Publicidade

Jeremias 23

ਇੱਕ ਧਰਮੀ ਸ਼ਾਖਾ

1 "ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!" 2 ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, "ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ," ਯਾਹਵੇਹ ਦਾ ਵਾਕ ਹੈ। 3 "ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ। 4 ਮੈਂ ਉਹਨਾਂ ਉੱਤੇ ਚਰਵਾਹੇ ਰੱਖਾਂਗਾ ਜੋ ਉਹਨਾਂ ਦੀ ਦੇਖਭਾਲ ਕਰਨਗੇ ਅਤੇ ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ ਅਤੇ ਨਾ ਹੀ ਕੋਈ ਗੁੰਮ ਹੋਵੇਗਾ," ਯਾਹਵੇਹ ਦਾ ਵਾਕ ਹੈ।

5 "ਉਹ ਦਿਨ ਆ ਰਹੇ ਹਨ,

ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ,

ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾ

ਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।

6 ਉਸ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ

ਅਤੇ ਇਸਰਾਏਲ ਸੁਰੱਖਿਅਤ ਰਹੇਗਾ।

ਇਹ ਉਹ ਨਾਮ ਹੈ ਜਿਸ ਦੁਆਰਾ ਉਸਨੂੰ ਬੁਲਾਇਆ ਜਾਵੇਗਾ:

ਯਾਹਵੇਹ ਸਾਡਾ ਧਰਮ ਮੁਕਤੀਦਾਤਾ ਹੈ।

7 "ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ," ਯਾਹਵੇਹ ਦਾ ਵਾਕ ਹੈ, "ਜਦੋਂ ਲੋਕ ਫਿਰ ਇਹ ਨਾ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’ 8 ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।"

ਝੂਠੇ ਨਬੀ

9 ਮੈਂ ਇਹ ਨਬੀਆਂ ਬਾਰੇ ਕਹਾਂਗਾ:

ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ;

ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ।

ਮੈਂ ਇੱਕ ਸ਼ਰਾਬੀ ਆਦਮੀ ਵਰਗਾ ਹਾਂ,

ਇੱਕ ਤਾਕਤਵਰ ਆਦਮੀ ਵਰਗਾ ਜਿਸ ਨੂੰ ਸ਼ਰਾਬ ਨੇ ਕਾਬੂ ਵਿੱਚ ਕਰ ਲਿਆ ਹੋਵੇ,

ਯਾਹਵੇਹ ਅਤੇ ਉਸ ਦੇ

ਪਵਿੱਤਰ ਬਚਨਾਂ ਦੇ ਕਾਰਨ।

10 ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ;

ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ।

ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨ

ਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।

11 ਯਾਹਵੇਹ ਆਖਦਾ ਹੈ,

"ਨਬੀ ਅਤੇ ਪੁਜਾਰੀ ਦੋਵੇਂ ਅਧਰਮੀ ਹਨ;

ਮੈਂ ਆਪਣੇ ਮੰਦਰ ਵਿੱਚ ਵੀ ਉਹਨਾਂ ਦੀ ਬੁਰਾਈ ਵੇਖਦਾ ਹਾਂ।"

12 "ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਹਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ,

ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ,

ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ,

ਯਾਹਵੇਹ ਦਾ ਵਾਕ ਹੈ।"

13 "ਸਾਮਰਿਯਾ ਦੇ ਨਬੀਆਂ ਵਿੱਚ

ਮੈਂ ਇਹ ਘਿਣਾਉਣੀ ਚੀਜ਼ ਵੇਖੀ:

ਉਹਨਾਂ ਨੇ ਬਆਲ ਦੁਆਰਾ ਭਵਿੱਖਬਾਣੀ ਕੀਤੀ

ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾ ਦਿੱਤਾ।

14 ਯੇਰੂਸ਼ਲੇਮ ਦੇ ਨਬੀਆਂ ਵਿੱਚ

ਮੈਂ ਇੱਕ ਭਿਆਨਕ ਚੀਜ਼ ਵੇਖੀ ਹੈ:

ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ।

ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ,

ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ।

ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ;

ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।"

15 ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ:

"ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾ

ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ,

ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।"

16 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:

"ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ;

ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ।

ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ,

ਪਰ ਯਾਹਵੇਹ ਦੇ ਮੂੰਹੋਂ ਨਹੀਂ।

17 ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ,

‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’

ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨ

ਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’

18 ਪਰ ਉਹਨਾਂ ਵਿੱਚੋਂ ਕੌਣ ਯਾਹਵੇਹ ਦੀ ਸਭਾ ਵਿੱਚ ਉਸਦਾ ਬਚਨ ਵੇਖਣ ਜਾਂ

ਸੁਣਨ ਲਈ ਖੜ੍ਹਾ ਹੋਇਆ ਹੈ?

ਉਸ ਦਾ ਬਚਨ ਕਿਸ ਨੇ ਧਿਆਨ ਦਿੱਤਾ ਅਤੇ ਸੁਣਿਆ ਹੈ?

