1 "ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ
ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਦੀ ਹੈ,
ਕੀ ਉਸਨੂੰ ਦੁਬਾਰਾ ਉਸ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ?
ਕੀ ਧਰਤੀ ਪੂਰੀ ਤਰ੍ਹਾਂ ਪਲੀਤ ਨਹੀਂ ਹੋ ਜਾਵੇਗੀ?
ਪਰ ਤੂੰ ਬਹੁਤ ਸਾਰੇ ਪ੍ਰੇਮੀਆਂ ਨਾਲ ਵਿਭਚਾਰ ਕੀਤਾ,
ਕੀ ਹੁਣ ਤੂੰ ਮੇਰੇ ਕੋਲ ਵਾਪਸ ਆਵੇਂਗਾ?"
ਯਾਹਵੇਹ ਦਾ ਵਾਕ ਹੈ।
2 "ਬੰਜਰ ਉਚਾਈਆਂ ਵੱਲ ਵੇਖੋ,
ਕੀ ਕੋਈ ਅਜਿਹੀ ਥਾਂ ਹੈ ਜਿੱਥੇ ਤੂੰ ਭਰਿਸ਼ਟ ਨਾ ਹੋਇਆ ਹੋਵੇ?
ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ,
ਜਿਵੇਂ ਉਜਾੜ ਵਿੱਚ ਕੋਈ ਖਾਨਾਬਦੋਸ਼ ਵਾਂਗ ਬੈਠਾ ਹੋਏ।
ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ਼ ਨੂੰ ਭਰਿਸ਼ਟ ਕੀਤਾ।
3 ਇਸ ਲਈ ਮੀਂਹ ਨੂੰ ਰੋਕ ਦਿੱਤਾ ਗਿਆ ਹੈ,
ਅਤੇ ਬਸੰਤ ਦੀ ਕੋਈ ਬਾਰਿਸ਼ ਨਹੀਂ ਹੋਈ ਹੈ।
ਫਿਰ ਵੀ ਤੂੰ ਵੇਸਵਾ ਵਰਗੀ ਅਤੇ ਬੇਸ਼ਰਮ ਹੈ;
ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
4 ਕੀ ਤੂੰ ਹੁਣ ਮੈਨੂੰ ਨਹੀਂ ਬੁਲਾਇਆ:
‘ਹੇ ਮੇਰੇ ਪਿਤਾ, ਤੂੰ ਮੇਰੀ ਜਵਾਨੀ ਦਾ ਸਾਥੀ ਹੈ,
5 ਕੀ ਤੂੰ ਹਮੇਸ਼ਾ ਗੁੱਸੇ ਰਹੇਗਾ?
ਕੀ ਤੇਰਾ ਕ੍ਰੋਧ ਸਦਾ ਲਈ ਬਣਿਆ ਰਹੇਗਾ?’
ਯਾਦ ਰੱਖ, ਇਹ ਤੇਰਾ ਵਚਨ ਹੈ ਅਤੇ ਤੂੰ ਕੁਝ ਮਾੜੇ ਕੰਮ ਕੀਤੇ ਹਨ,
ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ।"
6 ਰਾਜਾ ਯੋਸ਼ੀਯਾਹ ਦੇ ਰਾਜ ਦੌਰਾਨ, ਯਾਹਵੇਹ ਨੇ ਮੈਨੂੰ ਕਿਹਾ, "ਕੀ ਤੂੰ ਦੇਖਿਆ ਹੈ ਕਿ ਬੇਪਰਤੀਤ ਇਸਰਾਏਲ ਨੇ ਕੀ ਕੀਤਾ ਹੈ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ। 7 ਮੈਂ ਸੋਚਿਆ ਸੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਮੇਰੇ ਕੋਲ ਵਾਪਸ ਆ ਜਾਵੇਗੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਉਸਦੀ ਬੇਵਫ਼ਾ ਭੈਣ ਯਹੂਦਾਹ ਨੇ ਇਹ ਦੇਖਿਆ। 8 ਮੈਂ ਅਵਿਸ਼ਵਾਸੀ ਇਸਰਾਏਲ ਨੂੰ ਉਸਦੇ ਤਲਾਕ ਦਾ ਪ੍ਰਮਾਣ ਪੱਤਰ ਦਿੱਤਾ ਅਤੇ ਉਸਦੇ ਸਾਰੇ ਵਿਭਚਾਰਾਂ ਦੇ ਕਾਰਨ ਉਸਨੂੰ ਛੱਡ ਦਿੱਤਾ। ਫਿਰ ਵੀ ਮੈਂ ਦੇਖਿਆ ਕਿ ਉਸਦੀ ਬੇਵਫ਼ਾ ਭੈਣ ਯਹੂਦਾਹ ਨੂੰ ਕੋਈ ਡਰ ਨਹੀਂ ਸੀ; ਉਸਨੇ ਵੀ ਬਾਹਰ ਜਾ ਕੇ ਵਿਭਚਾਰ ਕੀਤਾ। 9 ਕਿਉਂ ਜੋ ਇਸਰਾਏਲ ਦੀ ਅਨੈਤਿਕਤਾ ਉਸ ਲਈ ਬਹੁਤ ਮਾਇਨੇ ਰੱਖਦੀ ਸੀ, ਇਸ ਲਈ ਉਸ ਨੇ ਧਰਤੀ ਨੂੰ ਪਲੀਤ ਕੀਤਾ ਅਤੇ ਪੱਥਰ ਅਤੇ ਲੱਕੜ ਨਾਲ ਵਿਭਚਾਰ ਕੀਤਾ। 10 ਇਸ ਸਭ ਦੇ ਬਾਵਜੂਦ, ਉਸਦੀ ਬੇਵਫ਼ਾ ਭੈਣ ਯਹੂਦਾਹ ਮੇਰੇ ਕੋਲ ਆਪਣੇ ਪੂਰੇ ਦਿਲ ਨਾਲ ਵਾਪਸ ਨਾ ਆਈ ਪਰ ਸਿਰਫ ਦਿਖਾਵਾ ਕੀਤਾ," ਯਾਹਵੇਹ ਦਾ ਵਾਕ ਹੈ।
