1 ਇਸ ਲਈ ਮੈਂ ਇਸ ਸਭ ਤੇ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਹ ਜੋ ਕਰਦੇ ਹਨ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ, ਪਰ ਕੋਈ ਨਹੀਂ ਜਾਣਦਾ ਕਿ ਪਿਆਰ ਜਾਂ ਨਫ਼ਰਤ ਉਹਨਾਂ ਦੀ ਉਡੀਕ ਕਰ ਰਹੀ ਹੈ। 2 ਸਾਰਿਆਂ ਦੀ ਇੱਕ ਸਾਂਝੀ ਮੰਜ਼ਲ ਹੈ। ਧਰਮੀ ਅਤੇ ਦੁਸ਼ਟ, ਚੰਗੇ ਅਤੇ ਮਾੜੇ, ਸ਼ੁੱਧ ਅਤੇ ਅਸ਼ੁੱਧ, ਉਹ ਜੋ ਬਲੀਦਾਨ ਚੜ੍ਹਾਉਂਦੇ ਹਨ ਅਤੇ ਜੋ ਨਹੀਂ ਵੀ ਚੜ੍ਹਾਉਂਦੇ।
ਜਿਵੇਂ ਇਹ ਚੰਗੇ ਲੋਕਾਂ ਨਾਲ ਹੁੰਦਾ ਹੈ,
ਉਵੇਂ ਹੀ ਪਾਪੀਆਂ ਨਾਲ ਹੁੰਦਾ ਹੈ,
ਜਿਵੇਂ ਸਹੁੰ ਖਾਣ ਵਾਲਿਆਂ ਨਾਲ ਹੁੰਦਾ ਹੈ,
ਉਸੇ ਤਰ੍ਹਾਂ ਉਹਨਾਂ ਨਾਲ ਜੋ ਉਹਨਾਂ ਨੂੰ ਲੈਣ ਤੋਂ ਡਰਦੇ ਹਨ।
3 ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠਾਂ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਲੋਕਾਂ ਦੇ ਦਿਲ ਬੁਰਿਆਈ ਨਾਲ ਭਰੇ ਹੋਵੇ ਹਨ ਜਦ ਤੱਕ ਉਹ ਜਿਉਂਦੇ ਹਨ ਉਹਨਾਂ ਦੇ ਦਿਲ ਪਾਗਲਪਨ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਉਹ ਮੁਰਦਿਆਂ ਵਿੱਚ ਚਲੇ ਜਾਂਦੇ ਹਨ। 4 ਕੋਈ ਵੀ ਜਿਹੜਾ ਜੀਉਂਦਿਆਂ ਦੇ ਵਿੱਚ ਹੈ ਉਸਦੇ ਲਈ ਉਮੀਦ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ!
5 ਕਿਉਂਕਿ ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ,
ਪਰ ਮੁਰਦੇ ਕੁਝ ਨਹੀਂ ਜਾਣਦੇ,
ਉਹਨਾਂ ਦਾ ਕੋਈ ਹੋਰ ਫਲ ਨਹੀਂ ਹੈ,
ਅਤੇ ਉਹਨਾਂ ਦਾ ਨਾਮ ਵੀ ਮਿਟ ਗਿਆ ਹੈ।
6 ਉਹਨਾਂ ਦਾ ਪਿਆਰ ਉਹਨਾਂ ਦੀ ਨਫ਼ਰਤ
ਅਤੇ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਹੈ,
ਫਿਰ ਕਦੇ ਵੀ ਸੂਰਜ ਦੇ ਹੇਠਾਂ ਵਾਪਰਨ ਵਾਲੀ
ਕਿਸੇ ਵੀ ਚੀਜ਼ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੋਵੇਗਾ।
7 ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਦਾਖ਼ਰਸ ਪੀ, ਕਿਉਂਕਿ ਪਰਮੇਸ਼ਵਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ। 8 ਹਮੇਸ਼ਾ ਚਿੱਟੇ ਕੱਪੜੇ ਪਹਿਨ ਅਤੇ ਹਮੇਸ਼ਾ ਆਪਣੇ ਸਿਰ ਨੂੰ ਤੇਲ ਨਾਲ ਮਸਹ ਕਰ। 9 ਆਪਣੀ ਪਤਨੀ ਜਿਸਨੂੰ ਤੂੰ ਪਿਆਰ ਕਰਦਾ ਹੈ, ਉਸ ਨਾਲ ਜੀਵਨ ਦਾ ਆਨੰਦ ਮਾਣ ਇਸ ਵਿਅਰਥ ਜੀਵਨ ਦੇ ਸਾਰੇ ਦਿਨ ਜੋ ਪਰਮੇਸ਼ਵਰ ਨੇ ਤੈਨੂੰ ਸੂਰਜ ਦੇ ਹੇਠਾਂ ਦਿੱਤੇ ਹਨ ਕਿਉਂਕਿ ਜੀਵਨ ਵਿੱਚ ਅਤੇ ਸੂਰਜ ਦੇ ਹੇਠਾਂ ਇਹੀ ਤੇਰੀ ਸਖ਼ਤ ਮਿਹਨਤ ਹੈ। 10 ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ।
