1 ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ। 2 ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ, 3 ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।
4 ਅਤੇ ਭਾਵੇਂ ਯਾਹਵੇਹ ਨੇ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਬਾਰ-ਬਾਰ ਭੇਜਿਆ ਹੈ, ਤੁਸੀਂ ਨਾ ਸੁਣੀ ਹੈ ਅਤੇ ਨਾ ਹੀ ਧਿਆਨ ਦਿੱਤਾ ਹੈ। 5 ਉਹਨਾਂ ਨੇ ਆਖਿਆ, "ਹੁਣ, ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਅਤੇ ਆਪਣੇ ਭੈੜੇ ਕੰਮਾਂ ਤੋਂ ਮੁੜੋ ਅਤੇ ਤੁਸੀਂ ਉਸ ਧਰਤੀ ਵਿੱਚ ਰਹਿ ਸੱਕੋਗੇ ਜਿਹੜੀ ਯਾਹਵੇਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ। 6 ਉਹਨਾਂ ਦੀ ਸੇਵਾ ਅਤੇ ਪੂਜਾ ਕਰਨ ਲਈ ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ; ਜੋ ਕੁਝ ਤੇਰੇ ਹੱਥਾਂ ਨੇ ਬਣਾਇਆ ਹੈ ਉਸ ਨਾਲ ਮੇਰਾ ਗੁੱਸਾ ਨਾ ਭੜਕਾਓ। ਫਿਰ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਾਂਗਾ।"
7 ਯਾਹਵੇਹ ਇਹ ਆਖਦਾ ਹੈ, "ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਤੁਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਤੁਸੀਂ ਆਪਣਾ ਹੀ ਨੁਕਸਾਨ ਕੀਤਾ ਹੈ।"
8 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: "ਕਿਉਂਕਿ ਤੁਸੀਂ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ, 9 ਮੈਂ ਉੱਤਰ ਦੇ ਸਾਰੇ ਲੋਕਾਂ ਨੂੰ ਅਤੇ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਬੁਲਾਵਾਂਗਾ ਅਤੇ ਮੈਂ ਉਹਨਾਂ ਨੂੰ ਇਸ ਧਰਤੀ ਅਤੇ ਇਸ ਦੇ ਵਾਸੀਆਂ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਲਿਆਵਾਂਗਾ। ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਉਹਨਾਂ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼, ਅਤੇ ਇੱਕ ਸਦਾ ਦੀ ਤਬਾਹੀ ਬਣਾ ਦਿਆਂਗਾ," ਯਾਹਵੇਹ ਦਾ ਵਾਕ ਹੈ। 10 ਮੈਂ ਉਹਨਾਂ ਤੋਂ ਖੁਸ਼ੀ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ, ਚੱਕੀ ਦੇ ਪੱਥਰਾਂ ਦੀ ਆਵਾਜ਼ ਅਤੇ ਦੀਵੇ ਦੀ ਰੋਸ਼ਨੀ ਨੂੰ ਦੂਰ ਕਰ ਦਿਆਂਗਾ। 11 ਇਹ ਸਾਰਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਸਾਲ ਤੱਕ ਬਾਬੇਲ ਦੇ ਰਾਜੇ ਦੀ ਸੇਵਾ ਕਰਨਗੀਆਂ।
