1 ਹੇ ਇਸਰਾਏਲ ਦੇ ਲੋਕੋ ਸੁਣੋ, ਯਾਹਵੇਹ ਤੁਹਾਨੂੰ ਕੀ ਆਖਦਾ ਹੈ। 2 ਯਾਹਵੇਹ ਇਸ ਤਰ੍ਹਾਂ ਆਖਦਾ ਹੈ:
"ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ
ਨਾ ਹੀ ਅਕਾਸ਼ ਵਿੱਚ ਨਿਸ਼ਾਨਾਂ ਤੋਂ ਘਬਰਾਓ,
ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ।
3 ਲੋਕਾਂ ਦੇ ਅਮਲ ਵਿਅਰਥ ਹਨ;
ਉਹਨਾਂ ਨੇ ਜੰਗਲ ਵਿੱਚੋਂ ਇੱਕ ਰੁੱਖ ਕੱਟਿਆ,
ਅਤੇ ਇੱਕ ਕਾਰੀਗਰ ਆਪਣੀ ਕੁਹਾੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ।
4 ਉਹ ਇਸ ਨੂੰ ਚਾਂਦੀ ਅਤੇ ਸੋਨੇ ਨਾਲ ਸਜਾਉਂਦੇ ਹਨ;
ਉਹ ਇਸ ਨੂੰ ਹਥੌੜੇ ਅਤੇ ਕਿੱਲਾਂ ਨਾਲ ਬੰਨ੍ਹਦੇ ਹਨ
ਤਾਂ ਕਿ ਇਹ ਟੁੱਟੇ ਨਾ।
5 ਖੀਰੇ ਦੇ ਖੇਤ ਵਿੱਚ ਖੜੇ ਪੁਤਲੇ ਵਾਂਗ
ਉਹਨਾਂ ਦੀਆਂ ਮੂਰਤੀਆਂ ਬੋਲ ਨਹੀਂ ਸਕਦੀਆਂ।
ਉਹਨਾਂ ਨੂੰ ਚੁੱਕਣਾ ਚਾਹੀਦਾ ਹੈ
ਕਿਉਂਕਿ ਉਹ ਤੁਰ ਨਹੀਂ ਸਕਦੇ।
ਉਹਨਾਂ ਤੋਂ ਨਾ ਡਰੋ;
ਉਹ ਕੋਈ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਕੋਈ ਭਲਾ ਕਰ ਸਕਦੇ ਹਨ।"
6 ਹੇ ਯਾਹਵੇਹ, ਤੇਰੇ ਵਰਗਾ ਕੋਈ ਨਹੀਂ;
ਤੂੰ ਮਹਾਨ ਹੈ,
ਅਤੇ ਤੇਰਾ ਨਾਮ ਸ਼ਕਤੀਸ਼ਾਲੀ ਹੈ।
7 ਹੇ ਕੌਮਾਂ ਦੇ ਪਾਤਸ਼ਾਹ,
ਤੇਰੇ ਕੋਲੋਂ ਕੌਣ ਨਹੀਂ ਡਰੇਗਾ?
