Pular para o conteúdo
Publicidade

ਯਿਰਮਿਯਾਹ 2

ਇਸਰਾਏਲ ਦਾ ਪਰਮੇਸ਼ਵਰ ਨੂੰ ਤਿਆਗਣਾ

1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਕਿ ਜਾ ਅਤੇ ਯੇਰੂਸ਼ਲੇਮ ਵਿੱਚ ਪੁਕਾਰ ਅਤੇ ਆਖੋ:

"ਯਾਹਵੇਹ ਇਸ ਤਰ੍ਹਾਂ ਆਖਦਾ ਹੈ:

" ‘ਮੈਨੂੰ ਤੇਰੀ ਜਵਾਨੀ ਦੀ ਸ਼ਰਧਾ ਯਾਦ ਹੈ,

ਤੂੰ ਇੱਕ ਲਾੜੀ ਵਾਂਗ ਮੈਨੂੰ ਪਿਆਰ ਕੀਤਾ

ਅਤੇ ਉਜਾੜ ਜ਼ਮੀਨ ਵਿੱਚ ਮੇਰੇ ਪਿੱਛੇ ਚੱਲੀ,

ਉਸ ਜ਼ਮੀਨ ਵਿੱਚ ਜਿੱਥੇ ਬੀਜਿਆ ਨਹੀਂ ਗਿਆ ਸੀ।

3 ਇਸਰਾਏਲ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ,

ਅਤੇ ਉਹ ਯਾਹਵੇਹ ਦੇ ਲਈ ਫ਼ਸਲ ਦਾ ਪਹਿਲਾ ਫਲ ਸੀ;

ਉਸ ਨੂੰ ਨਿਗਲਣ ਵਾਲੇ ਸਾਰੇ, ਦੋਸ਼ੀ ਠਹਿਰਾਏ ਗਏ,

ਅਤੇ ਬਿਪਤਾ ਨੇ ਉਹਨਾਂ ਨੂੰ ਘੇਰ ਲਿਆ।’ "

ਯਾਹਵੇਹ ਦਾ ਇਹ ਵਾਕ ਹੈ।

4 ਹੇ ਯਾਕੋਬ ਦੀ ਸੰਤਾਨ, ਹੇ ਇਸਰਾਏਲ ਦੇ ਸਾਰੇ ਘਰਾਣੇ,

ਯਾਹਵੇਹ ਦਾ ਬਚਨ ਸੁਣੋ।

5 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਗਲਤ ਵੇਖਿਆ,

ਕਿ ਉਹ ਮੇਰੇ ਤੋਂ ਦੂਰ ਚਲੇ ਗਏ?

ਉਹ ਨਿਕੰਮੇ ਬੁੱਤਾਂ ਦੇ ਮਗਰ ਲੱਗੇ

ਅਤੇ ਆਪਣੇ ਆਪ ਨਿਕੰਮੇ ਹੋ ਗਏ।

6 ਉਹਨਾਂ ਨੇ ਇਹ ਨਹੀਂ ਪੁੱਛਿਆ, ‘ਯਾਹਵੇਹ ਕਿੱਥੇ ਹੈ,

ਜੋ ਸਾਨੂੰ ਮਿਸਰ ਦੇਸ਼ ਤੋਂ ਉਤਾਹ ਲਿਆਇਆ

ਅਤੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ,

ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ,

ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ,

ਉਹ ਧਰਤੀ ਜਿਸ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ?’

7 ਮੈਂ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆਂਦਾ

ਤਾਂ ਜੋ ਉਸ ਦੇ ਫਲ ਅਤੇ ਭਰਪੂਰ ਉਪਜ ਖਾ ਸਕੋ।

ਪਰ ਤੁਸੀਂ ਆ ਕੇ ਮੇਰੀ ਧਰਤੀ ਨੂੰ ਪਲੀਤ ਕੀਤਾ

ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਬਣਾਇਆ।

8 ਜਾਜਕਾਂ ਨੇ ਇਹ ਨਹੀਂ ਪੁੱਛਿਆ,

‘ਯਾਹਵੇਹ ਕਿੱਥੇ ਹੈ?’

ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ;

ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ,

ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮਵਾਕ ਕੀਤਾ,

ਨਿਕੰਮੀਆਂ ਮੂਰਤੀਆਂ ਦੇ ਮਗਰ ਲੱਗ ਗਏ।

9 "ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ,"

ਯਾਹਵੇਹ ਦਾ ਵਾਕ ਹੈ।

"ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।

10 ਸਮੁੰਦਰ ਪਾਰ ਕਰੋ ਅਤੇ ਕਿੱਤੀਮ ਦੇ ਤੱਟਵਰਤੀ ਖੇਤਰਾਂ ਨੂੰ ਦੇਖੋ,

ਕੇਦਾਰ ਨੂੰ ਭੇਜੋ ਅਤੇ ਧਿਆਨ ਨਾਲ ਸੋਚੋ;

ਅਤੇ ਇਹ ਪਤਾ ਲਗਾਓ ਕਿ ਕੀ ਅਜਿਹਾ ਕਦੇ ਹੋਇਆ ਹੈ:

11 ਕੀ ਕਿਸੇ ਵੀ ਕੌਮ ਨੇ ਕਦੀ ਆਪਣੇ ਦੇਵਤਿਆਂ ਨੂੰ ਬਦਲਿਆ ਹੈ?

ਭਾਵੇਂ ਉਹ ਅਸਲੀ ਦੇਵਤੇ ਨਹੀਂ ਹਨ।

ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ

ਨਿਕੰਮੀਆਂ ਮੂਰਤੀਆਂ ਦੇ ਲਈ ਬਦਲ ਦਿੱਤਾ ਹੈ।

12 ਹੇ ਅਕਾਸ਼, ਇਸ ਤੋਂ ਘਬਰਾਓ,

ਅਤੇ ਬਹੁਤ ਡਰ ਨਾਲ ਕੰਬ ਜਾਓ,"

ਯਾਹਵੇਹ ਦਾ ਵਾਕ ਹੈ।

13 "ਮੇਰੇ ਲੋਕਾਂ ਨੇ ਦੋ ਪਾਪ ਕੀਤੇ ਹਨ:

ਉਹਨਾਂ ਨੇ ਜੀਉਂਦੇ ਪਾਣੀ ਦੇ ਚਸ਼ਮਾ ਨੂੰ

ਤਿਆਗ ਦਿੱਤਾ ਹੈ,

ਅਤੇ ਆਪਣੇ ਖੁਦ ਦੇ ਟੋਏ ਪੁੱਟ ਲਏ ਹਨ,

ਟੁੱਟੇ ਹੋਏ ਟੋਏ ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।

14 ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ?

ਉਹ ਕਿਉਂ ਲੁੱਟ ਦਾ ਮਾਲ ਬਣਿਆ?

15 ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ,

ਉਹਨਾਂ ਨੇ ਆਪਣੀ ਆਵਾਜ਼ ਕੱਢੀ,

ਉਹਨਾਂ ਨੇ ਉਸਦੀ ਧਰਤੀ ਨੂੰ ਉਜਾੜ ਦਿੱਤਾ ਹੈ।

ਉਹ ਦੇ ਨਗਰ ਸਾੜੇ ਗਏ ਅਤੇ ਨਾਸ਼ ਹੋ ਗਏ।

16 ਨਾਲੇ ਨੋਫ਼ ਅਤੇ ਤਾਹਪਨਹੇਸ ਨੇ

ਤੇਰੇ ਸਿਰ ਦੀ ਖੋਪੜੀ ਭੰਨੀ।

17 ਕੀ ਤੂੰ ਆਪ ਹੀ ਇਸ ਬਿਪਤਾ ਨੂੰ ਆਪਣੇ ਉੱਤੇ ਨਹੀਂ ਲਿਆਏ,

ਜਦ ਯਾਹਵੇਹ ਤੈਨੂੰ ਰਾਹ ਵਿੱਚ ਲਈ ਜਾਂਦਾ ਸੀ?

ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ।

18 ਹੁਣ ਨੀਲ ਨਦੀ ਦਾ ਪਾਣੀ ਪੀਣ ਲਈ

ਮਿਸਰ ਕਿਉਂ ਜਾਵਾਂ?

