Pular para o conteúdo
Publicidade

ਯਿਰਮਿਯਾਹ 14

ਸੋਕਾ, ਕਾਲ, ਤਲਵਾਰ

1 ਇਹ ਯਾਹਵੇਹ ਦਾ ਬਚਨ ਹੈ ਜੋ ਸੋਕੇ ਦੇ ਬਾਰੇ ਯਿਰਮਿਯਾਹ ਕੋਲ ਆਇਆ:

2 "ਯਹੂਦਾਹ ਸੋਗ ਕਰਦਾ ਹੈ,

ਉਸ ਦੇ ਸ਼ਹਿਰ ਸੁੰਨੇ ਪਏ ਹਨ;

ਉਹ ਧਰਤੀ ਲਈ ਵਿਰਲਾਪ ਕਰਦੇ ਹਨ,

ਅਤੇ ਯੇਰੂਸ਼ਲੇਮ ਵਿੱਚੋਂ ਇੱਕ ਚੀਕ ਉੱਠਦੀ ਹੈ।

3 ਪਤਵੰਤੇ ਆਪਣੇ ਸੇਵਕਾਂ ਨੂੰ ਪਾਣੀ ਲਈ ਭੇਜਦੇ ਹਨ;

ਉਹ ਚੁਬੱਚਿਆਂ ਵੱਲ ਜਾਂਦੇ ਹਨ

ਪਰ ਪਾਣੀ ਨਹੀਂ ਮਿਲਦਾ;

ਉਹ ਆਪਣੇ ਘੜੇ ਖਾਲੀ ਹੀ ਲੈ ਕੇ ਮੁੜਦੇ ਹਨ,

ਉਹ ਸ਼ਰਮਿੰਦੇ ਹੁੰਦੇ

ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ।

4 ਜ਼ਮੀਨ ਵਿੱਚ ਦਰਾਰ ਹੈ

ਕਿਉਂਕਿ ਜ਼ਮੀਨ ਉੱਤੇ ਮੀਂਹ ਨਹੀਂ ਪੈਂਦਾ;

ਕਿਸਾਨ ਨਿਰਾਸ਼ ਹਨ,

ਅਤੇ ਆਪਣੇ ਸਿਰ ਢੱਕਦੇ ਹਨ।

5 ਹਿਰਨੀ ਵੀ ਖੇਤ ਵਿੱਚ ਬੱਚੇ ਨੂੰ ਜਣਦੀ ਹੈ

ਅਤੇ ਬੱਚਾ ਉਜਾੜ ਵਿੱਚ ਛੱਡ ਜਾਂਦੀ ਹੈ

ਕਿਉਂਕਿ ਉੱਥੇ ਘਾਹ ਨਹੀਂ ਹੁੰਦਾ।

6 ਜੰਗਲੀ ਗਧੇ ਬੰਜਰ ਉਚਾਈਆਂ ਤੇ ਖੜ੍ਹੇ ਹਨ

ਅਤੇ ਗਿੱਦੜਾਂ ਵਾਂਗ ਘੁਰਕਦੇ ਹਨ;

ਉਹਨਾਂ ਦੀਆਂ ਅੱਖਾਂ

ਭੋਜਨ ਦੀ ਕਮੀ ਕਾਰਨ ਬੰਦ ਹੋ ਜਾਂਦੀਆਂ ਹਨ।"

7 ਭਾਵੇਂ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ,

ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਕੁਝ ਕਰ,

ਕਿਉਂਕਿ ਅਸੀਂ ਅਕਸਰ ਬਗਾਵਤ ਕੀਤੀ ਹੈ;

ਅਸੀਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ।

8 ਤੂੰ ਜਿਹੜਾ ਇਸਰਾਏਲ ਦੀ ਆਸ ਹੈ,

ਮੁਸੀਬਤ ਵਿੱਚ ਉਹ ਦਾ ਮੁਕਤੀਦਾਤਾ ਹੈ,

ਤੂੰ ਧਰਤੀ ਵਿੱਚ ਪਰਦੇਸੀ ਵਰਗਾ ਕਿਉਂ ਹੈ,

ਉਸ ਮੁਸਾਫ਼ਰ ਵਰਗਾ ਜੋ ਸਿਰਫ ਇੱਕ ਰਾਤ ਠਹਿਰਦਾ ਹੈ?

9 ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ?

ਉਸ ਸੂਰਮੇ ਵਾਂਗੂੰ ਜੋ ਬਚਾਉਣ ਦੀ ਸ਼ਕਤੀ ਨਹੀਂ ਰੱਖਦਾ?