ਕਿਉਂ ਜੋ ਤੂੰ ਇਸ ਜੋਗ ਹੈ।
ਕੌਮਾਂ ਦੇ ਸਾਰੇ ਬੁੱਧੀਮਾਨ ਆਗੂਆਂ ਵਿੱਚ
ਅਤੇ ਉਹਨਾਂ ਦੇ ਸਾਰੇ ਰਾਜਿਆਂ ਵਿੱਚ,
ਤੇਰੇ ਵਰਗਾ ਕੋਈ ਨਹੀਂ ਹੈ।
8 ਉਹ ਸਾਰੇ ਬੇਸਮਝ ਅਤੇ ਮੂਰਖ ਹਨ;
ਉਹਨਾਂ ਨੂੰ ਲੱਕੜ ਦੀਆਂ ਬੇਕਾਰ ਮੂਰਤੀਆਂ ਦੁਆਰਾ ਸਿਖਾਇਆ ਜਾਂਦਾ ਹੈ।
9 ਹਥੌੜੇ ਵਾਲੀ ਚਾਂਦੀ ਤਰਸ਼ੀਸ਼ ਤੋਂ
ਅਤੇ ਸੋਨਾ ਉਫਾਜ਼ ਤੋਂ ਲਿਆਇਆ ਜਾਂਦਾ ਹੈ।
ਕਾਰੀਗਰ ਅਤੇ ਸੁਨਿਆਰੇ ਨੇ ਜੋ ਕੁਝ ਬਣਾਇਆ ਹੈ
ਫਿਰ ਨੀਲੇ ਅਤੇ ਬੈਂਗਣੀ ਰੰਗ ਦੇ ਕੱਪੜੇ ਪਾਏ ਜਾਂਦੇ ਹਨ,
ਸਭ ਕੁਸ਼ਲ ਕਾਮਿਆਂ ਦੁਆਰਾ ਬਣਾਇਆ ਜਾਂਦਾ ਹੈ।
10 ਪਰ ਯਾਹਵੇਹ ਸੱਚਾ ਪਰਮੇਸ਼ਵਰ ਹੈ;
ਉਹ ਜੀਉਂਦਾ ਪਰਮੇਸ਼ਵਰ, ਸਦੀਪਕਾਲ ਦਾ ਰਾਜਾ ਹੈ।
ਜਦੋਂ ਉਹ ਗੁੱਸੇ ਹੁੰਦਾ ਹੈ, ਧਰਤੀ ਕੰਬਦੀ ਹੈ;
ਕੌਮਾਂ ਉਹ ਦੇ ਕ੍ਰੋਧ ਨੂੰ ਸਹਿ ਨਹੀਂ ਸਕਦੀਆਂ।
11 "ਉਹਨਾਂ ਨੂੰ ਇਹ ਦੱਸੋ: ‘ਇਹ ਦੇਵਤੇ, ਜਿਨ੍ਹਾਂ ਨੇ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਧਰਤੀ ਤੋਂ ਅਤੇ ਅਕਾਸ਼ ਦੇ ਹੇਠਾਂ ਤੋਂ ਨਾਸ਼ ਹੋ ਜਾਣਗੇ।’ "
12 ਪਰ ਪਰਮੇਸ਼ਵਰ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ;
ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ
ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ ਹੈ।
13 ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ;
ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ।
ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ,
ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।
14 ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ;
ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ,
ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ;
ਉਹਨਾਂ ਵਿੱਚ ਸਾਹ ਨਹੀਂ ਹੈ।
15 ਉਹ ਵਿਅਰਥ ਹਨ, ਮਖੌਲ ਦੀਆਂ ਵਸਤਾਂ ਹਨ;
ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।
16 ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ,
ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ,
ਇਸਰਾਏਲ ਸਮੇਤ, ਜੋ ਉਸ ਦੀ ਵਿਰਾਸਤ ਦੇ ਲੋਕ ਹਨ,
ਉਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।
17 ਤੁਸੀਂ ਜਿਹੜੇ ਘੇਰੇ ਵਿੱਚ ਰਹਿੰਦੇ ਹੋ,
ਜਗ੍ਹਾ ਨੂੰ ਛੱਡਣ ਲਈ ਆਪਣਾ ਸਮਾਨ ਇਕੱਠਾ ਕਰੋ।
18 ਕਿਉਂਕਿ ਯਾਹਵੇਹ ਇਹ ਆਖਦਾ ਹੈ:
"ਇਸ ਸਮੇਂ ਮੈਂ ਉਹਨਾਂ ਲੋਕਾਂ ਨੂੰ ਗੋਪੀਏ ਨਾਲ ਬਾਹਰ ਸੁੱਟ ਦਿਆਂਗਾ
ਜਿਹੜੇ ਇਸ ਧਰਤੀ ਵਿੱਚ ਰਹਿੰਦੇ ਹਨ;
ਮੈਂ ਉਹਨਾਂ ਉੱਤੇ ਬਿਪਤਾ ਲਿਆਵਾਂਗਾ ਤਾਂ ਜੋ ਉਹ ਫੜੇ ਜਾਣ।"
19 ਮੇਰੀ ਸੱਟ ਦੇ ਕਾਰਨ ਮੇਰੇ ਉੱਤੇ ਹਾਏ!
