Pular para o conteúdo
Publicidade

ਯਿਰਮਿਯਾਹ 7

ਝੂਠਾ ਧਰਮ ਵਿਅਰਥ ਹੈ

1 ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ: 2 "ਯਾਹਵੇਹ ਦੇ ਘਰ ਦੇ ਦਰਵਾਜ਼ੇ ਤੇ ਖੜਾ ਹੋ ਅਤੇ ਉੱਥੇ ਇਹ ਸੰਦੇਸ਼ ਸੁਣਾ:

" ‘ਤੁਸੀਂ ਸਾਰੇ ਜਿਹੜੇ ਯਹੂਦਾਹ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ, ਜੋ ਯਾਹਵੇਹ ਦੀ ਉਪਾਸਨਾ ਕਰਨ ਲਈ ਇਹਨਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹੋ। 3 ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਆਪਣੇ ਰਾਹਾਂ ਅਤੇ ਕੰਮਾਂ ਨੂੰ ਸੁਧਾਰੋ, ਅਤੇ ਮੈਂ ਤੁਹਾਨੂੰ ਇਸ ਥਾਂ ਵਿੱਚ ਰਹਿਣ ਦਿਆਂਗਾ। 4 ਧੋਖੇਬਾਜ਼ ਸ਼ਬਦਾਂ ਤੇ ਭਰੋਸਾ ਨਾ ਕਰੋ ਅਤੇ ਨਾ ਆਖੋ, "ਕਿ ਇਹ ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ!" 5 ਜੇ ਤੁਸੀਂ ਸੱਚਮੁੱਚ ਆਪਣੇ ਚਾਲ-ਚਲਣ ਅਤੇ ਆਪਣੇ ਕੰਮ ਬਦਲਦੇ ਹੋ ਅਤੇ ਇੱਕ-ਦੂਜੇ ਨਾਲ ਨਿਆਂ ਕਰਦੇ ਹੋ, 6 ਜੇ ਤੁਸੀਂ ਪਰਦੇਸੀਆਂ, ਯਤੀਮਾਂ ਜਾਂ ਵਿਧਵਾਵਾਂ ਉੱਤੇ ਜ਼ੁਲਮ ਨਾ ਕਰੋ ਅਤੇ ਇਸ ਸਥਾਨ ਵਿੱਚ ਨਿਰਦੋਸ਼ਾਂ ਦਾ ਖੂਨ ਨਾ ਵਹਾਓ ਅਤੇ ਨਾ ਤੁਸੀਂ ਦੂਸਰਿਆਂ ਦੇਵਤਿਆਂ ਦੀ ਪਾਲਣਾ ਕਰੋ, ਜੋ ਤੁਹਾਡੀ ਆਪਣੀ ਤਬਾਹੀ ਦਾ ਕਾਰਨ ਹਨ। 7 ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਰਹਿਣ ਦਿਆਂਗਾ, ਜਿਹੜੀ ਧਰਤੀ ਮੈਂ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤੀ ਸੀ। 8 ਪਰ ਵੇਖੋ, ਤੁਸੀਂ ਧੋਖੇ ਭਰੇ ਸ਼ਬਦਾਂ ਉੱਤੇ ਭਰੋਸਾ ਕਰ ਰਹੇ ਹੋ ਜੋ ਨਿਕੰਮੇ ਹਨ।

9 " ‘ਕੀ ਤੁਸੀਂ ਚੋਰੀ ਅਤੇ ਕਤਲ ਕਰੋਗੇ, ਵਿਭਚਾਰ ਅਤੇ ਝੂਠ ਬੋਲੋਗੇ, ਬਆਲ ਲਈ ਧੂਪ ਧੁਖਾਓਗੇ ਅਤੇ ਹੋਰ ਦੇਵਤਿਆਂ ਦਾ ਪਿੱਛੇ ਚਲੋਗੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, 10 ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ? 11 ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ, ਤੁਹਾਡੇ ਲਈ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ? ਪਰ ਮੈਂ ਦੇਖ ਰਿਹਾ ਹਾਂ! ਯਾਹਵੇਹ ਦਾ ਵਾਕ ਹੈ।

12 " ‘ਹੁਣ ਸ਼ੀਲੋਹ ਵਿੱਚ ਉਸ ਥਾਂ ਤੇ ਜਾਓ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਲਈ ਇੱਕ ਨਿਵਾਸ ਬਣਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਕਾਰਨ ਉਸ ਨਾਲ ਕੀ ਕੀਤਾ ਸੀ। 13 ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਸੀ, ਯਾਹਵੇਹ ਦਾ ਵਾਕ ਹੈ, ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ, ਪਰ ਤੁਸੀਂ ਨਾ ਸੁਣੀ; ਮੈਂ ਤੁਹਾਨੂੰ ਬੁਲਾਇਆ, ਪਰ ਤੁਸੀਂ ਜਵਾਬ ਨਹੀਂ ਦਿੱਤਾ। 14 ਇਸ ਲਈ, ਜੋ ਮੈਂ ਸ਼ੀਲੋਹ ਨਾਲ ਕੀਤਾ, ਮੈਂ ਹੁਣ ਉਸ ਘਰ ਨਾਲ ਕਰਾਂਗਾ ਜੋ ਮੇਰੇ ਨਾਮ ਦਾ ਅਖਵਾਉਂਦਾ ਸੀ, ਜਿਸ ਭਵਨ ਉੱਤੇ ਤੁਸੀਂ ਭਰੋਸਾ ਕਰਦੇ ਹੋ, ਉਹ ਜਗ੍ਹਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। 15 ਮੈਂ ਤੁਹਾਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਦਿਆਂਗਾ, ਜਿਵੇਂ ਮੈਂ ਤੁਹਾਡੇ ਸਾਰੇ ਇਸਰਾਏਲੀਆਂ ਭਰਾਵਾਂ ਨੂੰ, ਇਫ਼ਰਾਈਮ ਦੇ ਲੋਕਾਂ ਨੂੰ ਕੀਤਾ ਸੀ।’