ਤਾਂ ਵੀ ਹੇ ਯਾਹਵੇਹ, ਤੂੰ ਸਾਡੇ ਵਿਚਕਾਰ ਹੈ

ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ;

ਸਾਨੂੰ ਨਾ ਛੱਡ!

10 ਯਾਹਵੇਹ ਇਨ੍ਹਾਂ ਲੋਕਾਂ ਬਾਰੇ ਆਖਦਾ ਹੈ:

"ਉਹ ਭਟਕਣਾ ਬਹੁਤ ਪਸੰਦ ਕਰਦੇ ਹਨ;

ਉਹ ਆਪਣੇ ਪੈਰਾਂ ਨੂੰ ਨਹੀਂ ਰੋਕਦੇ।

ਇਸ ਲਈ ਯਾਹਵੇਹ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ;

ਉਹ ਹੁਣ ਉਹਨਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ

ਅਤੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।"

11 ਤਦ ਯਾਹਵੇਹ ਨੇ ਮੈਨੂੰ ਕਿਹਾ, "ਇਨ੍ਹਾਂ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਨਾ ਕਰ। 12 ਭਾਵੇਂ ਉਹ ਵਰਤ ਰੱਖਦੇ ਹਨ, ਮੈਂ ਉਹਨਾਂ ਦੀ ਦੁਹਾਈ ਨਹੀਂ ਸੁਣਾਂਗਾ; ਭਾਵੇਂ ਉਹ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਸਵੀਕਾਰ ਨਹੀਂ ਕਰਾਂਗਾ। ਸਗੋਂ ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਤਬਾਹ ਕਰ ਦਿਆਂਗਾ।"

13 ਪਰ ਮੈਂ ਕਿਹਾ, "ਹਾਏ, ਸਰਬਸ਼ਕਤੀਮਾਨ ਯਾਹਵੇਹ! ਨਬੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਨ, ‘ਤੁਸੀਂ ਨਾ ਤਲਵਾਰ ਵੇਖੋਂਗੇ ਅਤੇ ਨਾ ਹੀ ਕਾਲ ਝੱਲੋਗੇ। ਸੱਚਮੁੱਚ, ਮੈਂ ਤੁਹਾਨੂੰ ਇਸ ਸਥਾਨ ਵਿੱਚ ਸਥਾਈ ਸ਼ਾਂਤੀ ਦਿਆਂਗਾ।’ "

14 ਤਦ ਯਾਹਵੇਹ ਨੇ ਮੈਨੂੰ ਕਿਹਾ, "ਨਬੀ ਮੇਰੇ ਨਾਮ ਉੱਤੇ ਝੂਠੇ ਅਗੰਮਵਾਕ ਕਰਦੇ ਹਨ। ਮੈਂ ਉਹਨਾਂ ਨੂੰ ਨਾ ਭੇਜਿਆ ਹੈ, ਨਾ ਉਹਨਾਂ ਨੂੰ ਨਿਯੁਕਤ ਕੀਤਾ ਹੈ ਅਤੇ ਨਾ ਹੀ ਉਹਨਾਂ ਨਾਲ ਗੱਲ ਕੀਤੀ ਹੈ। ਉਹ ਤੁਹਾਡੇ ਲਈ ਝੂਠੇ ਦਰਸ਼ਨਾਂ, ਭਵਿੱਖਬਾਣੀਆਂ, ਮੂਰਤੀ ਪੂਜਾ ਅਤੇ ਆਪਣੇ ਮਨਾਂ ਦੇ ਭਰਮ ਦੀ ਭਵਿੱਖਬਾਣੀ ਕਰ ਰਹੇ ਹਨ। 15 ਇਸ ਲਈ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ ਜੋ ਮੇਰੇ ਨਾਮ ਲੈ ਕੇ ਭਵਿੱਖਬਾਣੀ ਕਰਦੇ ਹਨ: ਮੈਂ ਉਹਨਾਂ ਨੂੰ ਨਹੀਂ ਭੇਜਿਆ, ਪਰ ਉਹ ਫਿਰ ਵੀ ਕਹਿ ਰਹੇ ਹਨ, ‘ਕੋਈ ਤਲਵਾਰ ਜਾਂ ਕਾਲ ਇਸ ਧਰਤੀ ਨੂੰ ਨਹੀਂ ਛੂਹੇਗਾ।’ ਉਹੀ ਨਬੀ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ। 16 ਅਤੇ ਜਿਨ੍ਹਾਂ ਲੋਕਾਂ ਬਾਰੇ ਉਹ ਭਵਿੱਖਬਾਣੀ ਕਰ ਰਹੇ ਹਨ, ਉਹਨਾਂ ਨੂੰ ਕਾਲ ਅਤੇ ਤਲਵਾਰ ਦੇ ਕਾਰਨ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਸੁੱਟ ਦਿੱਤਾ ਜਾਵੇਗਾ। ਉਹਨਾਂ ਨੂੰ, ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਪੁੱਤਰਾਂ ਅਤੇ ਉਹਨਾਂ ਦੀਆਂ ਧੀਆਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਹੋਵੇਗਾ। ਮੈਂ ਉਹਨਾਂ ਉੱਤੇ ਉਹ ਬਿਪਤਾ ਪਾਵਾਂਗਾ ਜਿਸ ਦੇ ਉਹ ਹੱਕਦਾਰ ਹਨ।