11 ਯਾਹਵੇਹ ਨੇ ਮੈਨੂੰ ਕਿਹਾ, "ਬੇਪਰਤੀਤ ਇਸਰਾਏਲ, ਬੇਵਫ਼ਾ ਯਹੂਦਾਹ ਨਾਲੋਂ ਵੱਧ ਧਰਮੀ ਹੈ। 12 ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਸੰਦੇਸ਼ ਸੁਣਾ:
" ‘ਵਾਪਸ ਆ, ਬੇਪਰਤੀਤ ਇਸਰਾਏਲ,’ ਯਾਹਵੇਹ ਦਾ ਵਾਕ ਹੈ,
‘ਮੈਂ ਅੱਗੇ ਤੋਂ ਤੇਰੇ ਵੱਲ ਮੂੰਹ ਨਹੀਂ ਕਰਾਂਗਾ,
ਕਿਉਂਕਿ ਮੈਂ ਵਫ਼ਾਦਾਰ ਹਾਂ।’ ਯਾਹਵੇਹ ਦਾ ਵਾਕ ਹੈ,
‘ਮੈਂ ਸਦਾ ਲਈ ਗੁੱਸੇ ਨਹੀਂ ਹੋਵਾਂਗਾ।
13 ਸਿਰਫ ਆਪਣਾ ਗੁਨਾਹ ਕਬੂਲ ਕਰ ਲੈ,
ਕਿ ਤੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ,
ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ,
ਹਰ ਹਰੇ ਰੁੱਖ ਦੇ ਹੇਠ ਖਿਲਾਰਿਆ,’ "
ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ
ਯਾਹਵੇਹ ਦਾ ਵਾਕ ਹੈ।
14 "ਵਾਪਸ ਆਓ, ਬੇਪਰਵਾਹ ਲੋਕੋ," ਯਾਹਵੇਹ ਦਾ ਵਾਕ ਹੈ, "ਕਿਉਂਕਿ ਮੈਂ ਤੁਹਾਡਾ ਪਤੀ ਹਾਂ। ਮੈਂ ਤੈਨੂੰ ਚੁਣਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਗੋਤ ਵਿੱਚੋਂ ਇੱਕ ਅਤੇ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ। 15 ਤਦ ਮੈਂ ਤੁਹਾਨੂੰ ਆਪਣੇ ਮਨ ਦੇ ਅਨੁਸਾਰ ਚਰਵਾਹੇ ਦਿਆਂਗਾ, ਜੋ ਤੇਰੀ ਗਿਆਨ ਅਤੇ ਸਮਝ ਨਾਲ ਅਗਵਾਈ ਕਰਨਗੇ। 16 ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਧ ਜਾਓਗੇ," ਅਤੇ ਉਹਨਾਂ ਵਿੱਚ ਬਹੁਤ ਹੋ ਜਾਓਗੇ, ਯਾਹਵੇਹ ਦਾ ਵਾਕ ਹੈ, "ਉਹ ਫਿਰ ਨਾ ਆਖਣਗੇ ਯਾਹਵੇਹ ਦੇ ਨੇਮ ਦਾ ਸੰਦੂਕ," ਨਾ ਇਹ ਵਿਚਾਰ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ। 17 ਉਸ ਸਮੇਂ ਉਹ ਯੇਰੂਸ਼ਲੇਮ ਨੂੰ ਯਾਹਵੇਹ ਦਾ ਸਿੰਘਾਸਣ ਕਹਿਣਗੇ, ਅਤੇ ਸਾਰੀਆਂ ਕੌਮਾਂ ਯਾਹਵੇਹ ਦੇ ਨਾਮ ਦਾ ਆਦਰ ਕਰਨ ਲਈ ਯੇਰੂਸ਼ਲੇਮ ਵਿੱਚ ਇਕੱਠੀਆਂ ਹੋਣਗੀਆਂ। ਉਹ ਹੁਣ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੀ ਪਾਲਣਾ ਨਹੀਂ ਕਰਨਗੇ। 18 ਉਨ੍ਹੀਂ ਦਿਨੀਂ ਯਹੂਦਾਹ ਦੇ ਲੋਕ ਇਸਰਾਏਲ ਦੇ ਲੋਕਾਂ ਨਾਲ ਰਲ ਜਾਣਗੇ ਅਤੇ ਉਹ ਮਿਲ ਕੇ ਉੱਤਰ ਦੇ ਦੇਸ਼ ਤੋਂ ਉਸ ਦੇਸ਼ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਉ ਦਾਦਿਆਂ ਨੂੰ ਮਿਲਖ਼ ਵਿੱਚ ਦਿੱਤਾ।
