1 ਬੁੱਧਵਾਨ ਦੇ ਵਰਗਾ ਕੌਣ ਹੈ?
ਕਿਸੇ ਗੱਲ ਦੀ ਵਿਆਖਿਆ ਕੌਣ ਜਾਣਦਾ ਹੈ?
ਮਨੁੱਖ ਦੀ ਬੁੱਧ ਉਸ ਦੇ ਚਿਹਰੇ ਨੂੰ ਚਮਕਾਉਂਦੀ ਹੈ
ਅਤੇ ਉਸਦੇ ਚਿਹਰੇ ਦੀ ਕਠੋਰਤਾ ਬਦਲ ਜਾਂਦੀ ਹੈ।
ਰਾਜੇ ਦਾ ਹੁਕਮ ਮੰਨੋ
2 ਮੈਂ ਆਖਦਾ ਹਾਂ ਰਾਜੇ ਦਾ ਹੁਕਮ ਮੰਨੋ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਸਹੁੰ ਖਾਧੀ ਸੀ। 3 ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ। 4 ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, "ਤੁਸੀਂ ਇਹ ਕੀ ਕਰ ਰਹੇ ਹੋ?"
5 ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ,
ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।
6 ਕਿਉਂਕਿ ਹਰ ਇੱਕ ਮਾਮਲੇ ਲਈ ਇੱਕ ਢੁਕਵਾਂ ਸਮਾਂ ਅਤੇ ਵਿਧੀ ਹੈ,
ਭਾਵੇਂ ਕੋਈ ਵਿਅਕਤੀ ਦੁੱਖਾਂ ਦੁਆਰਾ ਦੱਬਿਆ ਹੋਵੇ।
7 ਕਿਉਂਕਿ ਭਵਿੱਖ ਬਾਰੇ ਕੋਈ ਨਹੀਂ ਜਾਣਦਾ,
ਕਿਸੇ ਹੋਰ ਨੂੰ ਕੌਣ ਦੱਸ ਸਕਦਾ ਹੈ ਕਿ ਕਿਵੇਂ ਹੋਵੇਗਾ?
8 ਜਿਵੇਂ ਕਿ ਕਿਸੇ ਕੋਲ ਹਵਾ ਨੂੰ ਕਾਬੂ ਕਰਨ ਦੀ ਸ਼ਕਤੀ ਨਹੀਂ ਹੈ,
ਇਸੇ ਤਰ੍ਹਾਂ ਨਾ ਕਿਸੇ ਨੂੰ ਮੌਤ ਦੇ ਦਿਨ ਦੇ ਉੱਤੇ ਉਸ ਦਾ ਅਧਿਕਾਰ ਹੈ।
ਜਿਵੇਂ ਯੁੱਧ ਦੇ ਸਮੇਂ ਕੋਈ ਵੀ ਛੁਟਕਾਰਾ ਨਹੀਂ ਦਿੰਦਾ,
ਉਸੇ ਤਰ੍ਹਾਂ ਬੁਰਿਆਈ ਉਹਨਾਂ ਨੂੰ ਨਹੀਂ ਛੁਡਾਵੇਗੀ ਜੋ ਇਸ ਦਾ ਅਭਿਆਸ ਕਰਦੇ ਹਨ।
9 ਇਹ ਸਭ ਮੈਂ ਦੇਖਿਆ ਅਤੇ ਮੈਂ ਆਪਣਾ ਮਨ ਸਾਰਿਆਂ ਕੰਮਾਂ ਉੱਤੇ ਲਗਾਇਆ, ਜੋ ਸੂਰਜ ਦੇ ਹੇਠਾਂ ਹੁੰਦੇ ਹਨ ਜਦੋਂ ਮਨੁੱਖ ਆਪਣੇ ਆਪ ਨੂੰ ਠੇਸ ਪਹੁੰਚਾਉਣ ਲਈ ਦੂਸਰਿਆ ਉੱਤੇ ਰਾਜ ਕਰਦਾ ਹੈ। 10 ਤਦ ਮੈਂ ਦੁਸ਼ਟਾਂ ਨੂੰ ਦਫਨਾਏ ਜਾਂਦੇ ਦੇਖਿਆ, ਉਹ ਜਿਹੜੇ ਪਵਿੱਤਰ ਸਥਾਨ ਤੋਂ ਆਉਂਦੇ ਜਾਂਦੇ ਸਨ ਅਤੇ ਉਸ ਸ਼ਹਿਰ ਵਿੱਚ ਪ੍ਰਸੰਸਾ ਪ੍ਰਾਪਤ ਕਰਦੇ ਸਨ ਜਿੱਥੇ ਉਹਨਾਂ ਨੇ ਚੰਗੇ ਕੰਮ ਕੀਤੇ ਸਨ। ਇਹ ਵੀ ਵਿਅਰਥ ਹੈ।
