1 ਯਾਹਵੇਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ: 2 "ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜਿਸਨੇ ਧਰਤੀ ਨੂੰ ਬਣਾਇਆ, ਯਾਹਵੇਹ ਜਿਸ ਨੇ ਇਸਨੂੰ ਬਣਾਇਆ ਅਤੇ ਇਸਨੂੰ ਸਥਾਪਿਤ ਕੀਤਾ, ਯਾਹਵੇਹ ਉਸਦਾ ਨਾਮ ਹੈ: 3 ‘ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ।’ 4 ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਘੇਰਾਬੰਦੀ ਦੀਆਂ ਢਲਾਣਾਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ। 5 ਕਸਦੀਆਂ ਨਾਲ ਲੜੋ: ‘ਉਹ ਲੋਕਾਂ ਦੀਆਂ ਲਾਸ਼ਾਂ ਨਾਲ ਭਰ ਜਾਣਗੇ ਜਿਨ੍ਹਾਂ ਨੂੰ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਵਿੱਚ ਮਾਰ ਦਿਆਂਗਾ। ਮੈਂ ਇਸ ਸ਼ਹਿਰ ਤੋਂ ਇਸ ਦੀ ਸਾਰੀ ਦੁਸ਼ਟਤਾ ਦੇ ਕਾਰਨ ਆਪਣਾ ਮੂੰਹ ਲੁਕਾਵਾਂਗਾ।
6 " ‘ਵੇਖੋ, ਮੈਂ ਇਸ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ; ਮੈਂ ਆਪਣੇ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਹਨਾਂ ਨੂੰ ਭਰਪੂਰ ਸ਼ਾਂਤੀ ਅਤੇ ਸੁਰੱਖਿਆ ਦਾ ਆਨੰਦ ਦਿਆਂਗਾ। 7 ਮੈਂ ਯਹੂਦਾਹ ਅਤੇ ਇਸਰਾਏਲ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਬਣਾਵਾਂਗਾ ਜਿਵੇਂ ਉਹ ਪਹਿਲਾਂ ਸਨ। 8 ਮੈਂ ਉਹਨਾਂ ਨੂੰ ਉਹਨਾਂ ਦੇ ਸਾਰੇ ਪਾਪਾਂ ਤੋਂ ਸ਼ੁੱਧ ਕਰ ਦਿਆਂਗਾ ਜੋ ਉਹਨਾਂ ਨੇ ਮੇਰੇ ਵਿਰੁੱਧ ਕੀਤੇ ਹਨ ਅਤੇ ਉਹਨਾਂ ਦੇ ਸਾਰੇ ਪਾਪ ਮਾਫ਼ ਕਰ ਦਿਆਂਗਾ ਜੋ ਉਹਨਾਂ ਨੇ ਮੇਰੇ ਵਿਰੁੱਧ ਬਗਾਵਤ ਕਰਕੇ ਕੀਤੇ। 9 ਇਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੀਆਂ ਅਤੇ ਕੰਬਣਗੀਆਂ।’
10 "ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ-ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ, 11 ਇੱਕ ਵਾਰ ਫਿਰ ਅਨੰਦ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੇ ਅਤੇ ਲਾੜੀ ਦੀਆਂ ਆਵਾਜ਼ਾਂ ਅਤੇ ਉਹਨਾਂ ਦੀਆਂ ਆਵਾਜ਼ਾਂ ਸੁਣਨਗੀਆਂ। ਜੋ ਯਾਹਵੇਹ ਦੇ ਘਰ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਂਦੇ ਹਨ,
" ‘ "ਸਰਬਸ਼ਕਤੀਮਾਨ ਯਾਹਵੇਹ ਦਾ ਧੰਨਵਾਦ ਕਰੋ,
ਕਿਉਂਕਿ ਯਾਹਵੇਹ ਭਲਾ ਹੈ;
ਉਸਦਾ ਪਿਆਰ ਸਦਾ ਦਾ ਹੈ।"
ਕਿਉਂਕਿ ਮੈਂ ਉਹਨਾਂ ਦੀ ਇਸ ਦੇਸ਼ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਬਹਾਲ ਕਰ ਦਿਆਂਗਾ ਜਿਵੇਂ ਉਹ ਪਹਿਲਾਂ ਸਨ,’ ਯਾਹਵੇਹ ਆਖਦਾ ਹੈ।
