Pular para o conteúdo
Publicidade

ਯਿਰਮਿਯਾਹ 42

1 ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਆਹ ਦਾ ਪੁੱਤਰ ਯੋਹਾਨਾਨ ਹੋਸ਼ਆਯਾਹ ਦਾ ਪੁੱਤਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੱਕ ਨੇੜੇ ਆਏ 2 ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ "ਸਾਡੀ ਅਰਦਾਸ ਤੇਰੇ ਸਨਮੁਖ ਪਹੁੰਚੇ ਸਾਡੇ ਲਈ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਪ੍ਰਾਰਥਨਾ ਕਰ ਅਤੇ ਇਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜਿਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ। 3 ਪ੍ਰਾਰਥਨਾ ਕਰੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਸਾਨੂੰ ਦੱਸੇ ਕਿ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ।"

4 ਯਿਰਮਿਯਾਹ ਨਬੀ ਨੇ ਜਵਾਬ ਦਿੱਤਾ, "ਮੈਂ ਤੈਨੂੰ ਸੁਣਿਆ ਹੈ ਮੈਂ ਨਿਸ਼ਚਤ ਤੌਰ ਤੇ ਤੁਹਾਡੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਾਂਗਾ ਜਿਵੇਂ ਤੁਸੀਂ ਬੇਨਤੀ ਕੀਤੀ ਹੈ; ਮੈਂ ਤੁਹਾਨੂੰ ਉਹ ਸਭ ਕੁਝ ਦੱਸਾਂਗਾ ਜੋ ਯਾਹਵੇਹ ਆਖਦਾ ਹੈ ਅਤੇ ਤੁਹਾਡੇ ਤੋਂ ਕੁਝ ਵੀ ਵਾਪਸ ਨਹੀਂ ਰੱਖਾਂਗਾ।"

5 ਤਦ ਉਹਨਾਂ ਨੇ ਯਿਰਮਿਯਾਹ ਨੂੰ ਕਿਹਾ, "ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਾਹਵੇਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ। 6 ਭਾਵੇਂ ਕੀ ਇਹ ਸੰਦੇਸ਼ ਸਾਡੇ ਲਈ ਸੁੱਖ ਦਾ ਹੋਵੇ ਜਾਂ ਦੁੱਖ ਦਾ ਹੋਵੇ, ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਸੰਦੇਸ਼ ਨੂੰ ਸੁਣਾਂਗੇ, ਜਿਸ ਦੇ ਅੱਗੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਨੂੰ ਮੰਨਾਂਗੇ ਤਾਂ ਸਾਡਾ ਭਲਾ ਹੋਵੇਗਾ।"

7 ਦਸ ਦਿਨਾਂ ਬਾਅਦ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ। 8 ਤਦ ਉਸ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੇ ਤੋਂ ਵੱਡੇ ਤੱਕ ਸੱਦਿਆ। 9 ਉਸ ਨੇ ਉਹਨਾਂ ਨੂੰ ਕਿਹਾ, "ਇਸਰਾਏਲ ਦਾ ਯਾਹਵੇਹ, ਜਿਸ ਦੇ ਅੱਗੇ ਤੁਸੀਂ ਮੈਨੂੰ ਬੇਨਤੀ ਕਰਨ ਲਈ ਭੇਜਿਆ ਸੀ, ਇਹ ਆਖਦਾ ਹੈ: 10 ਜੇ ਤੁਸੀਂ ਮੁੜ ਇਸ ਦੇਸ਼ ਵਿੱਚ ਵੱਸੋ ਤਾਂ ਫਿਰ ਮੈਂ ਤੁਹਾਨੂੰ ਖੁਸ਼ਹਾਲੀ ਦੇਵਾਂਗਾ, ਤੁਹਾਨੂੰ ਤਬਾਹ ਨਹੀਂ ਕਰਾਂਗਾ, ਤੁਹਾਨੂੰ ਲਵਾਂਗਾ ਅਤੇ ਪੁੱਟਾਂਗਾ ਨਹੀਂ ਕਿਉਂਕਿ ਮੈਂ ਉਨ੍ਹਾਂ ਮੁਸੀਬਤਾਂ ਬਾਰੇ ਪਛਤਾਵਾਂਗਾ ਜੋ ਮੈਂ ਤੁਹਾਨੂੰ ਦਿੱਤੀਆਂ ਹਨ। 11 ਬਾਬੇਲ ਦੇ ਰਾਜੇ ਤੋਂ ਨਾ ਡਰੋ, ਜਿਸ ਤੋਂ ਤੁਸੀਂ ਹੁਣ ਡਰਦੇ ਹੋ। ਉਸ ਤੋਂ ਨਾ ਡਰੋ, ਯਾਹਵੇਹ ਦਾ ਵਾਕ ਹੈ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ ਅਤੇ ਤੁਹਾਨੂੰ ਉਸਦੇ ਹੱਥੋਂ ਛੁਡਾਵਾਂਗਾ। 12 ਮੈਂ ਤੁਹਾਡੇ ਉੱਤੇ ਤਰਸ ਕਰਾਂਗਾ ਤਾਂ ਜੋ ਉਹ ਤੁਹਾਡੇ ਉੱਤੇ ਤਰਸ ਕਰੇ ਅਤੇ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇ।

