1 ਇਹ ਉਹ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਦਸਵੇਂ ਸਾਲ ਵਿੱਚ, ਜੋ ਕਿ ਨਬੂਕਦਨੱਸਰ ਦਾ ਅਠਾਰਵਾਂ ਸਾਲ ਸੀ, ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਸੀ। 2 ਉਸ ਵੇਲੇ ਬਾਬੇਲ ਦੇ ਰਾਜੇ ਦੀ ਫ਼ੌਜ ਨੇ ਯੇਰੂਸ਼ਲੇਮ ਨੂੰ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਯਹੂਦਾਹ ਦੇ ਸ਼ਾਹੀ ਮਹਿਲ ਵਿੱਚ ਪਹਿਰੇਦਾਰਾਂ ਦੇ ਵਿਹੜੇ ਵਿੱਚ ਬੰਦ ਸੀ।
3 ਹੁਣ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਉਸਨੂੰ ਇਹ ਕਹਿ ਕੇ ਕੈਦ ਕਰ ਲਿਆ ਸੀ, "ਤੂੰ ਆਪਣੇ ਵਾਂਗ ਅਗੰਮਵਾਕ ਕਿਉਂ ਕਰਦਾ ਹੈ? ਤੁਸੀਂ ਆਖਦੇ ਹੋ, ‘ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਬਾਬੇਲ ਦੇ ਰਾਜੇ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ, ਅਤੇ ਉਹ ਇਸ ਉੱਤੇ ਕਬਜ਼ਾ ਕਰ ਲਵੇਗਾ। 4 ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ। 5 ਉਹ ਸਿਦਕੀਯਾਹ ਨੂੰ ਬਾਬੇਲ ਵਿੱਚ ਲੈ ਜਾਵੇਗਾ। ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਾਹਵੇਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ।’ "
6 ਯਿਰਮਿਯਾਹ ਨੇ ਆਖਿਆ, "ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 7 ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ, ‘ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ ਕਿਉਂਕਿ ਇਹ ਤੁਹਾਡਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਨੂੰ ਖਰੀਦਣ ਦਾ ਅਧਿਕਾਰ ਅਤੇ ਫਰਜ਼ ਹੈ।’
8 "ਫਿਰ, ਜਿਵੇਂ ਯਾਹਵੇਹ ਨੇ ਕਿਹਾ ਸੀ, ਮੇਰਾ ਚਚੇਰਾ ਭਰਾ ਹਨਮਏਲ ਪਹਿਰੇਦਾਰ ਦੇ ਵਿਹੜੇ ਵਿੱਚ ਮੇਰੇ ਕੋਲ ਆਇਆ ਅਤੇ ਕਿਹਾ, ‘ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ। ਕਿਉਂਕਿ ਇਸ ਨੂੰ ਛੁਡਾਉਣਾ ਅਤੇ ਇਸਨੂੰ ਆਪਣੇ ਕੋਲ ਰੱਖਣਾ ਤੁਹਾਡਾ ਅਧਿਕਾਰ ਹੈ, ਇਸ ਲਈ ਇਸਨੂੰ ਆਪਣੇ ਲਈ ਖਰੀਦੋ।’
"ਮੈਂ ਜਾਣਦਾ ਸੀ ਕਿ ਇਹ ਯਾਹਵੇਹ ਦਾ ਬਚਨ ਸੀ; 9 ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਦੋ ਸੌ ਗ੍ਰਾਮ ਚਾਂਦੀ। 10 ਤਾਂ ਮੈਂ ਬੈ-ਨਾਮੇ ਉੱਤੇ ਦਸਖ਼ਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ, ਅਤੇ ਤੱਕੜੀ ਤੇ ਚਾਂਦੀ ਨੂੰ ਤੋਲਿਆ। 11 ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ 12 ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਹਸਤਾਖਰ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ।
