1 "ਯਹੂਦਾਹ ਦਾ ਪਾਪ ਲੋਹੇ ਦੀ ਕਲਮ
ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ,
ਉਹਨਾਂ ਦੇ ਦਿਲਾਂ ਦੀਆਂ ਤੱਖ਼ਤੀਆ
ਅਤੇ ਉਹਨਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉੱਕਰਿਆ ਗਿਆ।
2 ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਵੀ
ਉਹਨਾਂ ਦੀਆਂ ਜਗਵੇਦੀਆਂ ਅਤੇ ਅਸ਼ੇਰਾਹ ਦੇ ਖੰਭਿਆਂ ਨੂੰ
ਫੈਲੇ ਹੋਏ ਰੁੱਖਾਂ ਦੇ ਥੱਲੇ
ਅਤੇ ਉੱਚੀਆਂ ਪਹਾੜੀਆਂ ਨੂੰ ਯਾਦ ਕਰਦੇ ਹਨ।
3 ਦੇਸ਼ ਵਿੱਚ ਮੇਰਾ ਪਹਾੜ
ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ,
ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ
ਮੈਂ ਲੁੱਟੇ ਜਾਣ ਲਈ ਦੇ ਦਿਆਂਗਾ।
4 ਤੁਹਾਡੀ ਆਪਣੀ ਗਲਤੀ ਨਾਲ
ਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ।
ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾ
ਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ,
ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ,
ਅਤੇ ਇਹ ਸਦਾ ਲਈ ਬਲਦਾ ਰਹੇਗਾ।"
5 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:
"ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ,
ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ,
ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।
6 ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ;
ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ।
ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ,
ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।
7 "ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ,
ਜਿਸਦਾ ਭਰੋਸਾ ਯਾਹਵੇਹ ਤੇ ਹੈ।
8 ਉਹ ਪਾਣੀ ਦੁਆਰਾ ਲਗਾਏ ਗਏ ਰੁੱਖ ਵਾਂਗ ਹੋਣਗੇ
ਜੋ ਨਦੀ ਦੁਆਰਾ ਆਪਣੀਆਂ ਜੜ੍ਹਾਂ ਨੂੰ ਬਾਹਰ ਕੱਢਦਾ ਹੈ।
ਜਦੋਂ ਗਰਮੀ ਆਉਂਦੀ ਹੈ ਤਾਂ ਇਹ ਨਹੀਂ ਡਰਦਾ;
ਇਸ ਦੇ ਪੱਤੇ ਹਮੇਸ਼ਾ ਹਰੇ ਹੁੰਦੇ ਹਨ।
ਇਸ ਨੂੰ ਸੋਕੇ ਦੇ ਸਾਲ ਵਿੱਚ ਕੋਈ ਚਿੰਤਾ ਨਹੀਂ ਹੈ
ਅਤੇ ਇਹ ਕਦੇ ਫਲ ਦੇਣ ਵਿੱਚ ਅਸਫ਼ਲ ਨਹੀਂ ਹੁੰਦਾ।"
9 ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ,
ਇਹ ਪੁੱਜ ਕੇ ਖ਼ਰਾਬ ਹੈ,
ਇਸ ਨੂੰ ਕੌਣ ਜਾਣ ਸਕਦਾ ਹੈ।
10 "ਮੈਂ ਯਾਹਵੇਹ, ਦਿਲ ਨੂੰ ਪਰਖਦਾ ਹਾਂ
ਅਤੇ ਮਨ ਦੀ ਜਾਂਚ ਕਰਦਾ ਹਾਂ,
ਹਰੇਕ ਵਿਅਕਤੀ ਨੂੰ ਉਸ ਦੇ ਚਾਲ-ਚਲਣ ਦੇ ਅਨੁਸਾਰ,
ਉਸ ਦੇ ਕੰਮਾਂ ਦੇ ਅਨੁਸਾਰ ਫਲ ਦਿੰਦਾ ਹਾਂ।"
11 ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ,
ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ।
ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ,
ਅਤੇ ਆਪਣੇ ਜੀਵਨ ਦੇ ਅੰਤ ਵਿੱਚ ਉਹ ਇੱਕ ਮੂਰਖ ਸਾਬਤ ਕੀਤਾ ਜਾਵੇਗਾ।
12 ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉਚਿਆਈ ਤੋਂ ਥਾਪਿਆ ਹੋਇਆ
ਸਾਡਾ ਪਵਿੱਤਰ ਸਥਾਨ ਹੈ।
13 ਹੇ ਯਾਹਵੇਹ, ਤੂੰ ਇਸਰਾਏਲ ਦੀ ਉਮੀਦ ਹੈ;
ਤੈਨੂੰ ਤਿਆਗਣ ਵਾਲੇ ਸਾਰੇ ਸ਼ਰਮਿੰਦਾ ਹੋਣਗੇ।
ਜਿਹੜੇ ਤੇਰੇ ਤੋਂ ਮੂੰਹ ਮੋੜ ਲੈਂਦੇ ਹਨ, ਉਹ ਮਿੱਟੀ ਵਿੱਚ ਮਿਲ ਜਾਣਗੇ
ਕਿਉਂਕਿ ਉਹਨਾਂ ਨੇ ਯਾਹਵੇਹ ਨੂੰ,
ਜੋ ਜਿਉਂਦੇ ਪਾਣੀ ਦਾ ਚਸ਼ਮਾ ਹੈ ਉਸ ਨੂੰ ਤਿਆਗ ਦਿੱਤਾ ਹੈ।
14 ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ;
ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ,
ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।
15 ਉਹ ਮੈਨੂੰ ਕਹਿੰਦੇ ਰਹਿੰਦੇ ਹਨ,
"ਯਾਹਵੇਹ ਦਾ ਬਚਨ ਕਿੱਥੇ ਹੈ?
ਇਸ ਨੂੰ ਹੁਣ ਪੂਰਾ ਹੋਣ ਦਿਓ!"
16 ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ;
ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ।
ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।
17 ਮੇਰੇ ਲਈ ਡਰਾਉਣਾ ਨਾ ਬਣ;
ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।
18 ਮੇਰੇ ਸਤਾਉਣ ਵਾਲੇ ਸ਼ਰਮਿੰਦਾ ਹੋਣ,
ਪਰ ਮੈਨੂੰ ਸ਼ਰਮਿੰਦਗੀ ਤੋਂ ਬਚਾ।
ਉਹ ਘਬਰਾਉਣ,
ਪਰ ਮੈਨੂੰ ਘਬਰਾਉਣ ਤੋਂ ਬਚਾ।
ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ;
ਉਹਨਾਂ ਨੂੰ ਦੁੱਗਣੀ ਮਾਰ ਨਾਲ ਨਸ਼ਟ ਕਰ।
19 ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: "ਜਾਓ ਅਤੇ ਲੋਕਾਂ ਦੇ ਫਾਟਕ ਉੱਤੇ ਖਲੋ ਜਾਓ, ਜਿਸ ਵਿੱਚੋਂ ਯਹੂਦਾਹ ਦੇ ਰਾਜੇ ਅੰਦਰ ਅਤੇ ਬਾਹਰ ਜਾਂਦੇ ਹਨ; ਯੇਰੂਸ਼ਲੇਮ ਦੇ ਹੋਰ ਸਾਰੇ ਦਰਵਾਜ਼ਿਆਂ ਉੱਤੇ ਵੀ ਖੜ੍ਹੇ ਹੋਵੋ। 20 ਉਹਨਾਂ ਨੂੰ ਆਖ, ‘ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹਨ, ਯਾਹਵੇਹ ਦਾ ਬਚਨ ਸੁਣੋ। 21 ਯਾਹਵੇਹ ਇਹ ਆਖਦਾ ਹੈ: ਸਾਵਧਾਨ ਰਹੋ ਕਿ ਸਬਤ ਦੇ ਦਿਨ ਭਾਰ ਨਾ ਚੁੱਕੋ ਜਾਂ ਇਸਨੂੰ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਨਾ ਲਿਆਓ। 22 ਸਬਤ ਦੇ ਦਿਨ ਆਪਣੇ ਘਰਾਂ ਵਿੱਚੋਂ ਭਾਰ ਨਾ ਲਿਆਓ ਅਤੇ ਨਾ ਹੀ ਕੋਈ ਕੰਮ ਕਰੋ, ਪਰ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ। 23 ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ। 24 ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ। 25 ਫਿਰ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਆਪਣੇ ਅਧਿਕਾਰੀਆਂ ਸਮੇਤ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਦੀ ਲੰਘਣਗੇ। ਉਹ ਅਤੇ ਉਹਨਾਂ ਦੇ ਅਧਿਕਾਰੀ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ ਆਉਣਗੇ, ਯਹੂਦਾਹ ਦੇ ਮਨੁੱਖਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੇ ਨਾਲ, ਅਤੇ ਇਹ ਸ਼ਹਿਰ ਸਦਾ ਲਈ ਵੱਸਿਆ ਰਹੇਗਾ। 26 ਲੋਕ ਯਹੂਦਾਹ ਦੇ ਕਸਬਿਆਂ ਤੋਂ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ, ਬਿਨਯਾਮੀਨ ਦੇ ਇਲਾਕੇ ਅਤੇ ਪੱਛਮੀ ਮੈਦਾਨ ਤੋਂ, ਪਹਾੜੀ ਦੇਸ਼ ਅਤੇ ਨੇਗੇਵ ਤੋਂ ਆਉਣਗੇ, ਹੋਮ ਦੀਆਂ ਭੇਟਾਂ ਅਤੇ ਬਲੀਆਂ, ਅਨਾਜ ਦੀਆਂ ਭੇਟਾਂ ਅਤੇ ਧੂਪ, ਅਤੇ ਧੰਨਵਾਦ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਲਿਆਉਣਗੇ। 27 ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਅਤੇ ਉਹ ਯੇਰੂਸ਼ਲੇਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁਝੇਗੀ ਨਹੀਂ।’ "