19 ਮੈਂ ਤਾਂ ਆਖਿਆ ਸੀ,
ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰਲਾਵਾਂ,
ਅਤੇ ਤੈਨੂੰ ਇੱਕ ਚੰਗੀ ਧਰਤੀ ਦੇਵੇਗਾ,
ਉਹ ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਹੋਵੇਗੀ!
ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ,
ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ।
20 ਜਿਵੇਂ ਇੱਕ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਹੈ,
ਇਸੇ ਤਰ੍ਹਾਂ ਤੁਸੀਂ, ਹੇ ਇਸਰਾਏਲ, ਮੇਰੇ ਨਾਲ ਬੇਈਮਾਨੀ ਕੀਤੀ,
ਯਾਹਵੇਹ ਦਾ ਵਾਕ ਹੈ।
21 ਉਚਿਆਈਆਂ ਤੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ,
ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ,
ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ,
ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ।
22 "ਹੇ ਫਿਰਤੂ ਪੁੱਤਰੋ, ਮੁੜੋ,
ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ।"
"ਹਾਂ, ਅਸੀਂ ਤੇਰੇ ਕੋਲ ਆਵਾਂਗੇ,
ਕਿਉਂਕਿ ਤੂੰ ਹੀ ਸਾਡਾ ਪਰਮੇਸ਼ਵਰ ਹੈ।
23 ਸੱਚ-ਮੁੱਚ ਹੀ ਪਹਾੜੀਆਂ ਅਤੇ ਉਚਾਈਆਂ ਉੱਤੇ ਮੂਰਤੀ ਪੂਜਾ ਦਾ ਹੰਗਾਮਾ ਇੱਕ ਧੋਖਾ ਹੈ;
ਸੱਚ-ਮੁੱਚ ਇਸਰਾਏਲ ਦਾ ਯਾਹਵੇਹ ਪਰਮੇਸ਼ਵਰ
ਸਾਡਾ ਮੁਕਤੀਦਾਤਾ ਹੈ।
24 ਪਰ ਉਸ ਘਿਣਾਉਣੇ ਦੇਵਤੇ ਨੇ
ਸਾਡੀ ਜਵਾਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ
ਉਹਨਾਂ ਦਿਆਂ ਇੱਜੜਾਂ, ਚੌਣਿਆਂ
ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਖਾ ਲਿਆ ਹੈ।
25 ਅਸੀਂ ਆਪਣੀ ਸ਼ਰਮ ਵਿੱਚ ਲੇਟੀਏ,
ਅਤੇ ਸਾਡੀ ਬੇਇੱਜ਼ਤੀ ਸਾਨੂੰ ਢੱਕ ਲਵੇ।
ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ,
ਅਤੇ ਸਾਡੇ ਪੁਰਖਿਆਂ ਨੇ ਵੀ ਯਾਹਵੇਹ ਪਰਮੇਸ਼ਵਰ ਵਿਰੁੱਧ ਪਾਪ ਕੀਤਾ ਹੈ;
ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ
ਅਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ।"