13 "ਉਹਨਾਂ ਦੀ ਮੌਜੂਦਗੀ ਵਿੱਚ ਮੈਂ ਬਾਰੂਕ ਨੂੰ ਇਹ ਹਿਦਾਇਤਾਂ ਦਿੱਤੀਆਂ: 14 ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸਕਣ। 15 ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ, ਇਸ ਧਰਤੀ ਵਿੱਚ ਘਰ, ਖੇਤ ਅਤੇ ਅੰਗੂਰੀ ਬਾਗ ਦੁਬਾਰਾ ਖਰੀਦੇ ਜਾਣਗੇ।’
16 "ਮੈਂ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਖਰੀਦਦਾਰੀ ਦੇਣ ਤੋਂ ਬਾਅਦ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ:
17 "ਹੇ ਪ੍ਰਭੂ ਯਾਹਵੇਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ। 18 ਤੁਸੀਂ ਹਜ਼ਾਰਾਂ ਨੂੰ ਪਿਆਰ ਦਿਖਾਉਂਦਾ ਹੈ ਅਤੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਦੀ ਗੋਦ ਵਿੱਚ ਲਿਆਉਂਦਾ ਹੈ, ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ਵਰ, ਜਿਸ ਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ, 19 ਤੁਹਾਡੇ ਉਦੇਸ਼ ਮਹਾਨ ਹਨ ਅਤੇ ਤੁਹਾਡੇ ਕੰਮ ਮਹਾਨ ਹਨ। ਤੁਹਾਡੀਆਂ ਅੱਖਾਂ ਸਾਰੀ ਮਨੁੱਖਜਾਤੀ ਦੇ ਰਾਹਾਂ ਲਈ ਖੁੱਲੀਆਂ ਹਨ; ਤੁਸੀਂ ਹਰੇਕ ਵਿਅਕਤੀ ਨੂੰ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਹੱਕਦਾਰ ਅਨੁਸਾਰ ਇਨਾਮ ਦਿੰਦਾ ਹੈ। 20 ਤੂੰ ਮਿਸਰ ਵਿੱਚ ਨਿਸ਼ਾਨ ਅਤੇ ਅਚੰਭੇ ਦਿਖਾਏ ਅਤੇ ਉਹਨਾਂ ਨੂੰ ਅੱਜ ਤੱਕ ਇਸਰਾਏਲ ਵਿੱਚ ਅਤੇ ਸਾਰੀ ਮਨੁੱਖਜਾਤੀ ਵਿੱਚ ਜਾਰੀ ਰੱਖਿਆ ਹੈ ਅਤੇ ਉਹ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਜੋ ਅਜੇ ਵੀ ਤੁਹਾਡੀ ਹੈ। 21 ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਬਹੁਤ ਡਰ ਨਾਲ ਲਿਆਇਆ। 22 ਤੂੰ ਉਹਨਾਂ ਨੂੰ ਇਹ ਧਰਤੀ ਦਿੱਤੀ ਸੀ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 23 ਉਹਨਾਂ ਨੇ ਉਸ ਵਿੱਚ ਆ ਕੇ ਇਸ ਉੱਤੇ ਕਬਜ਼ਾ ਕਰ ਲਿਆ, ਪਰ ਉਹਨਾਂ ਨੇ ਤੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਤੇਰੇ ਕਾਨੂੰਨ ਦੀ ਪਾਲਣਾ ਕੀਤੀ; ਉਹਨਾਂ ਨੇ ਉਹ ਨਹੀਂ ਕੀਤਾ ਜੋ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਂਦੀ ਹੈ।