11 ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਹੈ
ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ,
ਨਾ ਸੂਰਮੇ ਦੇ ਲਈ ਯੁੱਧ,
ਨਾ ਹੀ ਬੁੱਧੀਮਾਨ ਨੂੰ ਭੋਜਨ ਆਉਂਦਾ ਹੈ,
ਨਾ ਸਮਝ ਵਾਲਿਆਂ ਨੂੰ ਧਨ ਆਉਂਦਾ ਹੈ,
ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ,
ਪਰ ਸਮਾਂ ਅਤੇ ਮੌਕਾ ਉਹਨਾਂ ਸਾਰਿਆਂ ਨਾਲ ਵਾਪਰਦਾ ਹੈ।
12 ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਉਹਨਾਂ ਦਾ ਸਮਾਂ ਕਦੋਂ ਆ ਜਾਵੇਗਾ,
ਜਿਵੇਂ ਮੱਛੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ,
ਜਾਂ ਪੰਛੀ ਫੰਦੇ ਵਿੱਚ ਫਸ ਜਾਂਦੇ ਹਨ,
ਉਸੇ ਤਰ੍ਹਾਂ ਲੋਕ ਬੁਰੇ ਸਮੇਂ ਵਿੱਚ ਫਸ ਜਾਂਦੇ ਹਨ
ਜੋ ਅਚਾਨਕ ਉਹਨਾਂ ਉੱਤੇ ਆ ਪੈਂਦਾ ਹੈ।
13 ਮੈਂ ਸੂਰਜ ਦੇ ਹੇਠਾਂ ਬੁੱਧੀ ਦੀ ਇਹ ਉਦਾਹਰਣ ਵੀ ਵੇਖੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। 14 ਇੱਕ ਵਾਰ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਕੁਝ ਹੀ ਲੋਕ ਰਹਿੰਦੇ ਸਨ ਅਤੇ ਇੱਕ ਸ਼ਕਤੀਸ਼ਾਲੀ ਰਾਜਾ ਉਸ ਦੇ ਵਿਰੁੱਧ ਆਇਆ, ਉਸ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ। 15 ਹੁਣ ਉਸ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਪਰ ਉਹ ਬੁੱਧਵਾਨ ਸੀ, ਜਿਸਨੇ ਆਪਣੀ ਬੁੱਧ ਨਾਲ ਸ਼ਹਿਰ ਨੂੰ ਬਚਾਇਆ। ਪਰ ਤਾਂ ਵੀ ਉਸ ਗਰੀਬ ਨੂੰ ਕਿਸੇ ਨੇ ਯਾਦ ਨਹੀਂ ਕੀਤਾ। 16 ਇਸ ਲਈ ਮੈਂ ਕਿਹਾ, "ਬੁੱਧ ਤਾਕਤ ਨਾਲੋਂ ਚੰਗੀ ਹੈ।" ਪਰ ਗਰੀਬ ਆਦਮੀ ਦੀ ਸਿਆਣਪ ਨੂੰ ਤੁੱਛ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ।
17 ਮੂਰਖਾਂ ਦੇ ਸ਼ਾਸਕ ਦੀਆਂ ਚੀਕਾਂ ਨਾਲੋਂ
ਬੁੱਧੀਮਾਨਾਂ ਦੀਆਂ ਸ਼ਾਂਤ ਗੱਲਾਂ ਸੁਣਨ ਯੋਗ ਹਨ।
18 ਬੁੱਧ ਯੁੱਧ ਦੇ ਹਥਿਆਰਾਂ ਨਾਲੋਂ ਚੰਗੀ ਹੈ,
ਪਰ ਇੱਕ ਪਾਪੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਹੈ।