1 ਇਹ ਪੱਤਰ ਹੈ ਜੋ ਯਿਰਮਿਯਾਹ ਨਬੀ ਨੇ ਯੇਰੂਸ਼ਲੇਮ ਤੋਂ ਗ਼ੁਲਾਮਾਂ ਵਿੱਚੋਂ ਬਚੇ ਹੋਏ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਸੀ ਜਿਨ੍ਹਾਂ ਨੂੰ ਨਬੂਕਦਨੇਜ਼ਰ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲਿਆਇਆ ਸੀ। 2 (ਇਹ ਰਾਜਾ ਯਹੋਯਾਕੀਨ ਅਤੇ ਰਾਣੀ ਮਾਤਾ, ਦਰਬਾਰ ਦੇ ਅਧਿਕਾਰੀਆਂ, ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੇ ਯੇਰੂਸ਼ਲੇਮ ਤੋਂ ਗ਼ੁਲਾਮੀ ਵਿੱਚ ਚਲੇ ਜਾਣ ਤੋਂ ਬਾਅਦ ਹੋਇਆ ਸੀ।) 3 ਉਸ ਨੇ ਇਹ ਪੱਤਰ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਨੂੰ ਸੌਂਪੀ, ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬੇਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਕੋਲ ਭੇਜਿਆ:
4 ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਸਾਰਿਆਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਵਿੱਚੋਂ ਗ਼ੁਲਾਮ ਕਰ ਕੇ ਬਾਬੇਲ ਨੂੰ ਭੇਜਿਆ ਹੈ: 5 "ਤੁਸੀਂ ਘਰ ਬਣਾਓ ਅਤੇ ਉੱਥੇ ਵੱਸੋ; ਬਾਗ ਲਗਾਓ ਅਤੇ ਉਹ ਖਾਓ ਜੋ ਉਹ ਪੈਦਾ ਕਰਦੇ ਹਨ। 6 ਵਿਆਹ ਕਰੋ ਅਤੇ ਪੁੱਤਰ ਅਤੇ ਧੀਆਂ ਪੈਦਾ ਕਰੋ; ਆਪਣੇ ਪੁੱਤਰਾਂ ਲਈ ਪਤਨੀਆਂ ਲੱਭੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ। 7 ਨਾਲੇ, ਉਸ ਸ਼ਹਿਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਲ ਕਰੋ ਜਿਸ ਵਿੱਚ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਹਾਂ। ਇਸ ਦੇ ਲਈ ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇ ਇਹ ਖੁਸ਼ਹਾਲ ਹੁੰਦਾ ਹੈ, ਤਾਂ ਤੁਸੀਂ ਵੀ ਖੁਸ਼ਹਾਲ ਹੋਵੋਗੇ।" 8 ਕਿਉਂ ਜੋ ਇਸਰਾਏਲ ਦਾ ਯਾਹਵੇਹ ਸਰਬਸ਼ਕਤੀਮਾਨ, ਪਰਮੇਸ਼ਵਰ ਆਖਦਾ ਹੈ: "ਸਾਵਧਾਨ ਰਹੋ ਕਿ ਤੁਸੀਂ ਨਬੀਆਂ ਅਤੇ ਪ੍ਰਚਾਰਕਾਂ ਦੁਆਰਾ ਧੋਖਾ ਨਾ ਖਾਓ ਜੋ ਤੁਹਾਡੇ ਵਿੱਚ ਹਨ ਅਤੇ ਉਨ੍ਹਾਂ ਸੁਪਨਿਆਂ ਵੱਲ ਵੀ ਧਿਆਨ ਨਾ ਦਿਓ ਜਿਨ੍ਹਾਂ ਦਾ ਉਹ ਜ਼ਿਕਰ ਕਰਦਾ ਹੈ। 9 ਉਹ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ। ਮੈਂ ਉਹਨਾਂ ਨੂੰ ਨਹੀਂ ਭੇਜਿਆ," ਯਾਹਵੇਹ ਆਖਦਾ ਹੈ।
10 ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: "ਜਦੋਂ ਬਾਬੇਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ, ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਇਸ ਸਥਾਨ ਤੇ ਵਾਪਸ ਲਿਆਉਣ ਦਾ ਆਪਣਾ ਚੰਗਾ ਵਾਅਦਾ ਪੂਰਾ ਕਰਾਂਗਾ। 11 ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ। 12 ਫਿਰ ਤੁਸੀਂ ਮੈਨੂੰ ਪੁਕਾਰੋਂਗੇ ਅਤੇ ਆ ਕੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ, ਅਤੇ ਮੈਂ ਤੁਹਾਡੀ ਸੁਣਾਂਗਾ। 13 ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ। 14 ਯਾਹਵੇਹ ਇਹ ਆਖਦਾ ਹੈ, ਮੈਂ ਤੁਹਾਨੂੰ ਲੱਭਾਂਗਾ, ਅਤੇ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵਾਂਗਾ। ਮੈਂ ਤੁਹਾਨੂੰ ਸਾਰੀਆਂ ਕੌਮਾਂ ਅਤੇ ਥਾਵਾਂ ਤੋਂ ਇਕੱਠਾ ਕਰਾਂਗਾ ਜਿੱਥੋਂ ਮੈਂ ਤੁਹਾਨੂੰ ਕੱਢ ਦਿੱਤਾ ਹੈ, ਅਤੇ ਤੁਹਾਨੂੰ ਉਸ ਥਾਂ ਤੇ ਵਾਪਸ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਸੀ।"
15 ਤੁਸੀਂ ਕਹਿ ਸਕਦੇ ਹੋ, "ਯਾਹਵੇਹ ਨੇ ਸਾਡੇ ਲਈ ਬਾਬੇਲ ਵਿੱਚ ਨਬੀ ਖੜੇ ਕੀਤੇ ਹਨ," 16 ਇਸ ਲਈ ਯਾਹਵੇਹ ਉਸ ਰਾਜਾ ਦੇ ਬਾਰੇ ਜਿਹੜਾ ਦਾਵੀਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਗ਼ੁਲਾਮ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ 17 ਹਾਂ, ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: "ਮੈਂ ਉਹਨਾਂ ਦੇ ਵਿਰੁੱਧ ਤਲਵਾਰ, ਕਾਲ ਅਤੇ ਮਹਾਂਮਾਰੀ ਭੇਜਾਂਗਾ ਅਤੇ ਮੈਂ ਉਹਨਾਂ ਨੂੰ ਹੰਜੀਰਾਂ ਵਾਂਗ ਬਣਾਵਾਂਗਾ ਜੋ ਇੰਨੇ ਮਾੜੇ ਹਨ ਕਿ ਉਹ ਖਾ ਨਹੀਂ ਸਕਦੇ। 18 ਮੈਂ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਅਤੇ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਘਿਣਾਉਣੀ ਬਣਾ ਦਿਆਂਗਾ, ਉਹਨਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਚਲਾਵਾਂਗਾ, ਇੱਕ ਸਰਾਪ ਅਤੇ ਡਰਾਉਣੀ, ਘਿਣਾਉਣੀ ਅਤੇ ਬਦਨਾਮੀ ਦਾ ਪਾਤਰ ਬਣਾਵਾਂਗਾ। 19 ਕਿਉ ਜੋ ਉਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ," ਯਾਹਵੇਹ ਦਾ ਵਾਕ ਹੈ, "ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ," ਯਾਹਵੇਹ ਦਾ ਵਾਕ ਹੈ।
20 ਇਸ ਲਈ ਹੇ ਸਾਰੇ ਗ਼ੁਲਾਮ ਲੋਕੋ, ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਤੋਂ ਬਾਬੇਲ ਨੂੰ ਭੇਜਿਆ ਹੈ, ਯਾਹਵੇਹ ਦਾ ਬਚਨ ਸੁਣੋ। 21 ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੋਲਾਇਆਹ ਦੇ ਪੁੱਤਰ ਅਹਾਬ ਅਤੇ ਮਾਸੇਯਾਹ ਦੇ ਪੁੱਤਰ ਸਿਦਕੀਯਾਹ ਬਾਰੇ ਇਹੀ ਆਖਦਾ ਹੈ, ਜਿਹੜੇ ਮੇਰੇ ਨਾਮ ਉੱਤੇ ਤੁਹਾਡੇ ਲਈ ਝੂਠੇ ਅਗੰਮਵਾਕ ਬੋਲ ਰਹੇ ਹਨ: "ਮੈਂ ਉਹਨਾਂ ਨੂੰ ਨਬੂਕਦਨੱਸਰ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਜਿਹੜਾ ਬਾਬੇਲ ਦਾ ਹੈ ਅਤੇ ਉਹ ਉਹਨਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮਾਰ ਸੁੱਟੇਗਾ। 