24 "ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ। 25 ਹੇ ਪ੍ਰਭੂ ਯਾਹਵੇਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ‘ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ "
26 ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ: 27 "ਮੈਂ ਯਾਹਵੇਹ ਸਾਰੀ ਮਨੁੱਖਜਾਤੀ ਦਾ ਪਰਮੇਸ਼ਵਰ ਹਾਂ। ਕੀ ਮੇਰੇ ਲਈ ਕੁਝ ਬਹੁਤ ਔਖਾ ਹੈ? 28 ਇਸ ਲਈ ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਕਸਦੀਆਂ ਅਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ, ਜੋ ਇਸ ਉੱਤੇ ਕਬਜ਼ਾ ਕਰ ਲਵੇਗਾ। 29 ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਕਿ ਮੈਨੂੰ ਗੁੱਸਾ ਚੜ੍ਹਾਉਣ।
30 "ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੇ ਆਪਣੀ ਜਵਾਨੀ ਤੋਂ ਮੇਰੀ ਨਿਗਾਹ ਵਿੱਚ ਬੁਰਿਆਈ ਤੋਂ ਇਲਾਵਾ ਕੁਝ ਨਹੀਂ ਕੀਤਾ; ਸੱਚਮੁੱਚ, ਇਸਰਾਏਲ ਦੇ ਲੋਕਾਂ ਨੇ ਕੁਝ ਨਹੀਂ ਕੀਤਾ ਪਰ ਮੇਰੇ ਕ੍ਰੋਧ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੈ, ਯਾਹਵੇਹ ਦਾ ਵਾਕ ਹੈ। 31 ਜਿਸ ਦਿਨ ਤੋਂ ਇਹ ਬਣਾਇਆ ਗਿਆ ਸੀ, ਹੁਣ ਤੱਕ, ਇਸ ਸ਼ਹਿਰ ਨੇ ਮੇਰੇ ਗੁੱਸੇ ਅਤੇ ਕ੍ਰੋਧ ਨੂੰ ਇੰਨਾ ਭੜਕਾਇਆ ਹੈ ਕਿ ਮੈਨੂੰ ਇਸਨੂੰ ਆਪਣੀ ਨਜ਼ਰ ਤੋਂ ਹਟਾ ਦੇਣਾ ਚਾਹੀਦਾ ਹੈ। 32 ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੇ ਉਹਨਾਂ ਸਾਰੀਆਂ ਬੁਰਾਈਆਂ ਦੁਆਰਾ ਮੈਨੂੰ ਭੜਕਾਇਆ ਹੈ, ਉਹ ਉਹਨਾਂ ਦੇ ਰਾਜਿਆਂ ਅਤੇ ਅਧਿਕਾਰੀਆਂ, ਉਹਨਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ। 33 ਉਹਨਾਂ ਨੇ ਮੇਰੇ ਵੱਲ ਆਪਣੀ ਪਿੱਠ ਕਰ ਲਈ ਹੈ ਪਰ ਮੂੰਹ ਨਹੀਂ; ਭਾਵੇਂ ਮੈਂ ਉਹਨਾਂ ਨੂੰ ਵਾਰ-ਵਾਰ ਸਿਖਾਇਆ, ਪਰ ਉਹਨਾਂ ਨੇ ਅਨੁਸ਼ਾਸਨ ਨੂੰ ਸੁਣਿਆ ਜਾਂ ਜਵਾਬ ਨਹੀਂ ਦਿੱਤਾ। 34 ਉਹਨਾਂ ਨੇ ਆਪਣੀਆਂ ਭੈੜੀਆਂ ਮੂਰਤੀਆਂ ਉਸ ਘਰ ਵਿੱਚ ਸਥਾਪਿਤ ਕੀਤੀਆਂ ਜਿਨ੍ਹਾਂ ਵਿੱਚ ਮੇਰਾ ਨਾਮ ਹੈ ਅਤੇ ਉਸ ਨੂੰ ਭ੍ਰਿਸ਼ਟ ਕੀਤਾ। 35 ਉਹਨਾਂ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਆਲ ਦੇ ਲਈ ਉੱਚੇ ਸਥਾਨ ਬਣਾਏ ਤਾਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲੋਕ ਦੇ ਅੱਗੇ ਬਲੀਦਾਨ ਕਰਨ, ਭਾਵੇਂ ਮੈਂ ਕਦੇ ਹੁਕਮ ਨਹੀਂ ਦਿੱਤਾ, ਨਾ ਹੀ ਮੇਰੇ ਮਨ ਵਿੱਚ ਆਇਆ, ਕਿ ਉਹ ਅਜਿਹਾ ਘਿਣਾਉਣਾ ਕੰਮ ਕਰਨ ਅਤੇ ਇਸ ਤਰ੍ਹਾਂ ਯਹੂਦਾਹ ਤੋਂ ਪਾਪ ਕਰਾਉਣ।
36 "ਇਸ ਲਈ ਹੁਣ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ: 37 ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਧਰਤੀਆਂ ਤੋਂ ਜ਼ਰੂਰ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਆਪਣੇ ਭਿਆਨਕ ਕ੍ਰੋਧ ਅਤੇ ਵੱਡੇ ਕ੍ਰੋਧ ਵਿੱਚ ਬਾਹਰ ਕੱਢਾਂਗਾ। ਮੈਂ ਉਹਨਾਂ ਨੂੰ ਇਸ ਜਗ੍ਹਾ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਸੁਰੱਖਿਅਤ ਰਹਿਣ ਦੇਵਾਂਗਾ। 38 ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। 39 ਮੈਂ ਉਹਨਾਂ ਨੂੰ ਦਿਲ ਅਤੇ ਕੰਮ ਦੀ ਅਡੋਲ ਦਿਆਂਗਾ, ਤਾਂ ਜੋ ਉਹ ਸਦਾ ਮੇਰੇ ਤੋਂ ਡਰਦੇ ਰਹਿਣ ਅਤੇ ਫਿਰ ਉਹਨਾਂ ਦਾ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚਿਆਂ ਦਾ ਸਭ ਕੁਝ ਚੰਗਾ ਹੋਵੇ। 40 ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ: ਮੈਂ ਉਹਨਾਂ ਦਾ ਭਲਾ ਕਰਨ ਤੋਂ ਕਦੇ ਨਹੀਂ ਰੁਕਾਂਗਾ, ਅਤੇ ਮੈਂ ਉਹਨਾਂ ਨੂੰ ਮੇਰੇ ਤੋਂ ਡਰਨ ਲਈ ਪ੍ਰੇਰਿਤ ਕਰਾਂਗਾ, ਤਾਂ ਜੋ ਉਹ ਕਦੇ ਵੀ ਮੇਰੇ ਤੋਂ ਦੂਰ ਨਾ ਹੋਣ। 41 ਮੈਂ ਉਹਨਾਂ ਦਾ ਭਲਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਾਂਗਾ ਅਤੇ ਉਹਨਾਂ ਨੂੰ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਇਸ ਧਰਤੀ ਵਿੱਚ ਨਿਸ਼ਚਤ ਰੂਪ ਵਿੱਚ ਲਗਾਵਾਂਗਾ।
42 "ਯਾਹਵੇਹ ਇਹੀ ਆਖਦਾ ਹੈ: ਜਿਵੇਂ ਮੈਂ ਇਨ੍ਹਾਂ ਲੋਕਾਂ ਉੱਤੇ ਇਹ ਸਾਰੀ ਵੱਡੀ ਬਿਪਤਾ ਲਿਆਂਦੀ ਹੈ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਉਹ ਸਾਰੀ ਖੁਸ਼ਹਾਲੀ ਦੇਵਾਂਗਾ ਜਿਸਦਾ ਮੈਂ ਉਹਨਾਂ ਨਾਲ ਵਾਅਦਾ ਕੀਤਾ ਹੈ। 43 ਇਸ ਦੇਸ਼ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ‘ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ। ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ 44 ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਹਸਤਾਖਰ ਕਰਨਗੇ, ਮੋਹਰਾਂ ਲਾਉਂਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮੈਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਾਹਵੇਹ ਦਾ ਵਾਕ ਹੈ।"