17 "ਉਹਨਾਂ ਨੂੰ ਇਹ ਸ਼ਬਦ ਕਹੋ:

" ‘ਮੇਰੀਆਂ ਅੱਖਾਂ ਲਗਾਤਾਰ ਰਾਤ ਅਤੇ ਦਿਨ

ਹੰਝੂ ਵਹਾਉਣਗੀਆਂ ਅਤੇ ਰੁਕਣਗੀਆਂ ਨਹੀਂ;

ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀ

ਨੂੰ ਇੱਕ ਗੰਭੀਰ ਜ਼ਖ਼ਮ,

ਇੱਕ ਕੁਚਲਣ ਵਾਲਾ ਝਟਕਾ ਲੱਗਾ ਹੈ।

18 ਜੇਕਰ ਮੈਂ ਦੇਸ਼ ਵਿੱਚ ਜਾਵਾਂ,

ਮੈਂ ਉਹਨਾਂ ਨੂੰ ਤਲਵਾਰ ਨਾਲ ਵੱਢੇ ਹੋਏ ਵੇਖਦਾ ਹਾਂ;

ਜੇ ਮੈਂ ਸ਼ਹਿਰ ਵਿੱਚ ਜਾਵਾਂ,

ਮੈਂ ਕਾਲ ਦੀ ਤਬਾਹੀ ਵੇਖਦਾ ਹਾਂ।

ਨਬੀ ਅਤੇ ਜਾਜਕ

ਦੋਨੋਂ ਉਸ ਦੇਸ਼ ਵਿੱਚ ਗਏ ਹਨ ਜਿਸ ਨੂੰ ਉਹ ਨਹੀਂ ਜਾਣਦੇ ਸਨ।’ "

19 ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ?

ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ?

ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈ

ਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ?

ਅਸੀਂ ਸ਼ਾਂਤੀ ਦੀ ਆਸ ਰੱਖੀ

ਪਰ ਕੋਈ ਭਲਿਆਈ ਹੈ ਹੀ ਨਹੀਂ,

ਅਰੋਗਤਾ ਦੇ ਵੇਲੇ ਲਈ ਵੀ

ਪਰ ਸਿਰਫ ਦਹਿਸ਼ਤ ਹੀ ਸੀ।

20 ਹੇ ਯਾਹਵੇਹ, ਅਸੀਂ ਆਪਣੀ ਦੁਸ਼ਟਤਾ,

ਅਤੇ ਆਪਣੇ ਪੁਰਖਿਆਂ ਦੇ ਦੋਸ਼ ਨੂੰ ਸਵੀਕਾਰ ਕਰਦੇ ਹਾਂ;

ਅਸੀਂ ਸੱਚਮੁੱਚ ਤੇਰੇ ਵਿਰੁੱਧ ਪਾਪ ਕੀਤਾ ਹੈ।

21 ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ;

ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ।

ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖ

ਅਤੇ ਇਸ ਨੂੰ ਨਾ ਤੋੜ।

22 ਕੀ ਕੌਮਾਂ ਦੇ ਨਿਕੰਮੇ ਬੁੱਤਾਂ ਵਿੱਚੋਂ ਕੋਈ ਵਰਖਾ ਲਿਆਉਂਦਾ ਹੈ?

ਕੀ ਅਕਾਸ਼ ਖੁਦ ਹੀ ਵਰਖਾ ਕਰਦੇ ਹਨ?

ਹੇ ਯਾਹਵੇਹ ਸਾਡੇ ਪਰਮੇਸ਼ਵਰ, ਕੀ ਤੂੰ ਉਹ ਨਹੀਂ?

ਇਸ ਲਈ ਸਾਡੀ ਉਮੀਦ ਤੇਰੇ ਉੱਤੇ ਹੈ,

ਕਿਉਂਕਿ ਇਹ ਸਭ ਕੁਝ ਕਰਨ ਵਾਲੇ ਤੁਸੀਂ ਹੀ ਹੋ।

Estes versículos te tocaram? Ore agora!

+581 estão orando agora.

Junte-se à corrente de oração.