11 ਜਦੋਂ ਕਿਸੇ ਅਪਰਾਧ ਦੀ ਸਜ਼ਾ ਜਲਦੀ ਪੂਰੀ ਨਹੀਂ ਹੁੰਦੀ ਤਾਂ ਲੋਕਾਂ ਦੇ ਦਿਲ ਬੁਰਿਆਈ ਕਰਨ ਦੀਆਂ ਯੋਜਨਾ ਨਾਲ ਭਰ ਜਾਂਦੇ ਹਨ। 12 ਭਾਵੇਂ ਇੱਕ ਪਾਪੀ ਵਿਅਕਤੀ ਜੋ ਸੌ ਅਪਰਾਧ ਕਰਦਾ ਹੈ ਲੰਮਾ ਸਮਾਂ ਜੀਉਂਦਾ ਰਹਿ ਸਕਦਾ ਹੈ, ਤਾਂ ਵੀ ਮੈਂ ਜਾਣਦਾ ਹਾਂ ਉਹਨਾਂ ਦਾ ਹੀ ਭਲਾ ਹੋਵੇਗਾ ਜੋ ਪਰਮੇਸ਼ਵਰ ਤੋਂ ਡਰਦੇ ਹਨ ਅਤੇ ਉਸ ਦਾ ਸਤਿਕਾਰ ਕਰਦੇ ਹਨ। 13 ਭਾਵੇਂ ਦੁਸ਼ਟ ਪਰਮੇਸ਼ਵਰ ਤੋਂ ਨਹੀਂ ਡਰਦੇ ਤਾਂ ਵੀ ਉਹਨਾਂ ਦਾ ਭਲਾ ਨਹੀਂ ਹੋਵੇਗਾ, ਅਤੇ ਉਹਨਾਂ ਦੇ ਦਿਨ ਪਰਛਾਵੇਂ ਵਾਂਗ ਲੰਬੇ ਨਹੀਂ ਹੋਣਗੇ।
14 ਇੱਥੇ ਕੁਝ ਹੋਰ ਵੀ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਧਰਮੀ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਦੁਸ਼ਟ ਹੁੰਦੇ ਹਨ, ਅਤੇ ਦੁਸ਼ਟ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਧਰਮੀ ਹੁੰਦੇ ਹਨ। ਮੈਂ ਕਹਿੰਦਾ ਹਾਂ, ਇਹ ਵੀ ਵਿਅਰਥ ਹੈ। 15 ਤਦ ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਮਨੁੱਖ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ, ਜੋ ਖਾਵੇ-ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਸਦੇ ਕੰਮ ਧੰਦੇ ਦੇ ਵਿੱਚ ਉਹ ਦੇ ਜੀਵਨ ਦੇ ਸਾਰਿਆਂ ਦਿਨਾਂ ਤੱਕ ਜੋ ਪਰਮੇਸ਼ਵਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤੇ ਹਨ, ਇਹ ਹੀ ਉਸ ਦੇ ਨਾਲ ਰਹੇਗਾ।
16 ਜਦੋਂ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਣਨ ਅਤੇ ਧਰਤੀ ਉੱਤੇ ਕੀਤੀ ਗਈ ਕਿਰਤ ਨੂੰ ਵੇਖਣ ਲਈ ਲਗਾਇਆ, ਲੋਕਾਂ ਨੂੰ ਦਿਨ ਜਾਂ ਰਾਤ ਨੀਂਦ ਨਹੀਂ ਆਉਂਦੀ, 17 ਫਿਰ ਮੈਂ ਉਹ ਸਭ ਕੁਝ ਦੇਖਿਆ ਜੋ ਪਰਮੇਸ਼ਵਰ ਨੇ ਕੀਤਾ ਹੈ ਕਿ ਕੋਈ ਨਹੀਂ ਸਮਝ ਸਕਦਾ ਸੂਰਜ ਦੇ ਹੇਠਾਂ ਕੀ ਹੋ ਰਿਹਾ ਹੈ, ਇਸਦੀ ਖੋਜ ਕਰਨ ਦੇ ਸਾਰੇ ਯਤਨਾਂ ਦੇ ਬਾਵਜੂਦ ਕੋਈ ਵੀ ਇਸਦਾ ਅਰਥ ਨਹੀਂ ਲੱਭ ਸਕਦਾ। ਭਾਵੇਂ ਸਿਆਣੇ ਦਾਅਵਾ ਕਰਦੇ ਹਨ ਕਿ ਉਹ ਜਾਣਦੇ ਹਨ, ਤਾਂ ਵੀ ਉਹ ਇਸ ਨੂੰ ਨਹੀਂ ਸਮਝ ਸਕਦੇ।