ਪਰਮੇਸ਼ਵਰ ਅੱਗੇ ਆਪਣੀ ਸੁੱਖਣਾ ਪੂਰੀ ਕਰੋ
1 ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਜਾਂਦੇ ਹੋ ਤਾਂ ਆਪਣੇ ਕਦਮ ਚੌਕਸੀ ਨਾਲ ਰੱਖੋ। ਕਿਉ ਜੋ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਸੁਣ ਕੇ ਨੇੜੇ ਆਉਣਾ ਚੰਗਾ ਹੈ, ਜੋ ਨਹੀਂ ਜਾਣਦੇ ਕਿ ਉਹ ਗਲਤ ਕਰਦੇ ਹਨ।
2 ਆਪਣੇ ਮੂੰਹ ਨਾਲ ਕਾਹਲੀ ਨਾ ਕਰ,
ਤੇਰਾ ਦਿਲ ਪਰਮੇਸ਼ਵਰ ਦੇ ਸਾਹਮਣੇ
ਜਲਦੀ ਨਾਲ ਕੁਝ ਨਾ ਆਖੇ,
ਕਿਉਂ ਜੋ ਪਰਮੇਸ਼ਵਰ ਸਵਰਗ ਵਿੱਚ ਹੈ
ਅਤੇ ਤੂੰ ਧਰਤੀ ਉੱਤੇ ਹੈ,
ਇਸ ਲਈ ਤੁਹਾਡੀਆਂ ਗੱਲਾਂ ਥੋੜੀਆਂ ਹੋਣ।
3 ਬਹੁਤ ਕੰਮ ਹੋਣ ਕਰਕੇ ਸੁਫ਼ਨਾ ਆਉਂਦਾ ਹੈ,
ਅਤੇ ਬਹੁਤ ਸਾਰੇ ਸ਼ਬਦ ਦੇ ਬੋਲਣ ਵਾਲਾ ਮੂਰਖ ਠਹਿਰਦਾ ਹੈ।
4 ਜਦੋਂ ਤੁਸੀਂ ਪਰਮੇਸ਼ਵਰ ਅੱਗੇ ਸੁੱਖਣਾ ਸੁੱਖਦੇ ਹੋ, ਤਾਂ ਉਸ ਨੂੰ ਪੂਰਾ ਕਰਨ ਵਿੱਚ ਦੇਰ ਨਾ ਕਰੋ। ਕਿਉਂ ਜੋ ਉਹ ਮੂਰਖਾਂ ਤੋਂ ਖੁਸ਼ ਨਹੀਂ ਹੁੰਦਾ, ਜੋ ਸੁੱਖਣਾ ਤੂੰ ਸੁੱਖੀ ਉਸਨੂੰ ਪੂਰੀ ਕਰ। 5 ਤੇਰਾ ਸੁੱਖਣਾ ਨਾ ਪੂਰੀ ਕਰਨ ਨਾਲੋਂ ਤਾਂ ਚੰਗਾ ਹੈ ਕਿ ਸੁੱਖਣਾ ਨਾ ਹੀ ਸੁੱਖੀ ਜਾਵੇ। 6 ਤੇਰਾ ਮੂੰਹ ਤੇਰੇ ਕੋਲੋ ਪਾਪ ਨਾ ਕਰਵਾਏ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ "ਮੇਰੀ ਸੁੱਖਣਾ ਇੱਕ ਭੁੱਲ ਸੀ।" ਪਰਮੇਸ਼ਵਰ ਤੁਹਾਡੇ ਕਹੇ ਉੱਤੇ ਕਿਉਂ ਗੁੱਸਾ ਕਰੇ ਅਤੇ ਤੁਹਾਡੇ ਹੱਥਾਂ ਦੇ ਕੰਮ ਨੂੰ ਨਸ਼ਟ ਕਰੇ? 7 ਬਹੁਤ ਸਾਰੇ ਸੁਪਨੇ ਅਤੇ ਬਹੁਤ ਸਾਰੇ ਸ਼ਬਦ ਵਿਅਰਥ ਹਨ, ਇਸ ਲਈ ਪਰਮੇਸ਼ਵਰ ਤੋਂ ਡਰੋ।
ਧਨ ਵੀ ਵਿਅਰਥ ਹੈ
8 ਜੇਕਰ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਗਰੀਬਾਂ ਤੇ ਜ਼ੁਲਮ ਹੁੰਦੇ ਵੇਖਦੇ ਹੋ, ਅਤੇ ਇਨਸਾਫ਼ ਅਤੇ ਅਧਿਕਾਰਾਂ ਤੋਂ ਇਨਕਾਰ ਹੁੰਦੇ ਵੇਖੋ, ਤਾਂ ਅਜਿਹੀਆਂ ਗੱਲਾਂ ਤੇ ਹੈਰਾਨ ਨਾ ਹੋਵੋ; ਕਿਉਂਕਿ ਜੋ ਵੱਡੇ ਅਧਿਕਾਰੀ ਦੇ ਉੱਪਰ ਵੀ ਵੱਡਾ ਅਧਿਕਾਰੀ ਹੁੰਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ। 9 ਜ਼ਮੀਨ ਤੋਂ ਵਾਧਾ ਸਭ ਨੇ ਲਿਆ ਹੈ, ਰਾਜਾ ਖੁਦ ਖੇਤਾਂ ਤੋਂ ਲਾਭ ਉਠਾਉਂਦਾ ਹੈ।
10 ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ,
ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ,
ਇਹ ਵੀ ਵਿਅਰਥ ਹੈ।
11 ਜਿਵੇਂ-ਜਿਵੇਂ ਵਸਤੂਆਂ ਵਧਦੀਆਂ ਹਨ,
ਉਵੇਂ ਹੀ ਇਨ੍ਹਾਂ ਦਾ ਸੇਵਨ ਕਰਨ ਵਾਲੇ ਵੀ ਵਧਦੇ ਹਨ,
ਅਤੇ ਉਹਨਾਂ ਦਾ ਮਾਲਕਾਂ ਨੂੰ ਕੀ ਲਾਭ ਹੈ
ਸਿਵਾਏ ਉਹਨਾਂ ਉੱਤੇ ਅੱਖਾਂ ਮੀਚਣ ਦੇ?
