Publicidade

Jeremias 9

1 ਕਾਸ਼ ਮੇਰਾ ਸਿਰ ਪਾਣੀ ਹੁੰਦਾ

ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦਾ!

ਮੈਂ ਆਪਣੇ ਲੋਕਾਂ ਦੇ ਮਾਰੇ ਜਾਣ ਤੇ

ਦਿਨ ਅਤੇ ਰਾਤ ਰੋਂਦਾ।

2 ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ

ਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ,

ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇ

ਉਹਨਾਂ ਤੋਂ ਦੂਰ ਚਲਾ ਜਾਵਾਂ;

ਕਿਉਂ ਜੋ ਉਹ ਸਾਰੇ ਵਿਭਚਾਰੀ ਹਨ,

ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।

3 "ਉਹ ਆਪਣੀ ਜੀਭ ਨੂੰ ਝੂਠ ਬੋਲਣ ਲਈ;

ਕਮਾਨ ਵਾਂਗ ਤਿਆਰ ਕਰਦੇ ਹਨ,

ਉਹ ਦੇਸ਼ ਵਿੱਚ ਸੂਰਮੇ ਹਨ,

ਪਰ ਸਚਿਆਈ ਲਈ ਨਹੀਂ,

ਉਹ ਇੱਕ ਪਾਪ ਤੋਂ ਦੂਜੇ ਪਾਪ ਵਿੱਚ ਜਾਂਦੇ ਹਨ;

ਉਹ ਮੈਨੂੰ ਨਹੀਂ ਜਾਣਦੇ,"

ਯਾਹਵੇਹ ਦਾ ਵਾਕ ਹੈ।

4 "ਆਪਣੇ ਦੋਸਤਾਂ ਤੋਂ ਸਾਵਧਾਨ ਰਹੋ;

ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ।

ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ,

ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।

5 ਮਿੱਤਰ ਆਪਣੇ ਮਿੱਤਰ ਨੂੰ ਧੋਖਾ ਦਿੰਦਾ ਹੈ,

ਅਤੇ ਕੋਈ ਸੱਚ ਨਹੀਂ ਬੋਲਦਾ।

ਉਹਨਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ;

ਉਹ ਪਾਪ ਕਰਕੇ ਥੱਕ ਜਾਂਦੇ ਹਨ, ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ।

6 ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ;

ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,"

ਯਾਹਵੇਹ ਇਹ ਆਖਦਾ ਹੈ।

7 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

"ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ,

ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨ

ਹੋਰ ਕੀ ਕਰ ਸਕਦਾ ਹਾਂ?

8 ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ;

ਇਹ ਧੋਖੇ ਨਾਲ ਬੋਲਦੀ ਹੈ।

ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ,

ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।

9 ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?"

ਯਾਹਵੇਹ ਦਾ ਵਾਕ ਹੈ।

"ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?"

10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਵਿਰਲਾਪ ਕਰਾਂਗਾ

ਅਤੇ ਉਜਾੜ ਦੇ ਘਾਹ ਦੇ ਮੈਦਾਨਾਂ ਲਈ ਸਿਆਪਾ ਕਰਾਂਗਾ।

ਉਹ ਤਾਂ ਸੜ ਗਏ ਹਨ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ,

ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।

ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ,

ਉਹ ਚੱਲੇ ਗਏ ਹਨ।

11 "ਮੈਂ ਯੇਰੂਸ਼ਲੇਮ ਨੂੰ ਖੰਡਰਾਂ ਦਾ ਢੇਰ ਬਣਾ ਦਿਆਂਗਾ,

ਗਿੱਦੜਾਂ ਦਾ ਅੱਡਾ ਬਣਾ ਦਿਆਂਗਾ;

ਅਤੇ ਮੈਂ ਯਹੂਦਾਹ ਦੇ ਨਗਰਾਂ ਨੂੰ ਉਜਾੜ ਦਿਆਂਗਾ,

ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।"

12 ਇੰਨਾ ਬੁੱਧਵਾਨ ਕੌਣ ਹੈ ਜੋ ਇਸ ਨੂੰ ਸਮਝ ਸਕੇ? ਅਤੇ ਉਹ ਕੌਣ ਹੈ ਜਿਸ ਨਾਲ ਯਾਹਵੇਹ ਨੇ ਗੱਲ ਕੀਤੀ ਤਾਂ ਜੋ ਉਹ ਇਸ ਦਾ ਅਰਥ ਕਰ ਸਕੇ? ਧਰਤੀ ਕਿਉਂ ਨਸ਼ਟ ਕਰ ਦਿੱਤੀ ਗਈ ਹੈ ਅਤੇ ਉਜਾੜ ਵਾਂਗ ਉਜਾੜ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਦੀ ਕੋਈ ਨਹੀਂ ਲੰਘਦਾ?

13 ਯਾਹਵੇਹ ਨੇ ਕਿਹਾ, "ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਹੈ, ਜੋ ਮੈਂ ਉਹਨਾਂ ਦੇ ਅੱਗੇ ਰੱਖੀ ਸੀ; ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਮੇਰੇ ਕਾਨੂੰਨ ਦੀ ਪਾਲਣਾ ਕੀਤੀ ਹੈ। 14 ਇਸ ਦੀ ਬਜਾਏ, ਉਹ ਆਪਣੇ ਦਿਲ ਦੀ ਜ਼ਿੱਦ ਦੇ ਪਿੱਛੇ ਤੁਰੇ ਹਨ; ਉਹਨਾਂ ਨੇ ਬਆਲ ਦੇਵਤੇ ਦੀ ਪਾਲਣਾ ਕੀਤੀ ਹੈ, ਜਿਵੇਂ ਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ।" 15 ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: "ਵੇਖੋ, ਮੈਂ ਇਨ੍ਹਾਂ ਲੋਕਾਂ ਨੂੰ ਕੌੜਾ ਭੋਜਨ ਖਾਣ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ। 16 ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਖਿੰਡਾ ਦਿਆਂਗਾ ਜਿਹਨਾਂ ਨੂੰ ਨਾ ਉਹਨਾਂ ਨੇ ਅਤੇ ਨਾ ਉਹਨਾਂ ਦੇ ਪੁਰਖਿਆਂ ਨੇ ਜਾਣਿਆ ਸੀ, ਅਤੇ ਮੈਂ ਉਹਨਾਂ ਨੂੰ ਤਲਵਾਰ ਨਾਲ ਉਹਨਾਂ ਦਾ ਪਿੱਛਾ ਕਰਾਂਗਾ ਜਦੋਂ ਤੱਕ ਮੈਂ ਉਹਨਾਂ ਦਾ ਅੰਤ ਨਾ ਕਰ ਲਵਾਂ।"

17 ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ ਆਖਦਾ ਹੈ:

"ਹੁਣ ਵਿਚਾਰ ਕਰੋ! ਰੋਂਦੀਆਂ ਔਰਤਾਂ ਨੂੰ ਆਉਣ ਲਈ ਬੁਲਾਓ;

ਉਹਨਾਂ ਵਿੱਚੋਂ ਸਭ ਤੋਂ ਵੱਧ ਹੁਨਰਮੰਦ ਨੂੰ ਭੇਜੋ।

18 ਉਹਨਾਂ ਨੂੰ ਜਲਦੀ ਆਉਣ ਦਿਓ

ਅਤੇ ਸਾਡੇ ਉੱਤੇ ਵਿਰਲਾਪ ਕਰੋ

ਜਦੋਂ ਤੱਕ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਨਾ ਜਾਣ

ਅਤੇ ਸਾਡੀਆਂ ਪਲਕਾਂ ਵਿੱਚੋਂ ਪਾਣੀ ਦੀਆਂ ਧਾਰਾਂ ਨਾ ਵਹਿ ਜਾਣ।

19 ਸੀਯੋਨ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ:

‘ਅਸੀਂ ਕਿੰਨੇ ਬਰਬਾਦ ਹੋ ਗਏ ਹਾਂ!

ਅਸੀਂ ਡਾਢੇ ਸ਼ਰਮਿੰਦੇ ਹੋਏ ਹਾਂ!

ਕਿਉਂ ਜੋ ਅਸੀਂ ਦੇਸ਼ ਨੂੰ ਛੱਡ ਦਿੱਤਾ ਹੈ

ਕਿਉਂਕਿ ਸਾਡੇ ਘਰ ਖੰਡਰ ਹੋ ਚੁੱਕੇ ਹਨ।’ "

20 ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ;

ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ।

ਆਪਣੀਆਂ ਧੀਆਂ ਨੂੰ ਰੋਣਾ ਸਿਖਾਓ;

ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।

21 ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈ

ਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ;

ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ,

ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।

22 ਬੋਲੋ, "ਯਾਹਵੇਹ ਦੇ ਵਾਕ ਇਹ ਉਹੀ ਹੈ:

" ‘ਆਦਮੀ ਦੀਆਂ ਲੋਥਾਂ ਖੁੱਲ੍ਹੇ ਖੇਤਾਂ ਵਿੱਚ

ਰੂੜੀ ਵਾਂਗੂੰ ਡਿੱਗਣਗੀਆਂ,

ਕੱਟਣ ਵਾਲੇ ਦੇ ਪਿੱਛੇ ਕੱਟੇ ਹੋਏ ਦਾਣਿਆਂ ਵਾਂਗ,

ਉਹਨਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’ "

23 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ,

ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ,

ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ।

24 ਪਰ ਜੇ ਕੋਈ ਮਾਣ ਕਰੇ ਉਹ ਇਸ ਉੱਤੇ ਮਾਣ ਕਰੇ

ਕਿ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ,

ਕਿ ਮੈਂ ਯਾਹਵੇਹ ਹਾਂ, ਜੋ ਦਯਾ ਕਰਦਾ ਹਾਂ,

ਧਰਤੀ ਉੱਤੇ ਨਿਆਂ ਅਤੇ ਧਾਰਮਿਕਤਾ ਦੇ ਕੰਮ ਕਰਦਾ ਹਾਂ,

ਕਿਉਂਕਿ ਇਸ ਵਿੱਚ ਮੈਂ ਪ੍ਰਸੰਨ ਹੁੰਦਾ ਹਾਂ,"

ਯਾਹਵੇਹ ਦਾ ਇਹ ਕਹਿਣਾ ਹੈ।

25 ਯਾਹਵੇਹ ਦਾ ਵਾਕ ਹੈ, "ਉਹ ਦਿਨ ਆ ਰਹੇ ਹਨ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ 26 ਮਿਸਰ, ਯਹੂਦਾਹ, ਅਦੋਮ, ਅੰਮੋਨ, ਮੋਆਬ ਅਤੇ ਉਜਾੜ ਵਿੱਚ ਰਹਿਣ ਵਾਲੇ ਸਾਰੇ। ਕਿਉਂਕਿ ਇਹ ਸਾਰੀਆਂ ਕੌਮਾਂ ਸੱਚਮੁੱਚ ਬੇਸੁੰਨਤ ਹਨ ਅਤੇ ਇਸਰਾਏਲ ਦਾ ਸਾਰਾ ਘਰਾਣਾ ਵੀ ਦਿਲੋਂ ਬੇਸੁੰਨਤ ਹੈ।"

Veja também

Publicidade
Bíblia Online Bíblia Online

Bíblia Online • Versão: 2026-06-18_14-04-22-