12 "ਅਤੇ ਸੱਤਰ ਸਾਲ ਦੇ ਪੂਰੇ ਹੋਣ ਤੇ ਮੈਂ ਬਾਬੇਲ ਦੇ ਰਾਜਾ ਅਤੇ ਉਸ ਕੌਮ ਨੂੰ ਸਜ਼ਾ ਦੇਵੇਗਾ, ਯਾਹਵੇਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ਼ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ। 13 ਮੈਂ ਉਸ ਧਰਤੀ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਇਸਦੇ ਵਿਰੁੱਧ ਬੋਲੀਆਂ ਹਨ, ਉਹ ਸਾਰੀਆਂ ਗੱਲਾਂ ਜੋ ਇਸ ਪੁਸਤਕ ਵਿੱਚ ਲਿਖੀਆਂ ਗਈਆਂ ਹਨ ਅਤੇ ਯਿਰਮਿਯਾਹ ਦੁਆਰਾ ਸਾਰੀਆਂ ਕੌਮਾਂ ਦੇ ਵਿਰੁੱਧ ਭਵਿੱਖਬਾਣੀ ਕੀਤੀਆਂ ਗਈਆਂ ਹਨ। 14 ਉਹ ਆਪ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਰਾਜਿਆਂ ਦੇ ਗ਼ੁਲਾਮ ਹੋਣਗੇ; ਮੈਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦੇ ਅਨੁਸਾਰ ਬਦਲਾ ਦਿਆਂਗਾ।"
15 ਇਹ ਉਹ ਹੈ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਕਿਹਾ: "ਮੇਰੇ ਕ੍ਰੋਧ ਦੀ ਦਾਖ਼ਰਸ ਦਾ ਭਰਿਆ ਹੋਇਆ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਭੇਜਦਾ ਹਾਂ, ਉਹਨਾਂ ਨੂੰ ਪਿਲਾ ਦੇ। 16 ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।" 17 ਇਸ ਲਈ ਮੈਂ ਯਾਹਵੇਹ ਦੇ ਹੱਥੋਂ ਪਿਆਲਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਉਸ ਨੇ ਮੈਨੂੰ ਭੇਜਿਆ ਸੀ, ਪਿਲਾਇਆ:
18 ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;
19 ਮਿਸਰ ਦੇ ਰਾਜੇ ਫ਼ਿਰਾਊਨ, ਉਸਦੇ ਸੇਵਕਾਂ, ਉਸਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਲੋਕਾਂ ਨੂੰ, 20 ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ;
ਊਜ਼ ਦੇ ਸਾਰੇ ਰਾਜੇ;
ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);
21 ਅਦੋਮ, ਮੋਆਬ ਅਤੇ ਅੰਮੋਨੀਆਂ ਨੂੰ;
22 ਸੂਰ ਅਤੇ ਸੀਦੋਨ ਦੇ ਸਾਰੇ ਰਾਜੇ;
ਸਮੁੰਦਰ ਦੇ ਪਾਰ ਸਮੁੰਦਰੀ ਤੱਟਾਂ ਦੇ ਰਾਜੇ;
23 ਦਦਾਨ, ਤੇਮਾ, ਬੂਜ਼ ਅਤੇ ਉਹ ਸਾਰੇ ਜੋ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਹਨ;
24 ਅਰਬ ਦੇ ਸਾਰੇ ਰਾਜਿਆਂ ਅਤੇ ਪਰਦੇਸੀਆਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਰਹਿੰਦੇ ਹਨ।
25 ਜ਼ਿਮਰੀ, ਏਲਾਮ ਅਤੇ ਮਾਦੀ ਦੇ ਸਾਰੇ ਰਾਜੇ;
26 ਅਤੇ ਉੱਤਰ ਦੇ ਸਾਰੇ ਰਾਜੇ, ਨੇੜੇ ਅਤੇ ਦੂਰ, ਇੱਕ ਤੋਂ ਬਾਅਦ ਇੱਕ, ਧਰਤੀ ਦੇ ਚਿਹਰੇ ਉੱਤੇ ਸਾਰੀਆਂ ਪਾਤਸ਼ਾਹੀਆਂ।
ਅਤੇ ਉਹਨਾਂ ਸਾਰਿਆਂ ਦੇ ਬਾਅਦ, ਸ਼ੇਸ਼ਕ ਦਾ ਰਾਜਾ ਵੀ ਪੀਵੇਗਾ।
