Pular para o conteúdo
Publicidade

ਯਿਰਮਿਯਾਹ 19

1 ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: "ਜਾ ਅਤੇ ਘੁਮਿਆਰ ਤੋਂ ਇੱਕ ਮਿੱਟੀ ਦਾ ਘੜਾ ਖਰੀਦ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ 2 ਅਤੇ ਬੇਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਨੂੰ ਬੋਲ ਜਿਹੜੀਆਂ ਮੈਂ ਤੈਨੂੰ ਦੱਸਾਂਗਾ, 3 ਅਤੇ ਆਖਣਾ, ‘ਯਹੂਦਾਹ ਦੇ ਰਾਜੇ ਅਤੇ ਯੇਰੂਸ਼ਲੇਮ ਦੇ ਲੋਕੋ, ਪਰਮੇਸ਼ਵਰ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹੀ ਆਖਦਾ ਹੈ: ਸੁਣੋ! ਮੈਂ ਇਸ ਜਗ੍ਹਾ ਤੇ ਇੱਕ ਅਜਿਹੀ ਤਬਾਹੀ ਲਿਆਉਣ ਜਾ ਰਿਹਾ ਹਾਂ ਜਿਸ ਨੂੰ ਸੁਣਨ ਵਾਲੇ ਹਰ ਵਿਅਕਤੀ ਦੇ ਕੰਨ ਝੁਣਝੁਣਾ ਜਾਣਗੇ। 4 ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਇਸ ਨੂੰ ਵਿਦੇਸ਼ੀ ਦੇਵਤਿਆਂ ਦਾ ਸਥਾਨ ਬਣਾ ਦਿੱਤਾ ਹੈ। ਉਹਨਾਂ ਨੇ ਉਹਨਾਂ ਦੇਵਤਿਆਂ ਲਈ ਧੂਪ ਧੁਖਾਈ ਹੈ ਜਿਨ੍ਹਾਂ ਦਾ ਨਾ ਤਾਂ ਉਹਨਾਂ ਨੂੰ, ਨਾ ਉਹਨਾਂ ਦੇ ਪੁਰਖਿਆਂ ਅਤੇ ਨਾ ਹੀ ਯਹੂਦਾਹ ਦੇ ਰਾਜਿਆਂ ਨੂੰ ਕਦੇ ਪਤਾ ਸੀ ਅਤੇ ਉਹਨਾਂ ਨੇ ਇਸ ਥਾਂ ਨੂੰ ਨਿਰਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ। 5 ਉਹਨਾਂ ਨੇ ਬਆਲ ਦੇ ਉੱਚੇ-ਉੱਚੇ ਸਥਾਨ ਬਣਾਏ ਕਿ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਸ ਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ। 6 ਸੋ ਸਾਵਧਾਨ ਰਹੋ, ਉਹ ਦਿਨ ਆ ਰਹੇ ਹਨ, ਯਾਹਵੇਹ ਦਾ ਵਾਕ ਹੈ, ਜਦੋਂ ਲੋਕ ਇਸ ਥਾਂ ਨੂੰ ਤੋਫੇਥ ਜਾਂ ਬੇਨ-ਹਿੰਨੋਮ ਦੀ ਵਾਦੀ ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਹਿਣਗੇ।

7 " ‘ਇਸ ਜਗ੍ਹਾ ਮੈਂ ਯਹੂਦਾਹ ਅਤੇ ਯੇਰੂਸ਼ਲੇਮ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰ ਦਿਆਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਨਾਸ ਕਰ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ। 8 ਮੈਂ ਇਸ ਸ਼ਹਿਰ ਨੂੰ ਤਬਾਹ ਕਰ ਦਿਆਂਗਾ ਅਤੇ ਇਸ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼ ਬਣਾ ਦਿਆਂਗਾ; ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇ ਅਤੇ ਇਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ। 9 ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ, ਅਤੇ ਉਹ ਇੱਕ ਦੂਸਰੇ ਦਾ ਮਾਸ ਖਾਣਗੇ ਕਿਉਂਕਿ ਉਹਨਾਂ ਦੇ ਦੁਸ਼ਮਣ ਉਹਨਾਂ ਨੂੰ ਤਬਾਹ ਕਰਨ ਲਈ ਉਹਨਾਂ ਦੇ ਵਿਰੁੱਧ ਘੇਰਾਬੰਦੀ ਨੂੰ ਇੰਨੀ ਸਖ਼ਤ ਕਰਣਗੇ।’

10 "ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਘੜੇ ਨੂੰ ਭੰਨ ਸੁੱਟੀ, 11 ਅਤੇ ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ: ਮੈਂ ਇਸ ਕੌਮ ਅਤੇ ਇਸ ਸ਼ਹਿਰ ਨੂੰ ਉਸੇ ਤਰ੍ਹਾਂ ਭੰਨ ਦਿਆਂਗਾ ਜਿਵੇਂ ਇਹ ਘੁਮਿਆਰ ਦਾ ਘੜਾ ਤੋੜਿਆ ਜਾਵੇ ਅਤੇ ਮੁਰੰਮਤ ਨਾਲ ਠੀਕ ਨਹੀਂ ਹੋ ਸਕਦਾ। ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਹੀਂ ਬਚਦੀ। 12 ਮੈਂ ਇਸ ਸਥਾਨ ਅਤੇ ਇੱਥੇ ਰਹਿਣ ਵਾਲਿਆਂ ਲਈ ਇਹੀ ਕਰਾਂਗਾ, ਯਾਹਵੇਹ ਇਹ ਆਖਦਾ ਹੈ। ਮੈਂ ਇਸ ਸ਼ਹਿਰ ਨੂੰ ਤੋਫੇਥ ਵਰਗਾ ਬਣਾ ਦਿਆਂਗਾ। 13 ਯੇਰੂਸ਼ਲੇਮ ਵਿੱਚ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਇਸ ਸਥਾਨ, ਤੋਫੇਥ ਵਾਂਗ ਪਲੀਤ ਕੀਤੇ ਜਾਣਗੇ, ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ।’ "

14 ਤਦ ਯਿਰਮਿਯਾਹ ਤੋਫੇਥ ਤੋਂ ਵਾਪਸ ਆਇਆ, ਜਿੱਥੇ ਉਸਨੂੰ ਭਵਿੱਖਬਾਣੀ ਕਰਨ ਲਈ ਭੇਜਿਆ ਸੀ, ਅਤੇ ਯਾਹਵੇਹ ਦੀ ਹੈਕਲ ਦੇ ਵਿਹੜੇ ਵਿੱਚ ਖਲ੍ਹੋ ਗਿਆ ਅਤੇ ਸਾਰੇ ਲੋਕਾਂ ਨੂੰ ਕਿਹਾ, 15 "ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ, ‘ਸੁਣੋ! ਮੈਂ ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਉੱਤੇ ਹਰ ਬਿਪਤਾ ਲਿਆਉਣ ਜਾ ਰਿਹਾ ਹਾਂ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਈ ਸੀ, ਕਿਉਂਕਿ ਉਹ ਕਠੋਰ ਸਨ ਅਤੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਦੇ ਸਨ।’ "

Estes versículos te tocaram? Ore agora!

+581 estão orando agora.

Junte-se à corrente de oração.