22 ਉਹਨਾਂ ਦੇ ਕਾਰਨ, ਯਹੂਦਾਹ ਦੇ ਸਾਰੇ ਗ਼ੁਲਾਮ ਜਿਹੜੇ ਬਾਬੇਲ ਵਿੱਚ ਹਨ, ਇਹ ਸਰਾਪ ਵਰਤਿਆ ਜਾਵੇਗਾ: ‘ਯਾਹਵੇਹ ਤੁਹਾਡੇ ਨਾਲ ਸਿਦਕੀਯਾਹ ਅਤੇ ਅਹਾਬ ਵਰਗਾ ਸਲੂਕ ਕਰੇ, ਜਿਨ੍ਹਾਂ ਨੂੰ ਬਾਬੇਲ ਦੇ ਰਾਜੇ ਨੇ ਅੱਗ ਵਿੱਚ ਸਾੜ ਦਿੱਤਾ ਸੀ।’ 23 ਕਿਉਂਕਿ ਉਹਨਾਂ ਨੇ ਇਸਰਾਏਲ ਵਿੱਚ ਘਿਣਾਉਣੇ ਕੰਮ ਕੀਤੇ ਹਨ। ਉਹਨਾਂ ਨੇ ਆਪਣੀਆਂ ਗੁਆਂਢੀਆਂ ਦੀਆਂ ਪਤਨੀਆਂ ਨਾਲ ਵਿਭਚਾਰ ਕੀਤਾ ਹੈ, ਅਤੇ ਉਹਨਾਂ ਨੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੀਆ ਹਨ, ਜਿਸਦਾ ਮੈਂ ਉਹਨਾਂ ਨੂੰ ਅਧਿਕਾਰ ਨਹੀਂ ਦਿੱਤਾ ਸੀ। ਮੈਂ ਇਸਨੂੰ ਜਾਣਦਾ ਹਾਂ ਅਤੇ ਇਸਦਾ ਗਵਾਹ ਹਾਂ," ਯਾਹਵੇਹ ਦਾ ਵਾਕ ਹੈ।
24 ਸ਼ਮਅਯਾਹ ਨੇਹੇਲਾਮੀ ਨੂੰ ਆਖ, 25 "ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਤੁਸੀਂ ਯੇਰੂਸ਼ਲੇਮ ਦੇ ਸਾਰੇ ਲੋਕਾਂ ਨੂੰ, ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਆਪਣੇ ਨਾਮ ਵਿੱਚ ਚਿੱਠੀਆਂ ਭੇਜੀਆਂ ਸਨ ਅਤੇ ਹੋਰ ਸਾਰੇ ਜਾਜਕਾਂ ਨੂੰ। ਤੁਸੀਂ ਸਫ਼ਨਯਾਹ ਨੂੰ ਕਿਹਾ, 26 ‘ਯਾਹਵੇਹ ਨੇ ਯਹੋਇਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਾਹਵੇਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ। 27 ਤਾਂ ਫਿਰ ਤੂੰ ਅਨਾਥੋਥ ਦੇ ਯਿਰਮਿਯਾਹ ਨੂੰ ਕਿਉਂ ਨਹੀਂ ਝਿੜਕਿਆ, ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ? 28 ਉਸ ਨੇ ਸਾਨੂੰ ਬਾਬੇਲ ਵਿੱਚ ਇਹ ਸੰਦੇਸ਼ ਭੇਜਿਆ ਹੈ ਕਿ ਇਹ ਬਹੁਤ ਸਮਾਂ ਹੋਵੇਗਾ। ਇਸ ਲਈ ਘਰ ਬਣਾਓ ਅਤੇ ਵੱਸੋ; ਬਾਗ ਲਗਾਓ ਅਤੇ ਜੋ ਉਹ ਪੈਦਾ ਕਰਦੇ ਹਨ ਉਸਨੂੰ ਖਾਓ।’ "
29 ਪਰ ਸਫ਼ਨਯਾਹ ਜਾਜਕ ਨੇ ਯਿਰਮਿਯਾਹ ਨਬੀ ਨੂੰ ਲਿਖੀ ਚਿੱਠੀ ਪੜ੍ਹੀ। 30 ਤਦ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ: 31 "ਸਾਰੇ ਗ਼ੁਲਾਮਾਂ ਨੂੰ ਇਹ ਸੰਦੇਸ਼ ਭੇਜੋ: ‘ਯਾਹਵੇਹ ਨੇਹੇਲਾਮੀ ਸ਼ਮਅਯਾਹ ਬਾਰੇ ਇਹ ਆਖਦਾ ਹੈ: ਕਿਉਂਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮਵਾਕ ਕੀਤਾ ਹੈ, ਭਾਵੇਂ ਮੈਂ ਉਸਨੂੰ ਨਹੀਂ ਭੇਜਿਆ ਸੀ, ਅਤੇ ਤੁਹਾਨੂੰ ਝੂਠ ਉੱਤੇ ਭਰੋਸਾ ਕਰਨ ਲਈ ਉਕਸਾਇਆ ਸੀ। 32 ਇਹੀ ਹੈ ਜੋ ਯਾਹਵੇਹ ਆਖਦਾ ਹੈ: ਮੈਂ ਸ਼ਮਅਯਾਹ ਨੇਹੇਲਾਮੀ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਜ਼ਰੂਰ ਸਜ਼ਾ ਦਿਆਂਗਾ। ਉਸ ਦਾ ਇਸ ਲੋਕਾਂ ਵਿੱਚ ਕੋਈ ਨਹੀਂ ਬਚੇਗਾ, ਨਾ ਹੀ ਉਹ ਉਹਨਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜੋ ਮੈਂ ਆਪਣੇ ਲੋਕਾਂ ਲਈ ਕਰਾਂਗਾ, ਯਾਹਵੇਹ ਦਾ ਵਾਕ ਹੈ, ਕਿਉਂਕਿ ਉਸਨੇ ਮੇਰੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ "