Pular para o conteúdo
Publicidade

ਯਿਰਮਿਯਾਹ 39

1 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਵਿੱਚ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ। 2 ਅਤੇ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਚੌਥੇ ਮਹੀਨੇ ਦੇ ਨੌਵੇਂ ਦਿਨ, ਸ਼ਹਿਰ ਦੀ ਕੰਧ ਢਾਹ ਦਿੱਤੀ ਗਈ। 3 ਤਾਂ ਬਾਬੇਲ ਦੇ ਰਾਜਾ ਦੇ ਸਾਰੇ ਸਰਦਾਰ ਅੰਦਰ ਆ ਕੇ ਵਿਚਲੇ ਫਾਟਕ ਵਿੱਚ ਬੈਠ ਗਏ ਅਰਥਾਤ ਨੇਰਗਲ-ਸ਼ਰਾਸਰ, ਸਮਗਰ-ਨੂਬ, ਸਰਸਕੀਮ, ਖੁਸਰਿਆਂ ਦਾ ਪ੍ਰਧਾਨ ਨੇਰਗਲ-ਸ਼ਰਾਸਰ, ਨਜੂਮੀਆਂ ਦਾ ਉਸਤਾਦ ਅਤੇ ਬਾਬੇਲ ਦੇ ਰਾਜਾ ਦੇ ਬਾਕੀ ਸਾਰੇ ਸਰਦਾਰ ਨਾਲ ਸਨ। 4 ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਸਾਰੇ ਸਿਪਾਹੀਆਂ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਭੱਜ ਗਏ। ਉਹ ਰਾਤ ਨੂੰ ਸ਼ਹਿਰ ਛੱਡ ਕੇ ਰਾਜੇ ਦੇ ਬਾਗ ਦੇ ਰਸਤੇ, ਦੋ ਕੰਧਾਂ ਦੇ ਵਿਚਕਾਰਲੇ ਦਰਵਾਜ਼ੇ ਰਾਹੀਂ ਅਰਬਾਹ ਵੱਲ ਚਲੇ ਗਏ।

5 ਪਰ ਕਸਦੀਆਂ ਦੀ ਫ਼ੌਜ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨਾਂ ਵਿੱਚ ਸਿਦਕੀਯਾਹ ਨੂੰ ਫੜ ਲਿਆ। ਉਹ ਉਸ ਨੂੰ ਫੜ ਕੇ ਬਾਬੇਲ ਦੇ ਰਾਜੇ ਨਬੂਕਦਨੱਸਰ ਕੋਲ ਹਮਾਥ ਦੀ ਧਰਤੀ ਦੇ ਰਿਬਲਾਹ ਵਿਖੇ ਲੈ ਗਏ, ਜਿੱਥੇ ਉਸ ਨੇ ਉਸ ਨੂੰ ਸਜ਼ਾ ਸੁਣਾਈ। 6 ਬਾਬੇਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬੇਲ ਦੇ ਰਾਜਾ ਨੇ ਯਹੂਦਾਹ ਦੇ ਸਾਰੇ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ। 7 ਤਦ ਉਸ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਬਾਬੇਲ ਲੈ ਜਾਣ ਲਈ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਦਿੱਤਾ।

8 ਕਸਦੀਆਂ ਦੇ ਰਾਜਾ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰਾਂ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ। 9 ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਉਹਨਾਂ ਨੂੰ ਜਿਹੜੇ ਉਹ ਦੀ ਵੱਲ ਚਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਕਪਤਾਨ ਗੁਲਾਮ ਕਰ ਕੇ ਬਾਬੇਲ ਨੂੰ ਲੈ ਗਿਆ। 10 ਅਤੇ ਲੋਕਾਂ ਵਿੱਚੋਂ ਗਰੀਬ ਜਿਹਨਾਂ ਕੋਲ ਕੁਝ ਨਹੀਂ ਸੀ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਨੇ ਯਹੂਦਾਹ ਦੇ ਦੇਸ ਵਿੱਚ ਰਹਿਣ ਦਿੱਤਾ ਅਤੇ ਉਸੇ ਦਿਨ ਉਹ ਨੇ ਉਹਨਾਂ ਨੂੰ ਅੰਗੂਰਾਂ ਦੇ ਬਾਗ਼ ਅਤੇ ਖੇਤ ਦਿੱਤੇ।

11 ਹੁਣ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਸ਼ਾਹੀ ਪਹਿਰੇਦਾਰ ਦੇ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਰਾਹੀਂ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ ਸਨ: 12 "ਉਸ ਨੂੰ ਲੈ ਜਾਓ ਅਤੇ ਉਸਦੀ ਦੇਖਭਾਲ ਕਰੋ; ਉਸਨੂੰ ਨੁਕਸਾਨ ਨਾ ਪਹੁੰਚਾਓ ਪਰ ਜੋ ਵੀ ਉਹ ਮੰਗੇ ਉਸਦੇ ਲਈ ਕਰੋ।" 13 ਸੋ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਅਤੇ ਖੁਸਰਿਆਂ ਦੇ ਚੌਧਰੀ ਨਬੂਸ਼ਜ਼ਬਾਨ ਅਤੇ ਨੇਰਗਲ-ਸ਼ਰਾਸਰ ਨਜੂਮੀਆਂ ਦੇ ਉਸਤਾਦ ਅਤੇ ਬਾਬੇਲ ਦੇ ਰਾਜਾ ਦੇ ਸਾਰੇ ਸਰਦਾਰਾਂ ਨੇ ਮਨੁੱਖ ਘੱਲੇ। 14 ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆਂ ਰਿਹਾ।

15 ਜਦੋਂ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਸੀਮਤ ਸੀ, ਤਾਂ ਯਾਹਵੇਹ ਦਾ ਬਚਨ ਉਸ ਨੂੰ ਆਇਆ: 16 "ਜਾਓ ਅਤੇ ਕੂਸ਼ੀ ਅਬਦ-ਮਲਕ ਨੂੰ ਆਖ, ‘ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: ਮੈਂ ਇਸ ਸ਼ਹਿਰ ਦੇ ਵਿਰੁੱਧ ਆਪਣੇ ਬਚਨਾਂ ਨੂੰ ਪੂਰਾ ਕਰਨ ਵਾਲਾ ਹਾਂ, ਉਹ ਬਚਨ ਤਬਾਹੀ ਦੇ ਹਨ ਖੁਸ਼ਹਾਲੀ ਦੇ ਨਹੀਂ। ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਪੂਰੇ ਹੋਣਗੇ। 17 ਪਰ ਮੈਂ ਤੁਹਾਨੂੰ ਉਸ ਦਿਨ ਬਚਾਵਾਂਗਾ, ਯਾਹਵੇਹ ਦਾ ਵਾਕ ਹੈ; ਤੁਹਾਨੂੰ ਉਹਨਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ। 18 ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਗਾ ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੂੰ ਮੇਰੇ ਉੱਤੇ ਭਰੋਸਾ ਰੱਖਿਆ, ਯਾਹਵੇਹ ਦਾ ਵਾਕ ਹੈ।’ "

Estes versículos te tocaram? Ore agora!

+581 estão orando agora.

Junte-se à corrente de oração.