ਮੇਰਾ ਜ਼ਖ਼ਮ ਲਾਇਲਾਜ ਹੈ!
ਫਿਰ ਵੀ ਮੈਂ ਆਪਣੇ-ਆਪ ਨੂੰ ਕਿਹਾ,
"ਇਹ ਮੇਰਾ ਦੁੱਖ ਹੈ, ਅਤੇ ਮੈ ਇਸ ਨੂੰ ਸਹਿਣਾ ਕਰਾਂਗਾ।"
20 ਮੇਰਾ ਤੰਬੂ ਤਬਾਹ ਹੋ ਗਿਆ ਹੈ;
ਇਸ ਦੀਆਂ ਸਾਰੀਆਂ ਰੱਸੀਆਂ ਟੁੱਟ ਗਈਆਂ ਹਨ।
ਮੇਰੇ ਬੱਚੇ ਮੈਥੋਂ ਚਲੇ ਗਏ ਹਨ ਅਤੇ ਹੁਣ ਨਹੀਂ ਰਹੇ।
ਹੁਣ ਕੋਈ ਵੀ ਨਹੀਂ ਬਚਿਆ ਹੈ ਜੋ ਮੇਰਾ ਤੰਬੂ ਲਗਾਵੇ
ਜਾਂ ਮੇਰੀ ਪਨਾਹ ਲਗਾਉਣ ਬਣਾਵੇ।
21 ਚਰਵਾਹੇ ਬੇਸਮਝ ਹਨ
ਅਤੇ ਯਾਹਵੇਹ ਦੀ ਭਾਲ ਨਹੀਂ ਕੀਤੀ;
ਇਸ ਲਈ ਉਹ ਸਫ਼ਲ ਨਹੀਂ ਹੁੰਦੇ
ਅਤੇ ਉਹਨਾਂ ਦਾ ਸਾਰਾ ਇੱਜੜ ਖਿੱਲਰ ਗਿਆ।
22 ਸੁਣੋ! ਇੱਕ ਸੁਨੇਹੇ ਦੀ ਆਵਾਜ਼,
ਉੱਤਰ ਦੀ ਧਰਤੀ ਤੋਂ ਇੱਕ ਵੱਡਾ ਹੰਗਾਮਾ!
ਇਹ ਯਹੂਦਾਹ ਦੇ ਕਸਬਿਆਂ ਨੂੰ ਵਿਰਾਨ ਬਣਾ ਦੇਵੇਗਾ,
ਗਿੱਦੜਾਂ ਦਾ ਅੱਡਾ ਬਣਾ ਦੇਵੇਗਾ।
23 ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ;
ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।
24 ਹੇ ਯਾਹਵੇਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ,
ਆਪਣੇ ਕ੍ਰੋਧ ਨਾਲ ਨਹੀਂ,
ਨਹੀਂ ਤਾਂ ਤੂੰ ਮੈਨੂੰ ਮਿਟਾ ਦੇਵੇਂਗਾ।
25 ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਪਾ
ਜੋ ਤੈਨੂੰ ਨਹੀਂ ਮੰਨਦੀਆਂ,
ਉਹਨਾਂ ਕੌਮਾਂ ਉੱਤੇ ਜੋ ਤੇਰਾ ਨਾਮ ਨਹੀਂ ਲੈਂਦੀਆਂ।
ਕਿਉਂ ਜੋ ਉਹਨਾਂ ਨੇ ਯਾਕੋਬ ਨੂੰ ਖਾ ਲਿਆ ਹੈ;
ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਭੱਖ ਲਿਆ
ਅਤੇ ਉਸ ਦੇ ਵਤਨ ਨੂੰ ਤਬਾਹ ਕਰ ਦਿੱਤਾ।