ਅਤੇ ਫ਼ਰਾਤ ਨਦੀ ਦਾ ਪਾਣੀ ਪੀਣ ਲਈ ਅੱਸ਼ੂਰ ਕਿਉਂ ਜਾਵਾਂ?

ਕੀ ਤੁਹਾਡਾ ਮਕਸਦ ਨਦੀ ਦਾ ਪਾਣੀ ਪੀਣਾ ਹੈ?

19 ਤੁਹਾਡੀ ਦੁਸ਼ਟਤਾ ਤੁਹਾਨੂੰ ਸਜ਼ਾ ਦੇਵੇਗੀ;

ਤੁਹਾਡਾ ਫਿਰ ਜਾਣਾ ਤੁਹਾਨੂੰ ਝਿੜਕੇਗਾ।

ਤਾਂ ਸੋਚੋ ਅਤੇ ਸਮਝੋ

ਇਹ ਤੁਹਾਡੇ ਲਈ ਕਿੰਨਾ ਬੁਰਾ ਅਤੇ ਕੌੜਾ ਹੈ

ਜਦੋਂ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਤਿਆਗ ਦਿੱਤਾ,"

ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

20 "ਬਹੁਤ ਸਮਾਂ ਪਹਿਲਾਂ ਤੂੰ ਆਪਣੇ ਜੂਲੇ ਨੂੰ ਤੋੜ ਲਿਆ ਸੀ

ਅਤੇ ਆਪਣੇ ਬੰਧਨਾਂ ਨੂੰ ਤੋੜ ਦਿੱਤਾ ਸੀ;

ਤੂੰ ਕਿਹਾ, ‘ਮੈਂ ਤੇਰੀ ਸੇਵਾ ਨਹੀਂ ਕਰਾਂਗਾ!’

ਸੱਚਮੁੱਚ, ਹਰ ਉੱਚੇ ਟਿੱਬੇ

ਅਤੇ ਹਰ ਫੈਲੇ ਰੁੱਖ ਦੇ ਹੇਠਾਂ

ਤੁਸੀਂ ਵੇਸਵਾ ਵਾਂਗ ਲੇਟ ਗਏ ਹੋ।

21 ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ

ਜੋ ਖਾਲ਼ਸ ਬੀਜ ਤੋਂ ਸੀ।

ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ

ਕੁੰਬਲਾਂ ਵਿੱਚ ਬਦਲ ਗਈ?

22 ਭਾਵੇਂ ਤੂੰ ਆਪਣੇ ਆਪ ਨੂੰ ਸਾਬਣ ਨਾਲ ਧੋਵੇਂ

ਅਤੇ ਬਹੁਤ ਸਾਰੇ ਸਾਬਣ ਦੀ ਵਰਤੋਂ ਕਰਦੇ ਹੋ,

ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ,"

ਪ੍ਰਭੂ ਯਾਹਵੇਹ ਦਾ ਵਾਕ ਹੈ।

23 "ਤੁਸੀਂ ਕਿਵੇਂ ਕਹਿ ਸਕਦੇ ਹੋ, ‘ਮੈਂ ਅਸ਼ੁੱਧ ਨਹੀਂ ਹਾਂ;

ਮੈਂ ਬਆਲ ਦੇ ਪਿੱਛੇ ਨਹੀਂ ਭੱਜਿਆ’?

ਵੇਖੋ ਕਿ ਤੁਸੀਂ ਘਾਟੀ ਵਿੱਚ ਕਿਵੇਂ ਵਿਹਾਰ ਕੀਤਾ;

ਇਸ ਬਾਰੇ ਵਿਚਾਰ ਕਰੋ ਕਿ ਤੁਸੀਂ ਕੀ ਕੀਤਾ ਹੈ।

ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈ,

24 ਤੁਸੀਂ ਉਸ ਜੰਗਲੀ ਖੋਤੀ ਵਰਗੇ ਹੋ ਜਿਹੜੀ ਜੰਗਲਾਂ ਵਿੱਚ ਪਲੀ ਹੈ,

ਆਪਣੀ ਲਾਲਸਾ ਵਿੱਚ ਹਵਾ ਨੂੰ ਸੁੰਘਦੀ ਹੈ,

ਉਸਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ?