16 "ਇਸ ਲਈ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਉਹਨਾਂ ਲਈ ਕੋਈ ਆਵਾਜ਼ ਚੱਕੋ, ਨਾ ਬੇਨਤੀ ਕਰੋ; ਨਾ ਮੇਰੇ ਸਾਹਮਣੇ ਅਰਦਾਸ ਕਰੋ, ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਂਗਾ। 17 ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ? 18 ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ। 19 ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?

20 " ‘ਇਸ ਲਈ ਯਾਹਵੇਹ ਇਹ ਆਖਦਾ ਹੈ: ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।

21 " ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਅੱਗੇ ਵਧੋ, ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ! 22 ਕਿਉਂਕਿ ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਉਹਨਾਂ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਬਾਰੇ ਹੁਕਮ ਹੀ ਨਹੀਂ ਦਿੱਤਾ, 23 ਪਰ ਮੈਂ ਉਹਨਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਮੇਰੀ ਆਗਿਆ ਮੰਨੋ ਤਾਂ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ। ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਜੋ ਤੁਹਾਡਾ ਭਲਾ ਹੋਵੇ। 24 ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਇਸ ਦੀ ਬਜਾਏ, ਉਹ ਆਪਣੇ ਦੁਸ਼ਟ ਦਿਲਾਂ ਦੇ ਜ਼ਿੱਦੀ ਇੱਛਾਂ ਨੂੰ ਪੂਰਾ ਕਰਦੇ ਰਹੇ। ਪਰ ਉਹ ਅੱਗੇ ਨਹੀਂ ਵਧੇ ਸਗੋਂ ਪਿਛਾਹਾਂ ਨੂੰ ਹੀ ਗਏ। 25 ਜਦੋਂ ਤੋਂ ਤੁਹਾਡੇ ਪੁਰਖਿਆਂ ਨੇ ਮਿਸਰ ਛੱਡਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਆਪਣੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ। 26 ਪਰ ਉਹਨਾਂ ਨੇ ਨਾ ਮੇਰੀ ਗੱਲ ਸੁਣੀ ਅਤੇ ਨਾ ਹੀ ਧਿਆਨ ਦਿੱਤਾ। ਉਹ ਕਠੋਰ ਸਨ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਨਾਲੋਂ ਵੱਧ ਬੁਰਾਈ ਕੀਤੀ।’

27 "ਜਦੋਂ ਤੁਸੀਂ ਉਹਨਾਂ ਨੂੰ ਇਹ ਸਭ ਕੁਝ ਦੱਸਦੇ ਹੋ, ਤਾਂ ਉਹ ਤੁਹਾਡੀ ਗੱਲ ਨਹੀਂ ਸੁਣਨਗੇ; ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਤਾਂ ਉਹ ਜਵਾਬ ਨਹੀਂ ਦੇਣਗੇ। 28 ਇਸ ਲਈ ਉਹਨਾਂ ਨੂੰ ਆਖੋ, ਇਹ ਉਹ ਕੌਮ ਹੈ ਜਿਸ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਨਾ ਉਸ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

29 " ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।

ਕਤਲ ਦੀ ਘਾਟੀ

30 " ‘ਯਹੂਦਾਹ ਦੇ ਲੋਕਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ ਹੈ, ਯਾਹਵੇਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਮੂਰਤੀਆਂ ਰੱਖੀਆਂ ਕਿ ਉਸ ਨੂੰ ਭਰਿਸ਼ਟ ਕਰਨ। 31 ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ ਲਈ ਬੇਨ-ਹਿੰਨੋਮ ਦੀ ਵਾਦੀ ਵਿੱਚ ਤੋਫੇਥ ਦੇ ਉੱਚੇ ਸਥਾਨ ਬਣਾਏ ਹਨ ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ। 32 ਯਾਹਵੇਹ ਇਹ ਆਖਦਾ ਹੈ, ਇਸ ਲਈ ਸਾਵਧਾਨ ਰਹੋ, ਉਹ ਦਿਨ ਆ ਰਹੇ ਹਨ, ਜਦੋਂ ਲੋਕ ਹੁਣ ਇਸਨੂੰ ਤੋਫੇਥ ਜਾਂ ਬੇਨ-ਹਿੰਨੋਮ ਦੀ ਵਾਦੀ ਨਹੀਂ ਕਹਿਣਗੇ, ਪਰ ਕਤਲ ਦੀ ਵਾਦੀ, ਕਿਉਂਕਿ ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਾ ਹੋਵੇ। 33 ਤਦ ਇਨ੍ਹਾਂ ਲੋਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ। 34 ਮੈਂ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਆਵਾਜ਼, ਅਨੰਦ ਦੀ ਆਵਾਜ਼, ਲਾੜੇ ਦੀ ਆਵਾਜ਼ ਅਤੇ ਲਾੜੀ ਦੀ ਆਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ਼ ਉਜਾੜ ਬਣ ਜਾਵੇਗਾ।

Estes versículos te tocaram? Ore agora!

+581 estão orando agora.

Junte-se à corrente de oração.