19 ਵੇਖੋ, ਯਾਹਵੇਹ ਦਾ ਤੂਫ਼ਾਨ

ਕ੍ਰੋਧ ਵਿੱਚ ਫੁੱਟੇਗਾ,

ਦੁਸ਼ਟਾਂ ਦੇ ਸਿਰਾਂ ਉੱਤੇ

ਇੱਕ ਤੂਫ਼ਾਨ ਆਵੇਗਾ।

20 ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾ

ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ

ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ।

ਆਉਣ ਵਾਲੇ ਦਿਨਾਂ ਵਿੱਚ

ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।

21 ਮੈਂ ਇਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ,

ਫਿਰ ਵੀ ਉਹ ਆਪਣੇ ਸੰਦੇਸ਼ ਨਾਲ ਭੱਜੇ ਹਨ;

ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ,

ਤਾਂ ਵੀ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ।

22 ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ,

ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ,

ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂ

ਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।

23 "ਕੀ ਮੈਂ ਨੇੜੇ ਦਾ ਹੀ ਪਰਮੇਸ਼ਵਰ ਹਾਂ,"

"ਅਤੇ ਦੂਰ ਦਾ ਪਰਮੇਸ਼ਵਰ ਨਹੀਂ ਹਾਂ?

ਯਾਹਵੇਹ ਦਾ ਵਾਕ ਹੈ?

24 ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ

ਕਿ ਮੈਂ ਉਹ ਨੂੰ ਨਾ ਵੇਖਾਂ?"

ਯਾਹਵੇਹ ਦਾ ਵਾਕ ਹੈ।

"ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?" ਯਾਹਵੇਹ ਦਾ ਵਾਕ ਹੈ।

25 "ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’ 26 ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ? 27 ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ। 28 ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?" ਯਾਹਵੇਹ ਦਾ ਵਾਕ ਹੈ। 29 "ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?

30 "ਇਸ ਲਈ," ਯਾਹਵੇਹ ਦਾ ਵਾਕ ਹੈ, "ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ ਜੋ ਮੇਰੇ ਬਚਨ ਇੱਕ ਦੂਸਰੇ ਤੋਂ ਚੋਰੀ ਕਰਦੇ ਹਨ। 31 ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, ‘ਯਾਹਵੇਹ ਦਾ ਵਾਕ।’ 32 ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ," ਯਾਹਵੇਹ ਦਾ ਵਾਕ ਹੈ। "ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ," ਯਾਹਵੇਹ ਦਾ ਵਾਕ ਹੈ।

ਝੂਠੀ ਭਵਿੱਖਬਾਣੀ

33 "ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’ 34 ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ। 35 ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ‘ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਕੀ ਬੋਲਿਆ ਹੈ?’ 36 ਪਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ‘ਕਿ ਯਾਹਵੇਹ ਦੇ ਸੰਦੇਸ਼ ਦਾ ਦੁਬਾਰਾ ਜ਼ਿਕਰ ਕਰੋ, ਕਿਉਂਕਿ ਹਰੇਕ ਦਾ ਸ਼ਬਦ ਉਹਨਾਂ ਦਾ ਆਪਣਾ ਸੰਦੇਸ਼ ਬਣ ਜਾਂਦਾ ਹੈ। ਇਸ ਲਈ ਤੁਸੀਂ ਜਿਉਂਦੇ ਪਰਮੇਸ਼ਵਰ, ਸਰਵਸ਼ਕਤੀਮਾਨ, ਸਾਡੇ ਪਰਮੇਸ਼ਵਰ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋ। 37 ਤੂੰ ਨਬੀ ਨੂੰ ਇਸ ਤਰ੍ਹਾਂ ਆਖ, ਤੈਨੂੰ ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਦਾ ਕੀ ਬਚਨ ਹੈ?’ 38 ਭਾਵੇਂ ਤੁਸੀਂ ਦਾਅਵਾ ਕਰਦੇ ਹੋ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਤੁਸੀਂ ਇਨ੍ਹਾਂ ਸ਼ਬਦਾਂ ਨੂੰ ਵਰਤਦੇ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਭਾਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ।’ 39 ਇਸ ਲਈ, ਮੈਂ ਤੁਹਾਨੂੰ ਜ਼ਰੂਰ ਭੁੱਲ ਦਿਆਂਗਾ ਅਤੇ ਤੁਹਾਨੂੰ ਉਸ ਸ਼ਹਿਰ ਦੇ ਨਾਲ-ਨਾਲ ਆਪਣੀ ਹਜ਼ੂਰੀ ਵਿੱਚੋਂ ਵੀ ਬਾਹਰ ਕੱਢ ਦਿਆਂਗਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। 40 ਮੈਂ ਤੁਹਾਡੇ ਉੱਤੇ ਸਦਾ ਦੀ ਬੇਇੱਜ਼ਤੀ ਲਿਆਵਾਂਗਾ ਸਦੀਪਕ ਸ਼ਰਮ ਜੋ ਭੁੱਲੀ ਨਹੀਂ ਜਾਵੇਗੀ।"

Veja também

Publicidade
Bíblia Online Bíblia Online

Bíblia Online • Versão: 2026-06-18_14-04-22-