Pular para o conteúdo
Publicidade

ਯਿਰਮਿਯਾਹ 35

ਰੇਕਾਬ ਦੇ ਵੰਸ਼

1 ਇਹ ਉਹ ਬਚਨ ਹੈ ਜੋ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਦਿਨਾਂ ਦੌਰਾਨ ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਸੀ: 2 "ਤੂੰ ਰੇਕਾਬੀਆਂ ਦੇ ਪਰਿਵਾਰ ਕੋਲ ਜਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੇ ਇੱਕ ਪਾਸੇ ਦੇ ਕਮਰੇ ਵਿੱਚ ਆਉਣ ਦਾ ਸੱਦਾ ਦਿਓ। ਅਤੇ ਉਹਨਾਂ ਨੂੰ ਦਾਖ਼ਰਸ ਪੀਣ ਲਈ ਦਿਓ।"

3 ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ। 4 ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ। 5 ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, "ਥੋੜੀ ਮੈ ਪੀਓ।"

6 ਪਰ ਉਹਨਾਂ ਨੇ ਜਵਾਬ ਦਿੱਤਾ, "ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ। 7 ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’ 8 ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ 9 ਨਾ ਰਹਿਣ ਲਈ ਘਰ ਬਣਾਏ ਨਾ ਅੰਗੂਰੀ ਬਾਗ, ਨਾਂ ਖੇਤ ਨਾਂ ਫਸਲਾਂ ਬਣਾਈਆਂ ਹਨ। 10 ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਅਤੇ ਸਾਡੇ ਪਿਤਾ ਯਹੋਨਾਦਾਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। 11 ਪਰ ਜਦੋਂ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਇਸ ਧਰਤੀ ਉੱਤੇ ਹਮਲਾ ਕੀਤਾ ਤਾਂ ਅਸੀਂ ਕਿਹਾ, ‘ਆਓ, ਸਾਨੂੰ ਕਸਦੀਆਂ ਅਤੇ ਅਰਾਮੀ ਫ਼ੌਜਾਂ ਤੋਂ ਬਚਣ ਲਈ ਯੇਰੂਸ਼ਲੇਮ ਨੂੰ ਜਾਣਾ ਚਾਹੀਦਾ ਹੈ।’ ਇਸ ਲਈ ਅਸੀਂ ਯੇਰੂਸ਼ਲੇਮ ਵਿੱਚ ਹੀ ਰਹੇ।"

12 ਤਦ ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ: 13 "ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਜਾ ਅਤੇ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਆਖ, ‘ਕੀ ਤੁਸੀਂ ਸਬਕ ਨਹੀਂ ਸਿੱਖੋਗੇ ਅਤੇ ਮੇਰੇ ਸ਼ਬਦਾਂ ਨੂੰ ਨਹੀਂ ਮੰਨੋਗੇ?’ ਯਾਹਵੇਹ ਦਾ ਵਾਕ ਹੈ। 14 ‘ਰੇਕਾਬ ਦੇ ਪੁੱਤਰ ਯਹੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਦਾਖ਼ਰਸ ਨਾ ਪੀਣਾ। ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ। 15 ਬਾਰ-ਬਾਰ ਮੈਂ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ। ਉਹਨਾਂ ਨੇ ਕਿਹਾ, "ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਬੁਰੇ ਰਾਹਾਂ ਤੋਂ ਮੁੜੇ ਅਤੇ ਆਪਣੇ ਕੰਮਾਂ ਨੂੰ ਸਹੀ ਕਰੇ; ਅਤੇ ਹੋਰਨਾਂ ਦੇਵਤਿਆਂ ਦੀ ਪਾਲਣਾ ਨਾ ਕਰੋ ਕਿ ਤੁਸੀਂ ਉਹਨਾਂ ਦੀ ਸੇਵਾ ਕਰੋ। ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਗੇ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਹੈ।" ਪਰ ਤੁਸੀਂ ਨਾ ਤਾਂ ਮੇਰੀ ਗੱਲ ਸੁਣੀ ਅਤੇ ਨਾ ਹੀ ਧਿਆਨ ਦਿੱਤਾ। 16 ਰੇਕਾਬ ਦੇ ਪੁੱਤਰ ਯਹੋਨਾਦਾਬ ਦੇ ਉੱਤਰਾਧਿਕਾਰੀਆਂ ਨੇ ਉਸ ਹੁਕਮ ਨੂੰ ਪੂਰਾ ਕੀਤਾ ਹੈ ਜੋ ਉਹਨਾਂ ਦੇ ਪਿਉ-ਦਾਦਿਆਂ ਨੇ ਉਹਨਾਂ ਨੂੰ ਦਿੱਤਾ ਸੀ, ਪਰ ਇਨ੍ਹਾਂ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।’

17 "ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ‘ਸੁਣੋ! ਮੈਂ ਯਹੂਦਾਹ ਉੱਤੇ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਹਰੇਕ ਉੱਤੇ ਹਰ ਬਿਪਤਾ ਲਿਆਉਣ ਵਾਲਾ ਹਾਂ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਇਆ ਸੀ। ਮੈਂ ਉਹਨਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਨਹੀਂ ਸੁਣਿਆ; ਮੈਂ ਉਹਨਾਂ ਨੂੰ ਬੁਲਾਇਆ, ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ।’ "

18 ਤਦ ਯਿਰਮਿਯਾਹ ਨੇ ਰੇਕਾਬੀਆਂ ਦੇ ਘਰਾਣੇ ਨੂੰ ਆਖਿਆ, "ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਆਪਣੇ ਪਿਉ-ਦਾਦੇ ਯਹੋਨਾਦਾਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਹੈ ਅਤੇ ਸਭ ਕੁਝ ਕੀਤਾ ਹੈ। ਜਿਸ ਦਾ ਉਸਨੇ ਹੁਕਮ ਦਿੱਤਾ ਸੀ।’ 19 ਇਸ ਲਈ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁਖ ਖੜ੍ਹੇ ਹੋਣ ਲਈ ‘ਰੇਕਾਬ ਦੇ ਪੁੱਤਰ ਯਹੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।’ "

Estes versículos te tocaram? Ore agora!

+581 estão orando agora.

Junte-se à corrente de oração.