12 ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ,
ਭਾਵੇਂ ਉਹ ਥੋੜਾ ਖਾਵੇ ਜਾਂ ਬਹੁਤ,
ਪਰ ਅਮੀਰਾਂ ਲਈ ਉਹਨਾਂ ਦੀ ਬਹੁਤਾਤ
ਉਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੀ।
13 ਮੈਂ ਸੂਰਜ ਦੇ ਹੇਠਾਂ ਇੱਕ ਭਿਆਨਕ ਬੁਰਾਈ ਵੇਖੀ ਹੈ,
ਕਿ ਧਨ ਆਪਣੇ ਮਾਲਕਾਂ ਦੇ ਨੁਕਸਾਨ ਲਈ ਜਮ੍ਹਾਂ ਕੀਤਾ ਹੋਇਆ ਹੈ।
14 ਜਾਂ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ,
ਫਿਰ ਜਦੋਂ ਉਹ ਧਨੀ ਇੱਕ ਪੁੱਤਰ ਦਾ ਪਿਤਾ ਬਣਦਾ ਹੈ
ਤਦ ਉਹਨਾਂ ਕੋਲ ਵਿਰਾਸਤ ਲਈ ਕੁਝ ਵੀ ਬਚਿਆ ਨਹੀਂ ਰਹਿੰਦਾ।
15 ਹਰ ਕੋਈ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਹੀ ਆਉਂਦਾ ਹੈ,
ਉਸੇ ਤਰ੍ਹਾ ਹੀ ਵਾਪਸ ਮੁੜ ਜਾਏਗਾ,
ਅਤੇ ਉਹ ਆਪਣੀ ਮਿਹਨਤ ਵਿੱਚੋਂ ਕੁਝ ਨਾ ਰੱਖੇਗਾ,
ਜੋ ਉਹ ਆਪਣੇ ਹੱਥਾਂ ਵਿੱਚ ਲੈ ਜਾਵੇ।
16 ਇਹ ਵੀ ਇੱਕ ਭਿਆਨਕ ਬੁਰਾਈ ਹੈ ਕਿ
ਜਿਵੇਂ ਹਰ ਕੋਈ ਆਉਂਦਾ ਹੈ, ਤਿਵੇਂ ਉਹ ਚਲਾ ਜਾਂਦਾ ਹੈ,
ਅਤੇ ਉਹਨਾਂ ਨੂੰ ਕੀ ਲਾਭ ਹੁੰਦਾ ਹੈ?
ਕਿਉਂਕਿ ਉਹ ਹਵਾ ਲਈ ਮਿਹਨਤ ਕਰਦੇ ਹਨ।
17 ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਹਨ,
ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ।
18 ਮੈਂ ਇਹ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ਵਰ ਦੇ ਦਿੱਤੇ ਹੋਵੇ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ, ਇਹੋ ਉਸਦਾ ਭਾਗ ਹੈ। 19 ਇਸ ਤੋਂ ਇਲਾਵਾ ਜਦੋਂ ਪਰਮੇਸ਼ਵਰ ਕਿਸੇ ਨੂੰ ਦੌਲਤ ਅਤੇ ਧਨ ਦਿੰਦਾ ਹੈ ਜੋ ਉਹ ਉਹਨਾਂ ਤੋਂ ਮੌਜ ਕਰੇ ਅਤੇ ਆਪਣੇ ਭਾਗ ਭੋਗੇ ਅਤੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ। 20 ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਯਾਦ ਨਾ ਰੱਖੇਗਾ ਕਿਉਂਕਿ ਪਰਮੇਸ਼ਵਰ ਉਹਨਾਂ ਦੇ ਦਿਲ ਨੂੰ ਅਨੰਦ ਨਾਲ ਭਰਦਾ ਹੈ।