ਉਸ ਨੂੰ ਚਾਹੁਣ ਵਾਲਿਆਂ ਨੂੰ ਖੋਜਣ ਦੀ ਲੋੜ ਨਹੀਂ,

ਕਿਉਂਕਿ ਉਹ ਉਹਨਾਂ ਕੋਲ ਦੌੜਦੀ ਹੈ!

25 ਤੁਸੀਂ ਕਦੋਂ ਦੌੜਨਾ ਬੰਦ ਕਰੋਗੇ? ਜਦੋਂ ਤੱਕ ਤੁਹਾਡੇ ਪੈਰ ਨੰਗੇ ਨਾ ਹੋਣ

ਅਤੇ ਤੁਸੀਂ ਹੋਰ ਦੇਵਤਿਆਂ ਦੇ ਪਿੱਛੇ ਹਟਣਾ ਕਦੋਂ ਬੰਦ ਕਰੋਗੇ?

ਪਰ ਤੁਸੀਂ ਕਹਿੰਦੇ ਹੋ, ‘ਆਪਣਾ ਸਾਹ ਬਚਾਓ!

ਮੈਨੂੰ ਇਨ੍ਹਾਂ ਵਿਦੇਸ਼ੀ ਦੇਵਤਿਆਂ ਨਾਲ ਪਿਆਰ ਹੈ,

ਅਤੇ ਮੈਂ ਹੁਣ ਉਹਨਾਂ ਨੂੰ ਪਿਆਰ ਕਰਨਾ ਬੰਦ ਨਹੀਂ ਕਰ ਸਕਦਾ!’

26 "ਜਿਵੇਂ ਚੋਰ ਫੜੇ ਜਾਣ ਤੇ ਬਦਨਾਮ ਕੀਤਾ ਜਾਂਦਾ ਹੈ,

ਇਸੇ ਤਰ੍ਹਾਂ ਇਸਰਾਏਲ ਦੇ ਲੋਕ, ਉਹਨਾਂ ਦੇ ਰਾਜੇ ਅਤੇ ਉਹਨਾਂ ਦੇ ਅਧਿਕਾਰੀ,

ਉਹਨਾਂ ਦੇ ਜਾਜਕ ਅਤੇ ਉਹਨਾਂ ਦੇ ਨਬੀ ਬਦਨਾਮ ਹੁੰਦੇ ਹਨ।

27 ਉਹ ਲੱਕੜ ਨੂੰ ਕਹਿੰਦੇ ਹਨ, ‘ਤੂੰ ਮੇਰਾ ਪਿਤਾ ਹੈ,’

ਅਤੇ ਪੱਥਰ ਨੂੰ, ‘ਤੂੰ ਮੈਨੂੰ ਜਨਮ ਦਿੱਤਾ ਹੈ।’

ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ;

ਅਤੇ ਆਪਣਾ ਮੂੰਹ ਨਹੀਂ

ਫਿਰ ਵੀ ਜਦੋਂ ਉਹ ਮੁਸੀਬਤ ਵਿੱਚ ਹੁੰਦੇ ਹਨ, ਉਹ ਕਹਿੰਦੇ ਹਨ,

‘ਆ ਅਤੇ ਸਾਨੂੰ ਬਚਾ!’

28 ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ?

ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ

ਤੈਨੂੰ ਬਚਾ ਸਕਣ,

ਹੇ ਯਹੂਦਾਹ, ਜਿੰਨੇ ਕੁ ਤੇਰੇ ਸ਼ਹਿਰ ਹਨ,

ਓਨ੍ਹੇ ਤੇਰੇ ਦੇਵਤੇ ਹਨ!

29 "ਤੁਸੀਂ ਕਿਉਂ ਮੇਰੇ ਨਾਲ ਝਗੜੋਗੇ?

ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ,"

ਯਾਹਵੇਹ ਦਾ ਵਾਕ ਹੈ।

30 "ਮੈਂ ਤੁਹਾਡੇ ਲੋਕਾਂ ਨੂੰ ਵਿਅਰਥ ਸਜ਼ਾ ਦਿੱਤੀ।

ਉਹਨਾਂ ਨੇ ਸੁਧਾਰ ਦਾ ਜਵਾਬ ਨਹੀਂ ਦਿੱਤਾ।

ਤੇਰੀ ਤਲਵਾਰ ਨੇ ਤੁਹਾਡੇ ਨਬੀਆਂ ਨੂੰ

ਪਾਗਲ ਸ਼ੇਰ ਵਾਂਗ ਖਾ ਲਿਆ ਹੈ।

31 "ਇਸ ਪੀੜ੍ਹੀ ਦੇ ਲੋਕੋ, ਯਾਹਵੇਹ ਦੇ ਬਚਨ ਨੂੰ ਧਿਆਨ ਵਿੱਚ ਰੱਖੋ:

"ਕੀ ਮੈਂ ਇਸਰਾਏਲ ਲਈ ਉਜਾੜ ਵਾਂਗ ਰਿਹਾ ਹਾਂ?

ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ?

ਮੇਰੇ ਲੋਕ ਕਿਉਂ ਕਹਿੰਦੇ ਹਨ, ‘ਅਸੀਂ ਘੁੰਮਣ ਲਈ ਅਜ਼ਾਦ ਹਾਂ;

ਅਸੀਂ ਤੁਹਾਡੇ ਕੋਲ ਹੋਰ ਨਹੀਂ ਆਵਾਂਗੇ’?

32 ਕੀ ਇੱਕ ਮੁਟਿਆਰ ਆਪਣੇ ਗਹਿਣੇ ਭੁੱਲ ਜਾਂਦੀ ਹੈ,

ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ?

ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ

ਮੈਨੂੰ ਭੁਲਾ ਛੱਡਿਆ ਹੈ।

33 ਤੁਸੀਂ ਪਿਆਰ ਦਾ ਪਿੱਛਾ ਕਰਨ ਵਿੱਚ ਕਿੰਨੇ ਕੁ ਹੁਨਰਮੰਦ ਹੋ!

ਸਭ ਤੋਂ ਭੈੜੀਆਂ ਔਰਤਾਂ ਵੀ ਤੁਹਾਡੇ ਤਰੀਕਿਆਂ ਤੋਂ ਸਿੱਖ ਸਕਦੀਆਂ ਹਨ।

34 ਤੇਰੇ ਕੱਪੜਿਆਂ ਉੱਤੇ

ਨਿਰਦੋਸ਼ ਗਰੀਬਾਂ ਦਾ ਲਹੂ ਪਾਇਆ ਹੋਇਆ ਹੈ,

ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਤੁਹਾਡੇ ਘਰ ਵੜ ਗਏ।

35 ਤੂੰ ਆਖਿਆ, ‘ਮੈਂ ਨਿਰਦੋਸ਼ ਹਾਂ;

ਉਹ ਮੇਰੇ ਨਾਲ ਨਾਰਾਜ਼ ਨਹੀਂ ਹੈ।’

ਪਰ ਮੈਂ ਤੁਹਾਨੂੰ ਸਜ਼ਾ ਸੁਣਾਵਾਂਗਾ

ਕਿਉਂਕਿ ਤੂੰ ਆਖਿਆ, ‘ਮੈਂ ਪਾਪ ਨਹੀਂ ਕੀਤਾ।’

36 ਤੂੰ ਆਪਣਾ ਰਾਹ ਬਦਲਣ ਲਈ

ਕਿਉਂ ਬਹੁਤ ਬੇਚੈਨ ਫਿਰਦਾ?

ਤੁਸੀਂ ਮਿਸਰ ਤੋਂ ਲੱਜਿਆਵਾਨ ਹੋਵੋਂਗੇ

ਜਿਵੇਂ ਤੁਸੀਂ ਅੱਸ਼ੂਰ ਤੋਂ ਸੀ।

37 ਤੁਸੀਂ ਵੀ ਆਪਣੇ ਸਿਰ ਉੱਤੇ ਹੱਥ ਰੱਖ ਕੇ

ਉਸ ਥਾਂ ਨੂੰ ਛੱਡ ਦਿਓਗੇ,

ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ;

ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

Estes versículos te tocaram? Ore agora!

+581 estão orando agora.

Junte-se à corrente de oração.