27 "ਫਿਰ ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਖਾਓ ਅਤੇ ਪੀਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ।’ 28 ਪਰ ਜੇ ਉਹ ਤੁਹਾਡੇ ਹੱਥੋਂ ਪਿਆਲਾ ਲੈਣ ਅਤੇ ਪੀਣ ਤੋਂ ਇਨਕਾਰ ਕਰਦੇ ਹਨ, ਤਾਂ ਉਹਨਾਂ ਨੂੰ ਆਖੋ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਤੁਹਾਨੂੰ ਇਹ ਪੀਣਾ ਚਾਹੀਦਾ ਹੈ! 29 ਵੇਖੋ, ਮੈਂ ਆਪਣੇ ਨਾਮ ਦੇ ਸ਼ਹਿਰ ਉੱਤੇ ਬਿਪਤਾ ਲਿਆਉਣ ਲੱਗਾ ਹਾਂ, ਅਤੇ ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਚੇ ਰਹੋਗੇ? ਤੁਸੀਂ ਸਜ਼ਾ ਤੋਂ ਮੁਕਤ ਨਹੀਂ ਹੋਵੋਗੇ, ਕਿਉਂਕਿ ਮੈਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਉੱਤੇ ਤਲਵਾਰ ਸੁੱਟ ਰਿਹਾ ਹਾਂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।’
30 "ਹੁਣ ਉਹਨਾਂ ਦੇ ਵਿਰੁੱਧ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਆਖੋ:
" ‘ਯਾਹਵੇਹ ਉੱਚੇ ਤੋਂ ਗਰਜੇਗਾ;
ਉਹ ਆਪਣੇ ਪਵਿੱਤਰ ਨਿਵਾਸ ਤੋਂ ਗਰਜੇਗਾ ਅਤੇ ਆਪਣੀ ਧਰਤੀ ਉੱਤੇ ਜ਼ੋਰ ਨਾਲ ਗਰਜੇਗਾ।
ਉਹ ਅੰਗੂਰਾਂ ਨੂੰ ਮਿੱਧਣ ਵਾਲਿਆਂ ਵਾਂਙੁ ਰੌਲਾ ਪਾਵੇਗਾ,
ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਦੇ ਵਿਰੁੱਧ ਰੌਲਾ ਪਾਵੇਗਾ।
31 ਹੰਗਾਮਾ ਧਰਤੀ ਦੇ ਸਿਰੇ ਤੱਕ ਗੂੰਜੇਗਾ,
ਕਿਉਂਕਿ ਯਾਹਵੇਹ ਕੌਮਾਂ ਦੇ ਵਿਰੁੱਧ ਦੋਸ਼ ਲਵੇਗਾ;
ਉਹ ਸਾਰੀ ਮਨੁੱਖਜਾਤੀ ਉੱਤੇ ਨਿਆਂ ਲਿਆਵੇਗਾ
ਅਤੇ ਦੁਸ਼ਟਾਂ ਨੂੰ ਤਲਵਾਰ ਨਾਲ ਲਪੇਟੇਗਾ,’ "
ਯਾਹਵੇਹ ਦਾ ਵਾਕ ਹੈ।
32 ਇਹ ਉਹ ਹੈ ਜੋ ਯਾਹਵੇਹ ਆਖਦਾ ਹੈ:
"ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ;
ਇੱਕ ਸ਼ਕਤੀਸ਼ਾਲੀ ਤੂਫ਼ਾਨ
ਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।"
33 ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।
34 ਹੇ ਚਰਵਾਹੋ, ਰੋਵੋ ਅਤੇ ਕੁਰਲਾਉ;
ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ।
ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ;
ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।
35 ਚਰਵਾਹਿਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ,
ਇੱਜੜ ਦੇ ਆਗੂਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ।
36 ਚਰਵਾਹਿਆਂ ਦੀ ਦੁਹਾਈ ਸੁਣੋ,
ਇੱਜੜ ਦੇ ਆਗੂਆਂ ਦਾ ਰੋਣਾ,
ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।
37 ਸ਼ਾਂਤੀ ਦੀਆਂ ਚਰਾਂਦਾਂ
ਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਬਰਬਾਦ ਹੋ ਜਾਣਗੇ।
38 ਉਹ ਸ਼ੇਰ ਵਾਂਗੂੰ ਆਪਣਾ ਕੋਠਾ ਛੱਡ ਦੇਵੇਗਾ,
ਅਤੇ ਉਹਨਾਂ ਦੀ ਧਰਤੀ ਜ਼ਾਲਮ ਦੀ ਤਲਵਾਰ ਦੇ ਕਾਰਨ ਅਤੇ ਯਾਹਵੇਹ ਦੇ ਕਹਿਰ ਦੇ ਕਾਰਨ ਵਿਰਾਨ ਹੋ ਜਾਵੇਗੀ।