1 ਆਪਣੀ ਜੁਆਨੀ ਦੇ ਦਿਨਾਂ ਵਿੱਚ
ਆਪਣੇ ਸਿਰਜਣਹਾਰ ਨੂੰ ਯਾਦ ਰੱਖ,
ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ
ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ,
ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।
2 ਜਦ ਤੱਕ ਸੂਰਜ ਅਤੇ ਚਾਨਣ
ਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ,
ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।
3 ਜਦੋਂ ਘਰ ਦੇ ਰਖਵਾਲੇ ਕੰਬਦੇ ਹਨ
ਅਤੇ ਤਕੜੇ ਆਦਮੀ ਝੁਕ ਜਾਂਦੇ ਹਨ,
ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ,
ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;
4 ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣ
ਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ;
ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ,
ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।
5 ਫਿਰ ਉਹ ਲੋਕ ਉਚਾਈਆਂ
ਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ;
ਜਦੋਂ ਬਦਾਮ ਦਾ ਰੁੱਖ ਖਿੜਦਾ ਹੈ
ਅਤੇ ਟਿੱਡੀ ਵੀ ਭਾਰੀ ਲੱਗੇਗੀ
ਅਤੇ ਇੱਛਾ ਮਿਟ ਜਾਵੇਗੀ,
ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨ
ਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।
6 ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ,
ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ,
ਘੜਾ ਸੋਤੇ ਦੇ ਕੋਲ ਭੰਨਿਆ ਜਾਵੇ,
ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।
7 ਅਤੇ ਮਿੱਟੀ ਉਸ ਧਰਤੀ ਵਿੱਚ ਵਾਪਸ ਜਾਂ ਰਲੇ ਜਿੱਥੋ ਇਹ ਆਈ ਸੀ,
ਅਤੇ ਆਤਮਾ ਪਰਮੇਸ਼ਵਰ ਵੱਲ ਮੁੜ ਜਾਂਦੀ ਹੈ ਜਿਸਨੇ ਇਸਨੂੰ ਦਿੱਤਾ ਸੀ।
8 "ਵਿਅਰਥ ਹੀ ਵਿਅਰਥ!" ਉਪਦੇਸ਼ਕ ਕਹਿੰਦਾ ਹੈ,
"ਸਭ ਕੁਝ ਵਿਅਰਥ ਹੈ!"
9 ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ। 10 ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।
11 ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ। 12 ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ।
ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।
13 ਹੁਣ ਸਭ ਸੁਣਿਆ ਹੈ,
ਇੱਥੇ ਸਭ ਗੱਲਾਂ ਦਾ ਨਿਚੋੜ ਹੈ
ਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ,
ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।
14 ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ,
ਹਰ ਗੁਪਤ ਚੀਜ਼ ਸਮੇਤ,
ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।