1 ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ,
ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇ
ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ
ਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ।
ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।
2 ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏ
ਜੋ ਪਹਿਲਾਂ ਹੀ ਮਰ ਚੁੱਕੇ ਸਨ
ਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ,
ਜੋ ਅਜੇ ਵੀ ਜਿਉਂਦੇ ਹਨ।
3 ਪਰ ਦੋਹਾਂ ਨਾਲੋਂ ਚੰਗਾ ਉਹ ਹੈ
ਜਿਸ ਨੇ ਕਦੇ ਜਨਮ ਨਹੀਂ ਲਿਆ
ਜਿਸ ਨੇ ਉਹ ਬੁਰਾਈ ਨਹੀਂ ਵੇਖੀ
ਜੋ ਸੂਰਜ ਦੇ ਹੇਠਾਂ ਹੁੰਦੀ ਹੈ।
4 ਇਸ ਲਈ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।
5 ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈ
ਅਤੇ ਆਪਣੇ ਆਪ ਨੂੰ ਹੀ ਬਰਬਾਦ ਕਰਦਾ ਹੈ।
6 ਸੁੱਖ ਦਾ ਇੱਕ ਮੁੱਠੀ ਭਰ
ਅਤੇ ਉਹਨਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ
ਅਤੇ ਹਵਾ ਦਾ ਫੱਕਣਾ ਹੋਵੇ।
7 ਫੇਰ ਮੈਂ ਸੂਰਜ ਦੇ ਹੇਠਾਂ ਕੁਝ ਵਿਅਰਥ ਵੇਖਿਆ,
8 ਉੱਥੇ ਇਕੱਲਾ ਆਦਮੀ ਸੀ;
ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ;
ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀ
ਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ।
ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂ
ਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ?
ਇਹ ਵੀ ਵਿਅਰਥ,
ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!
9 ਇੱਕ ਨਾਲੋਂ ਦੋ ਚੰਗੇ ਹਨ
ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।
10 ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ
ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ,
ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ,
ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।
11 ਜੇਕਰ ਦੋਵੇਂ ਇਕੱਠੇ ਲੇਟਦੇ ਹਨ ਤਾਂ ਉਹ ਨਿੱਘੇ ਰਹਿਣਗੇ,
ਪਰ ਕੋਈ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ?
12 ਅਤੇ ਜੇ ਕੋਈ ਇੱਕ ਉੱਤੇ ਪਰਬਲ ਹੋ ਜਾਵੇ
ਤਾਂ ਦੋਵੇਂ ਆਪਣਾ ਬਚਾਅ ਕਰ ਸਕਦੇ ਹਨ,
ਤਿੰਨ੍ਹ ਡੋਰੀਆਂ ਨਾਲ ਬਣੀ ਹੋਈ ਰੱਸੀ ਜਲਦੀ ਨਹੀਂ ਟੁੱਟਦੀ।
13 ਇੱਕ ਬੁੱਢੇ ਪਰ ਮੂਰਖ ਰਾਜੇ ਨਾਲੋਂ ਇੱਕ ਗਰੀਬ ਪਰ ਬੁੱਧੀਮਾਨ ਨੌਜਵਾਨ ਚੰਗਾ ਹੈ ਜੋ ਹੁਣ ਚੇਤਾਵਨੀ ਵੱਲ ਧਿਆਨ ਦੇਣਾ ਨਹੀਂ ਜਾਣਦਾ। 14 ਹੋ ਸਕਦਾ ਹੈ ਕਿ ਜਵਾਨ ਜੇਲ੍ਹ ਤੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਉਹ ਆਪਣੇ ਰਾਜ ਵਿੱਚ ਗਰੀਬ ਜੰਮਿਆ ਹੋਵੇ। 15 ਮੈਂ ਦੇਖਿਆ ਕਿ ਸੂਰਜ ਦੇ ਹੇਠਾਂ ਰਹਿਣ ਵਾਲੇ ਅਤੇ ਤੁਰਨ ਵਾਲੇ ਸਾਰੇ ਲੋਕ ਰਾਜੇ ਦੇ ਉੱਤਰਾਧਿਕਾਰੀ, ਜਵਾਨੀ ਦਾ ਪਿੱਛਾ ਕਰਦੇ ਸਨ। 16 ਉਹਨਾਂ ਸਾਰਿਆਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜੋ ਉਹਨਾਂ ਤੋਂ ਪਹਿਲਾਂ ਸਨ ਪਰ ਜੋ ਬਾਅਦ ਵਿੱਚ ਆਏ ਉਹ ਉਸ ਨਾਲ ਖੁਸ਼ ਹੋਣਗੇ, ਇਹ ਵੀ ਵਿਅਰਥ ਹੈ ਅਤੇ ਜਿਵੇਂ ਹਵਾ ਦਾ ਫੱਕਣਾ ਹੈ।