1 ਯੇਰੂਸ਼ਲੇਮ ਦੇ ਰਾਜਾ, ਦਾਵੀਦ ਦੇ ਪੁੱਤਰ, ਉਪਦੇਸ਼ਕ ਦੇ ਬਚਨ।
2 ਉਪਦੇਸ਼ਕ ਆਖਦਾ ਹੈ,
"ਵਿਅਰਥ! ਵਿਅਰਥ!
ਬਿਲਕੁਲ!
ਸਭ ਕੁਝ ਅਰਥਹੀਣ ਹੈ।"
3 ਲੋਕਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ,
ਜੋ ਉਹ ਸੂਰਜ ਦੇ ਹੇਠਾਂ ਕਰਦੇ ਹਨ?
4 ਇੱਕ ਪੀੜ੍ਹੀ ਚਲੀ ਜਾਂਦੀ ਅਤੇ ਦੂਸਰੀ ਆ ਜਾਂਦੀ ਹੈ,
ਪਰ ਧਰਤੀ ਸਦਾ ਅਟੱਲ ਰਹਿੰਦੀ ਹੈ।
5 ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ,
ਅਤੇ ਜਲਦੀ ਹੀ ਉੱਥੇ ਵਾਪਸ ਮੁੜ ਜਾਂਦਾ ਹੈ ਜਿੱਥੋਂ ਉਹ ਚੜ੍ਹਦਾ ਹੈ।
6 ਹਵਾ ਦੱਖਣ ਵੱਲੋਂ ਵਗਦੀ ਹੈ
ਅਤੇ ਉੱਤਰ ਵੱਲ ਮੁੜਦੀ ਹੈ,
ਇਹ ਗੋਲ-ਗੋਲ ਘੁੰਮ ਕੇ
ਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।
7 ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ,
ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ।
ਜਿੱਥੋਂ ਨਦੀਆਂ ਨਿੱਕਲਦੀਆਂ ਹਨ,
ਉੱਥੇ ਹੀ ਮੁੜ ਜਾਂਦੀਆਂ ਹਨ।
8 ਸਾਰੀਆਂ ਚੀਜ਼ਾਂ ਥੱਕਾਉਂਣ ਵਾਲੀਆਂ ਹਨ,
ਜਿਸ ਦੇ ਬਾਰੇ ਮਨੁੱਖ ਬੋਲ ਨਹੀਂ ਸਕਦਾ,
ਅੱਖ ਵੇਖਣ ਤੋਂ ਨਹੀਂ ਰੱਜ ਸੱਕਦੀ,
ਨਾ ਕੰਨ ਸੁਣਨ ਤੋਂ ਰੱਜਦੇ ਹਨ।
9 ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ,
ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾ
ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।
10 ਕੀ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਕਹਿ ਸਕਦਾ ਹੈ,
"ਦੇਖੋ! ਇਹ ਕੁਝ ਨਵਾਂ ਹੈ"?
ਇਹ ਪਹਿਲਾ ਹੀ ਇੱਥੇ ਸੀ,
ਇਹ ਸਾਡੇ ਸਮੇਂ ਤੋਂ ਪਹਿਲਾਂ ਇੱਥੇ ਸੀ।
11 ਕੋਈ ਵੀ ਪਿਛਲੀਆਂ ਪੀੜ੍ਹੀਆਂ ਨੂੰ ਯਾਦ ਨਹੀਂ ਕਰਦਾ,
ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ
ਉਹਨਾਂ ਨੂੰ ਵੀ ਯਾਦ ਨਹੀਂ ਕਰਨਗੇ
ਜੋ ਉਹਨਾਂ ਦਾ ਅਨੁਸਰਣ ਕਰਦੇ ਹਨ।
12 ਮੈਂ ਉਪਦੇਸ਼ਕ ਯੇਰੂਸ਼ਲੇਮ ਉੱਤੇ ਰਾਜਾ ਸੀ। 13 ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ਵਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ! 14 ਮੈਂ ਉਹ ਸਾਰੀਆਂ ਚੀਜ਼ਾਂ ਦੇਖਿਆ ਹਨ ਜੋ ਸੂਰਜ ਦੇ ਹੇਠਾਂ ਕੀਤੀਆਂ ਜਾਂਦੀਆਂ ਹਨ, ਉਹ ਸਾਰੀਆਂ ਵਿਅਰਥ ਹਨ ਜਿਵੇਂ ਹਵਾ ਦਾ ਫੱਕਣਾ ਹੈ।
15 ਜੋ ਟੇਢਾ ਹੈ ਉਹ ਸਿੱਧਾ ਨਹੀਂ ਬਣ ਸਕਦਾ,
ਜੋ ਨਹੀਂ ਹੈ ਉਸਨੂੰ ਗਿਣਿਆ ਨਹੀਂ ਜਾ ਸਕਦਾ।
16 ਮੈਂ ਆਪਣੇ-ਆਪ ਨੂੰ ਕਿਹਾ, "ਵੇਖੋ, ਮੇਰੇ ਤੋਂ ਪਹਿਲਾਂ ਯੇਰੂਸ਼ਲੇਮ ਉੱਤੇ ਰਾਜ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲੋਂ ਮੈਂ ਸਿਆਣਪ ਵਿੱਚ ਵੱਧ ਗਿਆ ਹਾਂ। ਮੈਂ ਬਹੁਤ ਸਾਰੀ ਬੁੱਧ ਅਤੇ ਗਿਆਨ ਦਾ ਅਨੁਭਵ ਕੀਤਾ ਹੈ।" 17 ਫਿਰ ਮੈਂ ਆਪਣੇ ਆਪ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪਨ ਅਤੇ ਮੂਰਖਤਾ ਨੂੰ ਸਮਝਣ ਵਿੱਚ ਲਾਇਆ ਪਰ ਮੈਂ ਸਿੱਖਿਆ ਕਿ ਇਹ ਵੀ ਹਵਾ ਦਾ ਫੱਕਣਾ ਹੈ।
18 ਕਿਉਂਕਿ ਜ਼ਿਆਦਾ ਬੁੱਧ ਨਾਲ ਜ਼ਿਆਦਾ ਦੁੱਖ ਆਉਂਦੇ ਹਨ,
ਜਿਹੜਾ ਗਿਆਨ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਉਂਦਾ ਹੈ।