ਇੱਕ ਗੁਆਉਣ ਦਾ ਸਮਾਂ,
ਇੱਕ ਰੱਖਣ ਦਾ ਸਮਾਂ ਅਤੇ ਇੱਕ ਸੁੱਟਣ ਦਾ ਸਮਾਂ,
7 ਇੱਕ ਪਾੜਨ ਦਾ ਸਮਾਂ ਅਤੇ ਇੱਕ ਸੁਧਾਰਨ ਦਾ ਸਮਾਂ,
ਇੱਕ ਚੁੱਪ ਰਹਿਣ ਦਾ ਸਮਾਂ ਅਤੇ ਇੱਕ ਬੋਲਣ ਦਾ ਸਮਾਂ,
8 ਇੱਕ ਪਿਆਰ ਕਰਨ ਦਾ ਸਮਾਂ ਅਤੇ ਇੱਕ ਨਫ਼ਰਤ ਕਰਨ ਦਾ ਸਮਾਂ,
ਇੱਕ ਯੁੱਧ ਦਾ ਸਮਾਂ ਅਤੇ ਇੱਕ ਸ਼ਾਂਤੀ ਦਾ ਸਮਾਂ।
9 ਮਜ਼ਦੂਰਾਂ ਨੂੰ ਆਪਣੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ? 10 ਮੈਂ ਉਹ ਬੋਝ ਵੇਖਿਆ ਹੈ ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਉੱਤੇ ਪਾਇਆ ਹੈ। 11 ਉਸਨੇ ਆਪਣੇ ਸਮੇਂ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਇਆ ਹੈ। ਉਸ ਨੇ ਮਨੁੱਖ ਦੇ ਦਿਲ ਵਿੱਚ ਸਦੀਪਕਤਾ ਵੀ ਕਾਇਮ ਕੀਤੀ ਹੈ, ਫਿਰ ਵੀ ਕੋਈ ਨਹੀਂ ਜਾਣ ਸਕਦਾ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਤੱਕ ਕੀ ਕੀਤਾ ਹੈ। 12 ਮੈਂ ਜਾਣਦਾ ਹਾਂ ਕਿ ਲੋਕਾਂ ਲਈ ਖੁਸ਼ ਰਹਿਣ ਅਤੇ ਜਿਉਂਦੇ ਜੀ ਭਲਾ ਕਰਨ ਨਾਲੋਂ ਬਿਹਤਰ ਹੋਰ ਕੁਝ ਨਹੀਂ ਹੈ। 13 ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ-ਆਪਣੀ ਮਿਹਨਤ ਦਾ ਲਾਭ ਉਠਾਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ। 14 ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਹਮੇਸ਼ਾ ਲਈ ਬਣਿਆ ਰਹੇਗਾ ਇਸ ਵਿੱਚ ਨਾ ਕੁਝ ਵਾਧਾ ਹੋ ਸਕਦਾ ਹੈ, ਨਾ ਹੀ ਇਸ ਵਿੱਚ ਕੁਝ ਘਾਟਾ ਹੋ ਸਕਦਾ ਹੈ, ਅਤੇ ਪਰਮੇਸ਼ਵਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਲੋਕ ਉਸ ਤੋਂ ਡਰਨ।
15 ਜੋ ਕੁਝ ਪਹਿਲਾ ਹੀ ਹੈ ਉਹ ਹੁਣ ਵੀ ਹੈ,
ਅਤੇ ਜੋ ਕੁਝ ਹੋਣ ਵਾਲਾ ਹੈ ਉਹ ਪਹਿਲਾ ਵੀ ਹੋ ਚੁੱਕਾ ਹੈ,
ਅਤੇ ਪਰਮੇਸ਼ਵਰ ਬੀਤ ਚੁੱਕੀਆਂ ਗੱਲਾਂ ਨੂੰ ਫਿਰ ਦੁਹਰਾਉਂਦਾ ਹੈ।
16 ਅਤੇ ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ
ਨਿਆਂ ਦੀ ਜਗ੍ਹਾ ਦੁਸ਼ਟਤਾ ਹੁੰਦੀ ਹੈ,
ਅਤੇ ਧਰਮ ਦੀ ਜਗ੍ਹਾ ਤੇ ਵੀ ਦੁਸ਼ਟਤਾ ਹੁੰਦੀ ਹੈ।
17 ਮੈਂ ਆਪਣੇ ਆਪ ਨੂੰ ਕਿਹਾ,
"ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ,
ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ,
ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।"
18 ਮੈਂ ਆਪਣੇ ਆਪ ਨੂੰ ਇਹ ਵੀ ਕਿਹਾ, "ਜਿੱਥੋਂ ਤੱਕ ਮਨੁੱਖਾਂ ਦੀ ਗੱਲ ਹੈ, ਪਰਮੇਸ਼ਵਰ ਉਹਨਾਂ ਨੂੰ ਪਰਖਦਾ ਹੈ ਤਾਂ ਜੋ ਉਹ ਦੇਖ ਸਕਣ ਕਿ ਉਹ ਜਾਨਵਰਾਂ ਵਰਗੇ ਹੀ ਹਨ। 19 ਕਿਉਂਕਿ ਜੋ ਮਨੁੱਖਾਂ ਉੱਤੇ ਬੀਤਦਾ ਹੈ ਉਹ ਪਸ਼ੂਆਂ ਉੱਤੇ ਵੀ ਬੀਤਦਾ ਹੈ; ਜਿਵੇਂ ਇਹ ਮਰਦਾ ਹੈ ਉਸੇ ਤਰ੍ਹਾ ਉਹ ਵੀ ਮਰਦਾ ਹੈ, ਹਾਂ ਸਭਨਾ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਮਨੁੱਖ ਪਸ਼ੂ ਨਾਲੋਂ ਜ਼ਿਆਦਾ ਉੱਤਮ ਨਹੀਂ ਹਨ, ਸਭ ਕੁਝ ਵਿਅਰਥ ਹੈ 20 ਸਾਰੇ ਇੱਕੋ ਥਾਂ ਤੇ ਜਾਂਦੇ ਹਨ ਸਾਰੇ ਮਿੱਟੀ ਤੋਂ ਆਉਂਦੇ ਹਨ, ਅਤੇ ਸਾਰੇ ਮਿੱਟੀ ਵਿੱਚ ਵਾਪਸ ਚਲੇ ਜਾਂਦੇ ਹਨ। 21 ਕੌਣ ਜਾਣਦਾ ਹੈ ਕਿ ਮਨੁੱਖ ਦਾ ਆਤਮਾ ਉੱਪਰ ਉੱਠਦਾ ਹੈ ਅਤੇ ਜਾਨਵਰ ਦਾ ਆਤਮਾ ਧਰਤੀ ਹੇਠਾਂ ਉਤਰਦਾ ਹੈ?"
22 ਇਸ ਲਈ ਮੈਂ ਦੇਖਿਆ ਕਿ ਕਿਸੇ ਵਿਅਕਤੀ ਲਈ ਆਪਣੇ ਕੰਮ ਦਾ ਆਨੰਦ ਲੈਣ ਨਾਲੋਂ ਬਿਹਤਰ ਹੋਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਇਹ ਉਹਨਾਂ ਦੀ ਮੰਜ਼ਿਲ ਹੈ। ਉਹਨਾਂ ਨੂੰ ਇਹ ਵੇਖਣ ਲਈ ਕੌਣ ਲਿਆ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?