13 "ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ਼ ਵਿੱਚ ਨਾ ਵੱਸਾਂਗੇ ਅਤੇ ਸੋ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨਾ ਸੁਣੋਗੇ, 14 ਅਤੇ ਜੇ ਤੁਸੀਂ ਕਹੋ, ‘ਨਹੀਂ, ਅਸੀਂ ਜਾ ਕੇ ਮਿਸਰ ਵਿੱਚ ਰਹਾਂਗੇ। ਅਸੀਂ ਨਾ ਜੰਗ ਵੇਖਾਂਗੇ, ਨਾ ਤੁਰ੍ਹੀ ਸੁਣਾਂਗੇ, ਨਾ ਰੋਟੀ ਲਈ ਭੁੱਖੇ ਰਹਾਂਗੇ,’ 15 ਤਦ ਹੇ ਯਹੂਦਾਹ ਦੇ ਬਚੇ ਲੋਕੋਂ, ਯਾਹਵੇਹ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਉਂ ਫ਼ਰਮਾਉਂਦਾ ਹੈ, ‘ਜੇਕਰ ਤੁਸੀਂ ਮਿਸਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਤੁਸੀਂ ਉੱਥੇ ਜਾ ਕੇ ਵੱਸੋਗੇ, 16 ਤਾਂ ਜਿਸ ਤਲਵਾਰ ਤੋਂ ਤੁਸੀਂ ਡਰਦੇ ਹੋ, ਉੱਥੇ ਤੁਹਾਨੂੰ ਆ ਜਾਵੇਗੀ ਅਤੇ ਜਿਸ ਕਾਲ ਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਪਿੱਛੇ ਮਿਸਰ ਵਿੱਚ ਆਵੇਗਾ ਅਤੇ ਉੱਥੇ ਤੁਸੀਂ ਮਰ ਜਾਵੋਂਗੇ। 17 ਉਹ ਸਾਰੇ ਮਨੁੱਖ ਜਿਹੜੇ ਮਿਸਰ ਵਿੱਚ ਜਾ ਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ। ਉਹ ਉਸ ਬੁਰਿਆਈ ਤੋਂ ਜਿਹੜੀ ਮੈਂ ਉਹਨਾਂ ਉੱਤੇ ਲਿਆਵਾਂਗਾ ਨਾ ਨੱਠ ਸਕਣਗੇ, ਨਾ ਉਸ ਤੋਂ ਛੁੱਟ ਸਕਣਗੇ।’ 18 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ‘ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ। ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਇਸ ਸਥਾਨ ਨੂੰ ਫਿਰ ਨਾ ਵੇਖੋਗੇ।’

19 "ਹੇ ਯਹੂਦਾਹ ਦੇ ਬਚੇ ਹੋਏ ਲੋਕੋਂ, ਯਾਹਵੇਹ ਦਾ ਬਚਨ ਤੁਹਾਡੇ ਲਈ ਇਹ ਹੈ, ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ-ਮੁੱਚ ਜਾਣ ਲਓ ਕਿ ਮੈਂ ਅੱਜ ਤੁਹਾਡੇ ਲਈ ਗਵਾਹੀ ਦਿੱਤੀ ਹੈ 20 ਕਿ ਤੁਸੀਂ ਇੱਕ ਵੱਡੀ ਗਲਤੀ ਕੀਤੀ ਹੈ ਜਦੋਂ ਤੁਸੀਂ ਮੈਨੂੰ ਭੇਜਿਆ ਸੀ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਕਿਹਾ, ‘ਸਾਡੇ ਲਈ ਸਾਡੇ ਪਰਮੇਸ਼ਵਰ ਨੂੰ ਪ੍ਰਾਰਥਨਾ ਕਰੋ; ਸਾਨੂੰ ਉਹ ਸਭ ਕੁਝ ਦੱਸੋ ਜੋ ਉਹ ਕਹਿੰਦਾ ਹੈ ਅਤੇ ਅਸੀਂ ਕਰਾਂਗੇ।’ 21 ਮੈਂ ਤੁਹਾਨੂੰ ਅੱਜ ਦੱਸ ਦਿੱਤਾ ਹੈ, ਪਰ ਤੁਸੀਂ ਅਜੇ ਵੀ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਿਆ ਜਿਸਨੇ ਮੈਨੂੰ ਤੁਹਾਨੂੰ ਦੱਸਣ ਲਈ ਭੇਜਿਆ ਹੈ। 22 ਇਸ ਲਈ ਹੁਣ ਇਹ ਗੱਲ ਨਿਸ਼ਚਿਤ ਕਰ ਲਵੋ ਕਿ ਤੁਸੀਂ ਜਿੱਥੇ ਵੱਸਣਾ ਚਾਹੁੰਦੇ ਹੋ ਉੱਥੇ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਮਰੋਗੇ।"

Estes versículos te tocaram? Ore agora!

+581 estão orando agora.

Junte-se à corrente de oração.