12 "ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਸਥਾਨ ਵਿੱਚ, ਜਿਹੜਾ ਵਿਰਾਨ, ਲੋਕਾਂ ਅਤੇ ਜਾਨਵਰਾਂ ਤੋਂ ਬਿਨ੍ਹਾਂ ਹੈ ਇਸ ਦੇ ਸਾਰੇ ਕਸਬਿਆਂ ਵਿੱਚ ਚਰਵਾਹਿਆਂ ਲਈ ਆਪਣੇ ਇੱਜੜਾਂ ਨੂੰ ਆਰਾਮ ਕਰਨ ਲਈ ਫਿਰ ਤੋਂ ਚਰਾਗਾਹਾਂ ਹੋਣਗੀਆਂ। 13 ਪਹਾੜੀ ਦੇਸ਼ ਦੇ ਕਸਬਿਆਂ ਵਿੱਚ, ਪੱਛਮੀ ਤਲਹੱਟੀਆਂ ਵਿੱਚ ਅਤੇ ਨੇਗੇਵ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ, ਇੱਜੜ ਉਸ ਦੇ ਹੱਥਾਂ ਵਿੱਚੋਂ ਲੰਘਣਗੇ ਜੋ ਉਹਨਾਂ ਨੂੰ ਗਿਣਦਾ ਹੈ,’ ਯਾਹਵੇਹ ਆਖਦਾ ਹੈ।
14 " ‘ਵੇਖੋ ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਕੀਤੇ ਚੰਗੇ ਵਾਅਦੇ ਨੂੰ ਪੂਰਾ ਕਰਾਂਗਾ।
15 "ਉਹਨਾਂ ਦਿਨਾਂ ਵਿੱਚ ਅਤੇ ਉਸ ਸਮੇਂ
ਮੈਂ ਦਾਵੀਦ ਦੇ ਵੰਸ਼ ਵਿੱਚੋਂ ਇੱਕ ਧਰਮੀ ਸ਼ਾਖ ਉਗਾਵਾਂਗਾ;
ਉਹ ਉਹੀ ਕਰੇਗਾ ਜੋ ਦੇਸ਼ ਵਿੱਚ ਨਿਆਂ ਅਤੇ ਸਹੀ ਹੈ।
16 ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾ
ਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ।
ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ:
ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।
17 ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਦਾਵੀਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ, 18 ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ "
19 ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ: 20 "ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ, 21 ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ। 22 ਮੈਂ ਦਾਵੀਦ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਸੇਵਕ ਅਤੇ ਲੇਵੀਆਂ ਨੂੰ ਜੋ ਮੇਰੇ ਅੱਗੇ ਸੇਵਾ ਕਰਦੇ ਹਨ, ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਬਣਾਵਾਂਗਾ।’ "
23 ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ: 24 "ਕੀ ਤੂੰ ਧਿਆਨ ਨਹੀਂ ਦਿੱਤਾ ਕਿ ਇਹ ਲੋਕ ਕਹਿ ਰਹੇ ਹਨ, ‘ਯਾਹਵੇਹ ਨੇ ਆਪਣੇ ਚੁਣੇ ਹੋਏ ਦੋ ਰਾਜਾਂ ਨੂੰ ਰੱਦ ਕਰ ਦਿੱਤਾ ਹੈ’? ਇਸ ਲਈ ਉਹ ਮੇਰੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਇੱਕ ਕੌਮ ਨਹੀਂ ਮੰਨਦੇ। 25 ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇਕਰ ਮੈਂ ਦਿਨ ਅਤੇ ਰਾਤ ਨਾਲ ਆਪਣਾ ਨੇਮ ਨਾ ਬੰਨ੍ਹਿਆ ਅਤੇ ਅਕਾਸ਼ ਅਤੇ ਧਰਤੀ ਦੇ ਨਿਯਮਾਂ ਨੂੰ ਕਾਇਮ ਨਾ ਕੀਤਾ, 26 ਤਾਂ ਮੈਂ ਆਪਣੇ ਸੇਵਕ ਯਾਕੋਬ ਅਤੇ ਦਾਵੀਦ ਦੀ ਸੰਤਾਨ ਨੂੰ ਰੱਦ ਕਰ ਦਿਆਂਗਾ। ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਉੱਤੇ ਰਾਜ ਕਰਨ ਲਈ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਨਾ ਚੁਣੋ। ਕਿਉਂਕਿ ਮੈਂ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹਨਾਂ ਤੇ ਰਹਿਮ ਕਰਾਂਗਾ।’ "